ਕਰਤਾਰਪੁਰ/ਜਲੰਧਰ (ਸਮਾਜ ਵੀਕਲੀ) : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜੰਗ-ਏ-ਆਜ਼ਾਦੀ ਦਾ ਦੌਰਾ ਕਰ ਕੇ ਆਜ਼ਾਦੀ ਸੰਗਰਾਮ ਅਤੇ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਦਰਸਾਉਂਦੀਆਂ ਗੈਲਰੀਆਂ ਦੀ ਸ਼ਲਾਘਾ ਕੀਤੀ। ਜੰਗ-ਏ-ਆਜ਼ਾਦੀ ਯਾਦਾਗਾਰ ਪਹੁੰਚਣ ’ਤੇ ਰਾਜਪਾਲ ਦਾ ਡਿਵੀਜ਼ਨਲ ਕਮਿਸ਼ਨਰ ਵੀ.ਕੇ. ਮੀਨਾ, ਡਿਪਟੀ ਕਮਿਸ਼ਨਰ ਤੇ ਜੰਗ-ਏ-ਆਜ਼ਾਦੀ ਯਾਦਗਾਰ ਦੇ ਸੀਈਓ ਘਨਸ਼ਿਆਮ ਥੋਰੀ, ਆਈਜੀ ਜਲੰਧਰ ਰੇਂਜ ਜੀ ਐੱਸ ਢਿੱਲੋਂ, ਐੱਸਐੱਸਪੀ ਜਲੰਧਰ (ਦਿਹਾਤੀ) ਸਤਿੰਦਰ ਸਿੰਘ ਨੇ ਸਵਾਗਤ ਕੀਤਾ।
ਰਾਜਪਾਲ ਸਾਰੀਆਂ ਗੈਲਰੀਆਂ ਅਤੇ ਆਡੀਟੋਰੀਅਮ ਵਿੱਚ ਗਏ, ਜਿੱਥੇ ਉਨ੍ਹਾਂ ਆਜ਼ਾਦੀ ਸੰਗਰਾਮ ਦੌਰਾਨ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ ਦਰਸਾਉਂਦੀ ਇੱਕ ਲਘੂ ਫ਼ਿਲਮ ਵੀ ਵੇਖੀ। ਉਨ੍ਹਾਂ ਇਸ ਯਾਦਗਾਰ ਨੂੰ ਇੱਕ ਆਰਕੀਟੈਕਚਰਲ ਸਮਾਰਕ ਦੱਸਿਆ ਜੋ ਨੌਜਵਾਨ ਪੀੜ੍ਹੀ ਨੂੰ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੇ ਜਜ਼ਬੇ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਇੱਕ ਢੁੱਕਵੀਂ ਸ਼ਰਧਾਂਜਲੀ ਹੈ ਜਿਨ੍ਹਾਂ ਬਰਤਾਨਵੀ ਬਸਤੀਵਾਦ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਸਤਨਾਮ ਮਾਣਕ, ਸਕੱਤਰ ਪ੍ਰਬੰਧਕੀ ਕਮੇਟੀ ਲਖਵਿੰਦਰ ਜੌਹਲ, ਮੈਂਬਰ ਪ੍ਰਬੰਧਕੀ ਕਮੇਟੀ ਰਮੇਸ਼ ਮਿੱਤਲ ਦੇ ਨਾਲ ਰਾਜਪਾਲ ਨੇ ਆਜ਼ਾਦੀ ਸੰਗਰਾਮ ਨੂੰ ਦਰਸਾਉਂਦੀਆਂ ਤਸਵੀਰਾਂ ਦੇ ਦਰਸ਼ਨ ਕਰਨ ਲਈ ਸਾਰੀਆਂ ਗੈਲਰੀਆਂ ਦਾ ਦੌਰਾ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly