ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਪੰਜਾਬ ਦੀ ਮੌਜੂਦਾ ਸਰਕਾਰ ਦਾ ਵੀ ਪਿਛਲੀਆਂ ਸਰਕਾਰਾਂ ਵਾਂਗ ਪੰਜਾਬ ਰਾਜ ਭਾਸ਼ਾ ਐਕਟ – 1967 , ਪੰਜਾਬ ਰਾਜ ਭਾਸ਼ਾ ( ਤਰਮੀਮ ) ਐਕਟ 2008 ਅਤੇ ਉਸ ਤੋਂ ਬਾਅਦ ਆਪਣੇ ਵੱਲੋਂ ਵੀ ਸਮੇਂ ਸਮੇਂ ‘ਤੇ ਜਾਰੀ ਕੀਤੀਆਂ ਹਦਾਇਤਾਂ ਰਾਹੀਂ ਸਰਕਾਰੀ ਦਫ਼ਤਰਾਂ ਵਿੱਚ ਸਾਰਾ ਕੰਮ ਪੰਜਾਬੀ ਭਾਸ਼ਾ ਵਿੱਚ ਕਰਵਾਉਂਣ ਤੋਂ ਇਲਾਵਾ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਬੋਰਡਾਂ ਉੱਤੇ ਪੰਜਾਬੀ ਨੂੰ ਪਹਿਲ ਦਿਵਾਉਂਣ ਵੱਲ ਕੋਈ ਧਿਆਨ ਨਹੀਂ ਹੈ ਸਗੋਂ ਹਰ ਥਾਂ ਅੰਗਰੇਜ਼ੀ ਦਾ ਹੀ ਬੋਲਬਾਲਾ ਹੈ ।
ਉਦਾਹਰਣ ਵਜੋਂ ਪਿਛਲੇ ਕੁੱਝ ਦਿਨਾਂ ਵਿੱਚ ਤਿੰਨ ਪੱਤਰ ਪੰਚਾਇਤ ਚੋਣਾਂ ਬਾਰੇ , 124 ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਅਤੇ 124 ਆਈ ਏ ਐੱਸ ਤੇ ਪੀ ਸੀ ਐੱਸ ਅਫ਼ਸਰਾਂ ਦੇ ਤਬਾਦਲਿਆਂ ਦੇ ਪੱਤਰ ਸਾਰੇ ਹੀ ਅੰਗਰੇਜ਼ੀ ਵਿੱਚ ਜਾਰੀ ਹੋਏ ਹਨ ।
ਪ੍ਰੈੱਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਤੋਂ ਸਾਰੇ ਦਫ਼ਤਰਾਂ ਵਿੱਚ ਪੰਜਾਬ ਰਾਜ ਭਾਸ਼ਾ ਐਕਟ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾ ਕੇ ਸਾਰਾ ਕੰਮ ਕਾਜ ਪੰਜਾਬੀ ਭਾਸ਼ਾ ਵਿੱਚ ਕਰਵਾਉਂਣ ਦੀ ਮੰਗ ਕੀਤੀ ਹੈ । ਉਨ੍ਹਾਂ ਦੇ ਨਾਲ਼ ਹੋਰਨਾਂ ਤੋਂ ਇਲਾਵਾ ਸਭਾ ਦੇ ਵਿਤ ਸਕੱਤਰ ਗੁਰਮੀਤ ਸਿੰਘ ਸੋਹੀ , ਮੁੱਖ ਸਲਾਹਕਾਰ ਤੇ ਪੰਜਾਬੀ ਲੋਕ ਗਾਇਕ ਗੁਰਦਿਆਲ ਨਿਰਮਾਣ ਅਤੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਦੀ ਧੂਰੀ ਇਕਾਈ ਦੇ ਅਹੁਦੇਦਾਰ ਵੀ ਸ਼ਾਮਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly