(ਸਮਾਜ ਵੀਕਲੀ)
ਅਸੀਂ ਕਬਰੀਂ ਉੱਗੇ ਘਾਹ ਵਾਂਗੂੰ,
ਸਾਨੂੰ ਮਾਹੀ ਵੇਖਣ ਆਇਆ ਨਾ।
ਅਸੀਂ ਮੁੜ-ਮੁੜ ਉੱਗਦੇ-ਸੁੱਕਦੇ ਰਹੇ,
ਮਹਿਰਮ ਨੇ ਫੇਰਾ ਪਾਇਆ ਨਾ।
ਅਸੀਂ ਇਸ਼ਕ ਦੇ ਬਾਗ਼-ਬਗੀਚੇ ‘ਚੋਂ,
ਸਭ ਹੁਸਨਾਂ ਦੇ ਫੁੱਲ ਝਾੜ ਲਏ।
ਸਾਨੂੰ ਮਾਲੀ ਸਿੰਜਣ ਆਇਆ ਨਾ,
ਅਸੀਂ ਲੱਗੇ ਬਾਗ਼ ਉਜਾੜ ਲਏ।
ਸਾਡਾ ਸਾਕ-ਸ਼ਰੀਕਾ ਏਦਾਂ ਦਾ,
ਜਿਵੇਂ ਬੱਦਲ਼ ਵਿਚ ਹਵਾ ਰਹਿੰਦਾ।
ਸਾਨੂੰ ਇਸ਼ਕ ਕਲ਼ਾਵੇ ਇੰਞ ਵਲ਼ਿਆ,
ਜਿਵੇਂ ਮੂਸਾ ਨਾਲ਼ ਖ਼ੁਦਾ ਰਹਿੰਦਾ।
ਅਸੀਂ ਕਿਵੇਂ ਟਿਕਾਣੇ ਲੱਗਣਾ ਏਂ,
ਸਾਨੂੰ ਇਲਮ ਕਿਸੇ ਸਮਝਾਇਆ ਨਾ।
ਅਸੀਂ ਆਪਣੇ ਰਸਤੇ ਆਪ ਚੁਣੇ,
ਸਾਨੂੰ ਲੀਹ ‘ਤੇ ਤੁਰਨਾ ਆਇਆ ਨਾ।
ਅਸੀਂ ਬਿਰਹੇ ਦਾ ਮੁੱਖ ਧੋਂਦੇ ਰਹੇ,
ਸਾਡੇ ਨੈਣੋਂ ਸੁੱਕਦਾ ਆਬ ਗਿਆ ।
ਸਾਨੂੰ ਏਦਾਂ ਵੰਡਿਆ ਦੁਨੀਆ ਨੇ,
ਜੀਕਣ ਵੰਡਿਆ ਪੰਜਾਬ ਗਿਆ ।
ਸਾਡੀ ਹਿੱਕੜੀ ਵਿਚ ਸਿਆਲ਼ ਪਿਆ,
ਦਿਲ ਕੰਬਿਆ ਤੇ ਕੁਰਲਾਇਆ ਏ।
ਸਾਨੂੰ ਸੂਰਜ ਧੁੱਪਾਂ ਨਿਘੀਆਂ ਦਾ,
ਨਜ਼ਰਾਨਾ ਦੇਵਣ ਆਇਆ ਏ।
ਸਾਡੇ ਪੈਰੀਂ ਸਗਲੇ ਚੁਭਦੇ ਨੇ,
ਜੋ ਖੇੜਿਆਂ ਵੱਲੋਂ ਪਾਏ ਨੇ।
ਸਾਡੇ ਸਿਰ ਤੋਂ ਇਸ਼ਕ ਉਤਾਰਨ ਲਈ,
ਵੱਗ ਮਾਂਦਰੀਆ ਦੇ ਆਏ ਨੇ।
ਅਸੀਂ ਚੂਚਕ ਦੇ ਸ਼ਮਲੇ ਵਿਚਲੇ,
ਮਾਵੇ ਦੀ ਹਾਮੀ ਭਰ ਬੈਠੇ।
ਹੁਣ ਹੁਕਮ-ਤਲਾਫ਼ੀ ਨਹੀਂ ਹੋਣੀ,
ਅਸੀਂ ਕੌਲ ਅਵੱਲਾ ਕਰ ਬੈਠੇ।
ਸਾਨੂੰ ਆਖ ਕੇ ਸੁਰਮਾ ਨੈਣਾਂ ਦਾ,
ਕਿਸੇ ਰੜਕ ਮਾਰ ਕੇ ਪਾਇਆ ਏ।
ਕਿਸੇ ਟਿੱਲੇ ਬੈਠੇ ਜੋਗੀ ਨੂੰ,
ਬੇਲੇ ਦਾ ਚੇਤਾ ਆਇਆ ਏ।
ਕਾਸੇ ‘ਚੋਂ ਯਾਰ ਨੂੰ ਤੱਕਿਆ ਏ,
ਮੋਢੇ ‘ਤੇ ਬਗ਼ਲ਼ੀ ਪਾਈ ਏ।
ਸੁਫਨੇ ਦੇ ਵਿੱਚੋਂ ਜਾਗੇ ਹਾਂ,
ਬੁੱਲ੍ਹਾਂ ਨੂੰ ਵੰਝਲ਼ੀ ਲਾਈ ਏ।
ਧੜਕਣ ਦੇ ਕੋਹਲੂ ਯਾਦਾਂ ਦਾ,
ਅਸੀਂ ਤਾਰਾ-ਮੀਰਾ ਕੱਢਣਾ ਏ।
ਬੱਸ ਇਸ਼ਕ ਦੀ ਹਿੰਡ ਪੁਗਾਉਣੀ ਏ,
ਤੇ ਵਸਲ ਦਾ ਫਾਹਾ ਵੱਢਣਾ ਏਂ।
ਅਸੀਂ ਨੈਣੀਂ ਵੱਸੇ ਲੋਕਾਂ ਨੂੰ,
ਬੜੀ ਨਜ਼ਰ ਬਚਾ ਕੇ ਮਿਲ਼ਦੇ ਹਾਂ।
ਅਸੀਂ ਜੱਗ ਤੋਂ ਪਰਦਾ ਰੱਖਦੇ ਹਾਂ,
ਅਸੀਂ ਸ਼ਾਇਰ ਹੌਲ਼ੇ ਦਿਲ ਦੇ ਹਾਂ।
~ ਰਿਤੂ ਵਾਸੂਦੇਵ