ਇਹ ਇੱਕ ਅਜਿਹਾ ਯੰਤਰ ਸੀ ਜੋ ਰਿਕਾਰਡ ਕੀਤੀ ਹੋਈ ਆਵਾਜ਼ ਨੂੰ ਇਕ ਘੁੰਮਦੇ ਹੋਏ ਤਵੇ ਦੀ ਝਰੀ ਰਾਹੀਂ ਸੂਈ ਦੀ ਮਦਦ ਨਾਲ ਦੁਬਾਰਾ ਪੈਦਾ ਕਰਦਾ ਸੀ।
(ਸਮਾਜ ਵੀਕਲੀ) ਸੰਗੀਤ ਮਨੁੱਖੀ ਜਿੰਦਗ਼ੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਰ ਕੋਈ ਗੀਤ-ਸੰਗੀਤ ਨੂੰ ਸੁਣਨਾ ਪਸੰਦ ਕਰਦਾ ਹੈ, ਅਤੇ ਖੁਸ਼ੀ ਦੇ ਹਰ ਮੌਕੇ ‘ਤੇ ਇਸ ਦੀ ਵਰਤੋਂ ਕਰਦਾ ਹੈ। ਸੰਗੀਤ ਇੱਕ ਐਸਾ ਮਾਧਿਅਮ ਹੈ ਜੋ ਸਾਡੀ ਜ਼ਿੰਦਗੀ ਦੀ ਥਕਾਵਟ ਅਤੇ ਤਣਾਅ ਨੂੰ ਦੂਰ ਕਰਦਾ ਹੈ। ਜਦੋਂ ਅਸੀਂ ਗੀਤ ਸੁਣਦੇ ਹਾਂ, ਤਾਂ ਸਾਡੇ ਮਨ ਨੂੰ ਸ਼ਾਂਤੀ ਅਤੇ ਆਤਮਿਕ ਆਨੰਦ ਮਿਲਦਾ ਹੈ, ਜਿਸ ਨਾਲ ਇੱਕ ਵੱਖਰੀ ਤਰ੍ਹਾਂ ਦੀ ਊਰਜਾ ਪੈਦਾ ਹੁੰਦੀ ਹੈ। ਅੱਜ ਦੀ ਵਿਗਿਆਨਕ ਤਰੱਕੀ ਨੇ ਸਾਨੂੰ ਸੰਗੀਤ ਸੁਣਨ ਲਈ ਬਹੁਤ ਸਾਰੇ ਆਸਾਨ ਤਰੀਕੇ ਪ੍ਰਦਾਨ ਕੀਤੇ ਹਨ। ਜਿਵੇਂ ਟੈਲੀਵਿਜ਼ਨ, ਰੇਡੀਓ, ਮੋਬਾਈਲ ਅਤੇ ਅਨੇਕਾਂ ਮਿਊਜ਼ਿਕ ਪਲੇਅਰਾਂ ਰਾਹੀਂ ਅਸੀਂ ਕਿਤੇ ਵੀ ਅਤੇ ਕਿਸੇ ਵੀ ਸਮੇਂ ਆਪਣੇ ਮਨਪਸੰਦ ਗੀਤ ਸੁਣ ਸਕਦੇ ਹਾਂ।
ਜਦੋਂ ਅਸੀਂ ਸੰਗੀਤ ਸੁਣਨ ਦੇ ਯੰਤਰਾਂ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਜੋ ਯੰਤਰ ਲੋਕਾਂ ਦੀ ਪਸੰਦ ਬਣਿਆ ਉਹ ਸੀ ਗ੍ਰਾਮੋਫੋਨ। ਇਹ ਸ਼ਬਦ ਯੂਨਾਨੀ ਭਾਸ਼ਾ ਦੇ “ਗ੍ਰਾਮੋ” (ਅੱਖਰ) ਅਤੇ “ਫੋਨ” (ਆਵਾਜ਼) ਤੋਂ ਬਣਿਆ ਹੈ, ਜਿਸਦਾ ਅਰਥ ਹੈ “ਆਵਾਜ਼ ਦੇ ਅੱਖਰ”। ਇਹ ਇੱਕ ਅਜਿਹਾ ਯੰਤਰ ਸੀ ਜੋ ਰਿਕਾਰਡ ਕੀਤੀ ਹੋਈ ਆਵਾਜ਼ ਨੂੰ ਇਕ ਘੁੰਮਦੇ ਹੋਏ ਤਵੇ ਦੀ ਝਰੀ ਰਾਹੀਂ ਸੂਈ ਦੀ ਮਦਦ ਨਾਲ ਦੁਬਾਰਾ ਪੈਦਾ ਕਰਦਾ ਸੀ।
