ਰਾਜਪਾਲ ਗ਼ੁਲਾਬ ਚੰਦ ਕਟਾਰੀਆ ਨੇ ਖਟਕੜ ਕਲਾਂ ਤੋਂ ‘ਨਸ਼ਾ ਮੁਕਤ-ਰੰਗਲਾ ਪੰਜਾਬ ਮੁਹਿੰਮ ਦਾ ਕੀਤਾ ਆਗਾਜ਼

ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਯਾਦਗਾਰ ’ਤੇ ਸ਼ਰਧਾ ਸੁਮਨ ਅਰਪਿਤ ਕਰਨ ਮੌਕੇ ਪੰਜਾਬ ਦੇ ਰਾਜਪਾਲ ਗ਼ੁਲਾਬ ਚੰਦ ਕਟਾਰੀਆ ਦਾ ਸਨਮਾਨ ਕਰਦੇ ਹੋਏ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐਸ.ਐਸ.ਪੀ ਡਾ. ਮਹਿਤਾਬ ਸਿੰਘ।

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸ਼ਰਧਾ ਸੁਮਨ ਕੀਤੇ ਅਰਪਿਤ

ਬੰਗਾ/ਨਵਾਂਸ਼ਹਿਰ, (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਪੰਜਾਬ ਦੇ ਰਾਜਪਾਲ ਗ਼ੁਲਾਬ ਚੰਦ ਕਟਾਰੀਆ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ‘ਨਸ਼ਾ ਮੁਕਤ-ਰੰਗਲਾ ਪੰਜਾਬ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦਿੰਦਿਆਂ ਨਸ਼ਾ ਮੁਕਤ, ਸਿਹਤਮੰਦ ਅਤੇ ਅਗਾਂਹਵਧੂ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੰਜਾਬ ਦੇ ਅਮੀਰ ਸੱਭਿਆਚਾਰਕ ਜੀਵਨ ਨੂੰ ਬਹਾਲ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਯਕੀਨੀ ਬਣਾਉਣ ਲਈ ਇਕ ਅਹਿਮ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਦੌਰਾਨ ਉਨਾਂ ਯਾਦਗਾਰ ਵਿਚਲੇ ਮਿਊਜ਼ੀਅਮ ਦਾ ਦੌਰਾ ਵੀ ਕੀਤਾ। ਉਨਾਂ ਕਿਹਾ ਕਿ ਖਟਕੜ ਕਲਾਂ ਦੀ ਧਰਤੀ ’ਤੇ ਆ ਕੇ ਉਨਾਂ ਨੂੰ ਬੇਹੱਦ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਰਹੇ ਹਾਂ ਅਤੇ ਸਾਨੂੰ ਉਨਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸ਼ਾਨਦਾਰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨਾਂ ਦਾ ਸਨਮਾਨ ਕੀਤਾ। ਇਸ ਮੌਕੇ ਐਸ.ਐਸ.ਪੀ ਡਾ. ਮਹਿਤਾਬ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ. ਡੀ. ਐਮ ਬੰਗਾ ਵਿਪਿਨ ਭੰਡਾਰੀ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਗਰ ਕੌਂਸਲ ਬਲਾਚੌਰ ਦੀ ਹਦੂਦ ਅੰਦਰ ਅਸਲਾ ਧਾਰਕਾਂ ਨੂੰ ਹਥਿਆਰ ਚੁੱਕ ਕੇ ਚੱਲਣ ਦੀ ਮਨਾਹੀ
Next articleਪੈਨਸ਼ਨਰਜ਼ ਐਸੋਸੀਏਸ਼ਨ ਡਵੀਜ਼ਨ ਬੰਗਾ ਵਲੋਂ ਮਹੀਨਾਵਾਰ ਮੀਟਿੰਗ ਕੀਤੀ