ਦਿ ਗ੍ਰਾਮੋਫੋਨ ਕੰਪਨੀ, ਜਿਸਨੂੰ ਅਸੀਂ ‘ਹਿਜ਼ ਮਾਸਟਰਜ਼ ਵਾਇਸ’ (HMV) ਵਜੋਂ ਜਾਣਦੇ ਸੀ, ਸੰਗੀਤ ਰਿਕਾਰਡਿੰਗ ਦੀਆਂ ਸਭ ਤੋਂ ਪੁਰਾਣੀਆਂ ਕੰਪਨੀਆਂ ਵਿੱਚੋਂ ਇੱਕ ਸੀ। ਇਸ ਨੇ ਹਰ ਭਾਸ਼ਾ ‘ਚ ਗੀਤਾਂ ਨੂੰ ਰਿਕਾਰਡ ਕਰਕੇ ਲੋਕਾਂ ਤੱਕ ਪਹੁੰਚਾਇਆ। ਗ੍ਰਾਮੋਫੋਨ ਰਾਹੀਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਮਹੁੰਮਦ ਰਫ਼ੀ ਅਤੇ ਕੁਲਦੀਪ ਮਾਣਕ ਵਰਗੇ ਪ੍ਰਸਿੱਧ ਗਾਇਕਾਂ ਦੇ ਗੀਤਾਂ ਨੂੰ ਲੋਕਾਂ ਨੇ ਬੜੇ ਸ਼ੌਕ ਨਾਲ ਸੁਣਿਆ।
ਇਹ ਰਿਕਾਰਡ ਕਈ ਕਿਸਮਾਂ ਦੇ ਹੁੰਦੇ ਸਨ, ਜਿਵੇਂ ਕਿ LP (ਲੌਂਗ ਪਲੇ), EP (ਐਕਸਟੈਂਡਡ ਪਲੇ) ਅਤੇ 78 RPM। ਹਰ ਕਿਸਮ ਦੇ ਰਿਕਾਰਡ ਦੀ ਆਪਣੀ ਇੱਕ ਵਿਲੱਖਣਤਾ ਹੁੰਦੀ ਸੀ। LP ਰਿਕਾਰਡ 33 ਵਾਰ ਪ੍ਰਤੀ ਮਿੰਟ ਘੁੰਮਦਾ ਸੀ, EP 45 ਵਾਰ, ਅਤੇ 78 RPM ਦਾ ਮਤਲਬ ਸੀ ਕਿ ਇਹ 78 ਵਾਰ ਪ੍ਰਤੀ ਮਿੰਟ ਧੁਰੇ ‘ਤੇ ਘੁੰਮਦਾ ਹੈ।
ਹਾਲਾਂਕਿ ਅੱਜ ਸਮਾਂ ਬਦਲ ਗਿਆ ਹੈ, ਸਾਨੂੰ ਸੰਗੀਤ ਸੁਣਨ ਲਈ ਕਈ ਹੋਰ ਸਹੂਲਤਾਂ ਮਿਲ ਗਈਆਂ ਹਨ, ਪਰ ਫਿਰ ਵੀ ਗ੍ਰਾਮੋਫੋਨ ਅਤੇ ਤਵਿਆਂ ਦਾ ਦੌਰ ਇੱਕ ਇਤਿਹਾਸਕ ਪੱਧਰ ‘ਤੇ ਸਦਾ ਕਾਇਮ ਰਹੇਗਾ। ਅੱਜ ਵੀ ਕਈ ਘਰਾਂ ਵਿੱਚ ਇਹਨਾਂ ਨੂੰ ਸ਼ੌਕ ਨਾਲ ਰੱਖਿਆ ਜਾਂਦਾ ਹੈ, ਅਤੇ ਕੁਝ ਲੋਕਾਂ ਲਈ ਇਹ ਯੰਤਰ ਬਹੁਤ ਕੀਮਤੀ ਸ਼ੋ-ਪੀਸ ਵੀ ਬਣੇ ਹੋਏ ਹਨ।
ਬਲਦੇਵ ਸਿੰਘ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly