ਸਰਕਾਰੀ ਸਕੂਲ ਬਨਾਮ ਸਿੱਖਿਆ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਸਰਕਾਰੀ ਸਕੂਲਾਂ ਦਾ ਨਤੀਜਾ ਸ਼ਤ ਪ੍ਰਤੀਸ਼ਤ ਹੋਣਾ ਕੋਈ ਸੱਚਾਈ ਨਹੀਂ ਹੈ।ਇਹ ਅੰਕੜਿਆਂ ਦਾ ਇੱਕ ਅਜਿਹਾ ਮਾਰੂ ਖੇਡ ਹੈ ਜੋ ਪੰਜਾਬ ਨੂੰ ਤਬਾਹ ਕਰ ਰਿਹਾ ਹੈ।ਪਿਛਲ ਝਾਤ ਮਾਰ ਕੇ ਦੇਖੋ ਤਾਂ ਨਤੀਜੇ ਕਦੀ ਵੀ ਸ਼ਤ ਪ੍ਰਤੀਸ਼ਤ ਨਹੀਂ ਹੁੰਦੇ।ਕੀ ਅਜਿਹਾ ਹੋ ਸਕਦਾ ਹੈ ਕਿ ਲੱਖਾਂ ਵਿਦਿਆਰਥੀਆਂ ਵਿੱਚੋਂ ਇੱਕ ਵੀ ਗੈਰ ਹਾਜ਼ਰ ਨਾ ਹੋਇਆ ਹੋਵੇ?ਕੀ ਇਹ ਸੰਭਵ ਹੈ ਕਿ ਕੋਈ ਵਿਦਿਆਰਥੀ ਕਿਸੇ ਵੀ ਵਿਸ਼ੇ ਵਿੱਚੋਂ ਫੇਲ੍ਹ ਨਾ ਹੋਵੇ?ਲੱਖਾਂ ਦੇ ਵਿੱਚੋਂ ਇਕ ਤਾਂ ਕਮਜ਼ੋਰ ਵਿਦਿਆਰਥੀ ਹੋ ਸਕਦਾ ਹੈ ? ਪਰ ਕਿੰਨੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਿੱਖਿਆ ਬੋਰਡ ਦੇ ਨਤੀਜੇ ਸ਼ਤ ਪ੍ਰਤੀਸ਼ਤ ਆਉਣ ਲੱਗ ਪਏ।

ਕੋਰੋਨਾ ਦੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਘਰੇਲੂ ਪ੍ਰੀਖਿਆ ਜਾਂ ਅਸੈਸਮੈਂਟ ਦੇ ਸਿਰ ਤੇ ਪਾਸ ਕਰ ਦਿੱਤਾ ਗਿਆ।ਸਾਰੇ ਵਿਦਿਆਰਥੀਆਂ ਦੇ ਪੂਰੇ ਪੂਰੇ ਨੰਬਰ ਆਏ।ਸਰਕਾਰੀ ਸਕੂਲ ਦੇ ਇੱਕ ਅਧਿਆਪਕ ਦੇ ਕਹਿਣ ਮੁਤਾਬਕ ਮਾਂ ਬਾਪ ਦੀ ਪੁੱਛਣ ਲੱਗ ਪਏ ਕਿ ਸਾਡੇ ਬੱਚੇ ਦੀ ਕਾਰਗੁਜ਼ਾਰੀ ਇੰਨੀ ਚੰਗੀ ਨਹੀਂ ਫੇਰ ਇੰਨੇ ਨੰਬਰ ਕਿਵੇਂ ਆ ਗਏ?ਸਿੱਖਿਆ ਵਿਭਾਗ ਸ਼ਤ ਪ੍ਰਤੀਸ਼ਤ ਦੇ ਚੱਕਰ ਵਿੱਚ ਪਿਆ ਇਸ ਗੱਲ ਨੂੰ ਅੱਖੋਂ ਉਹਲੇ ਕਰੀ ਬੈਠਾ ਹੈ ਕਿ ਸਿੱਖਿਆ ਦਾ ਮਿਆਰ ਕੀ ਹੈ ? ਸਕੂਲਾਂ ਦੀਆਂ ਇਮਾਰਤਾਂ ਸੋਹਣੀਆ ਕਰ ਦੇਣ ਨਾਲ ਵਿਦਿਆਰਥੀ ਸਿੱਖਿਅਤ ਨਹੀਂ ਹੁੰਦੇ।ਜਮਾਤਾਂ ਨੂੰ ਸਮਾਰਟ ਕਲਾਸ ਰੂਮ ਬਣਾ ਦੇਣ ਇਸ ਤਰ੍ਹਾਂ ਵਿਦਿਆਰਥੀ ਸਮਾਰਟ ਨਹੀਂ ਹੋ ਰਹੇ।ਅੰਕੜਿਆਂ ਦਾ ਇੱਕ ਖੇਡ ਜਾਰੀ ਹੈ।ਇਸ ਖੇਡ ਵਿਚ ਸਿੱਖਿਆ ਬਹੁਤ ਪੱਛੜ ਗਈ ਹੈ।

ਭਾਰਤੀ ਫ਼ੌਜ ਦੇ ਇਕ ਅਧਿਕਾਰੀ ਦੇ ਕਹਿਣ ਮੁਤਾਬਕ ਭਰਤੀ ਦੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਆਪਣਾ ਨਾਂ ਲਿਖਣਾ ਨਹੀਂ ਆਉਂਦਾ ਜਦਕਿ ਨੰਬਰ ਅੱਸੀ ਪ੍ਰਤੀਸ਼ਤ ਤਕ ਹੁੰਦੇ ਹਨ।ਵਿਦਿਆਰਥੀਆਂ ਤੋਂ ਨੀਟ ਦਾ ਪੇਪਰ ਕਲੀਅਰ ਨਹੀਂ ਹੁੰਦਾ।ਅਧਿਆਪਕਾਂ ਨੂੰ ਸਿਰਫ਼ ਆਪਣੀ ਪੋਸਟ ਦਾ ਫਿਕਰ ਹੁੰਦਾ ਹੈ।ਗਿਆਰ੍ਹਵੀਂ ਬਾਰ੍ਹਵੀਂ ਜਮਾਤ ਵਿੱਚ ਉਨੇ ਹੀ ਬੱਚੇ ਦਾਖ਼ਲ ਕੀਤੇ ਜਾਂਦੇ ਹੋਣ ਜਿੰਨਾ ਨਾਲ ਲੈਕਚਰਾਰਾਂ ਦੀ ਪੋਸਟ ਬਚੀ ਰਹਿ ਸਕੇ।ਹਰ ਲੈਕਚਰਾਰ ਸਵਾ ਲੱਖ ਤੋਂ ਉੱਪਰ ਤਨਖਾਹ ਲੈਂਦਾ ਹੈ ਪਰ ਪੀਰੀਅਡ ਸਾਰੇ ਦਿਨ ਵਿੱਚ ਸਿਰਫ ਦੋ।ਅੰਕੜਿਆਂ ਵਿੱਚ ਉਸਦੇ ਪੀਰੀਅਡ ਛੇ ਦਿਖਾ ਦਿੱਤੇ ਜਾਂਦੇ ਹਨ।ਇਸ ਤਰ੍ਹਾਂ ਸਰਕਾਰ ਨੂੰ ਠਿੱਬੀ ਲਾਈ ਜਾ ਰਹੀ ਹੈ।ਇਹ ਸਭ ਕੁਝ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।

ਸਿੱਖਿਆ ਵਿਭਾਗ ਇਕ ਚਿੱਠੀ ਜਾਰੀ ਕਰ ਚੁੱਕਾ ਹੈ ਜਿਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਲੈਕਚਰਾਰ ਪੜ੍ਹਾਉਣਗੇ ਪਰ ਅਜਿਹਾ ਪ੍ਰਬੰਧ ਕਿਸੇ ਵੀ ਸਕੂਲ ਵਿੱਚ ਨਹੀਂ ਹੈ।ਸਾਰੇ ਦਿਨ ਵਿੱਚ ਦੋ ਪੀਰੀਅਡ ਲਾ ਕੇ ਵਿਹਲੇ ਬਹਿ ਕੇ ਖਾ ਪੀ ਕੇ ਮੁੜੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਕੋਈ ਫ਼ਿਕਰ ਨਹੀਂ। ਆਪਣੇ ਆਪ ਵਿੱਚ ਕਿੱਡੀ ਹਾਸੋਹੀਣੀ ਗੱਲ ਹੈ ਕੀ ਵਿਦਿਆਰਥੀ ਬਾਰ੍ਹਵੀਂ ਪਾਸ ਕਰ ਜਾਂਦਾ ਹੈ ਪਰ ਆਪਣੇ ਬਾਰੇ ਚਾਰ ਲਾਈਨਾਂ ਨਹੀਂ ਲਿਖ ਸਕਦਾ ।ਅਧਿਆਪਕਾਂ ਦਾ ਖੁਦ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਲਿਖਣਾ ਹੀ ਨਹੀਂ ਆਉਂਦਾ।ਕੋਈ ਪੁੱਛੇ ਕਿ ਭਲੇ ਪੁਰਸ਼ੋ ਫਿਰ ਤੁਸੀਂ ਸਕੂਲ ਵਿੱਚ ਕੀ ਕਰਦੇ ਹੋ ? ਨਕਲ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਈ ਅਡੰਬਰ ਕੀਤੇ ਗਏ ਪਰ ਨਕਲ ਦਾ ਰੁਝਾਨ ਵਧਦਾ ਹੀ ਗਿਆ।ਅਧਿਆਪਕ ਵੀ ਕੀ ਕਰਨ ਉਨ੍ਹਾਂ ਤੇ ਵਾਧੂ ਕੰਮਾਂ ਦਾ ਬੋਝ ਬਹੁਤ ਜ਼ਿਆਦਾ ਹੈ।

ਪੜ੍ਹਾਈ ਤੋਂ ਇਲਾਵਾ ਸਕੂਲਾਂ ਵਿਚ ਸਭ ਕੁਝ ਹੋ ਰਿਹਾ ਹੈ।ਬਾਰ੍ਹਵੀਂ ਜਮਾਤ ਦੇ ਪੇਪਰਾਂ ਤੋਂ ਮਹੀਨਾ ਪਹਿਲਾਂ ਸਾਰੇ ਲੈਕਚਰਾਰਾਂ ਨੂੰ ਇਕੱਠੇ ਕਰਕੇ ਸਾਇੰਸ ਦੀਆਂ ਦੋ ਭਾਸ਼ੀ ਕਿਤਾਬਾਂ ਬਣਾਈਆਂ ਜਾ ਰਹੀਆਂ ਹਨ।ਦੱਸੋ ਕਿ ਇਹ ਕਿਤਾਬਾਂ ਪੇਪਰਾਂ ਤੋਂ ਬਾਅਦ ਨਹੀਂ ਬਣ ਸਕਦੀਆਂ ?ਅਜਿਹਾ ਕੰਮ ਛੁੱਟੀਆਂ ਵਿੱਚ ਵੀ ਕੀਤਾ ਜਾ ਸਕਦਾ ਹੈ।ਕੋਰੋਨਾ ਕਾਰਨ ਪਹਿਲਾਂ ਹੀ ਸਕੂਲ ਬੰਦ ਰਹੇ ਹਨ ਭਾਰਤੀ ਵਿਦਿਆਰਥੀਆਂ ਦੀ ਪੜ੍ਹਾਈ ਬਹੁਤ ਪੱਛੜ ਚੁੱਕੀ ਹੈ।ਅਜਿਹੇ ਵਿੱਚ ਅਧਿਆਪਕਾਂ ਨੂੰ ਗ਼ੈਰ ਵਿੱਦਿਅਕ ਕੰਮਾਂ ਵਿੱਚ ਲਾਉਣਾ ਇਨ੍ਹਾਂ ਵਿਦਿਆਰਥੀਆਂ ਤੋਂ ਦੂਰ ਰੱਖਣਾ ਸਹੀ ਨਹੀਂ।ਨਵੀਂ ਸਰਕਾਰ ਨੇ ਵੀ ਦੋ ਚਾਰ ਦਿਨ ਹੀ ਗੱਲਾਂ ਕੀਤੀਆਂ ਹਨ ਸਿੱਖਿਆ ਵਿੱਚ ਸੁਧਾਰ ਦੀਆਂ ਪਰ ਅਸਲ ਕੁਛ ਵੀ ਨਹੀਂ ਕੀਤਾ।ਸਿੱਖਿਆ ਅਧਿਕਾਰੀ ਆਪਣੀ ਮਨਮਰਜ਼ੀ ਕਰ ਰਹੇ ਹਨ।ਦਾਖ਼ਲਾ ਵਧਾਉਣ ਦੇ ਨਾਂ ਤੇ ਬੱਚਿਆਂ ਨੂੰ ਜਬਰਨ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕੀਤਾ ਜਾ ਰਿਹਾ ਹੈ।

ਇਸ ਦੀ ਬਦੌਲਤ ਇੱਕ ਜਮਾਤ ਵਿੱਚ ਅੱਸੀ ਅੱਸੀ ਵਿਦਿਆਰਥੀ ਬੈਠੇ ਹਨ।ਦੱਸੋ ਇੰਨੇ ਵਿਦਿਆਰਥੀ ਕੀ ਪੜ੍ਹਨਗੇ ? ਇਕ ਅਧਿਆਪਕ ਉਨ੍ਹਾਂ ਨੂੰ ਚੁੱਪ ਕਰਾਉਣ ਵਿੱਚ ਹੀ ਸਾਰਾ ਪੀਰੀਅਡ ਬਿਤਾ ਦਿੰਦਾ ਹੈ।ਬਹੁਤ ਜ਼ਰੂਰੀ ਹੈ ਕਿ ਸਰਕਾਰ ਸਿੱਖਿਆ ਵੱਲ ਤੁਰੰਤ ਧਿਆਨ ਦੇਵੇ।ਅਧਿਆਪਕਾਂ ਦੀਆਂ ਪੋਸਟਾਂ ਤਰਕਸੰਗਤ ਨੀਤੀ ਨਾਲ ਵੰਡੀਆਂ ਜਾਣ।ਬਦਲੀਆਂ ਤੋਂ ਪਹਿਲਾਂ ਇਹ ਦੇਖਿਆ ਜਾਵੇਗਾ ਕਿ ਸਕੂਲ ਵਿਚ ਕਿੰਨੇ ਵਿਦਿਆਰਥੀ ਹਨ।ਜਿੱਥੇ ਵਿਦਿਆਰਥੀ ਵੱਧ ਹਨ ਉਨ੍ਹਾਂ ਸਕੂਲਾਂ ਨੂੰ ਡਬਲ ਸ਼ਿਫਟ ਕਰ ਦਿੱਤਾ ਜਾਵੇ।ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਜਮਾਤ ਵਿੱਚ ਚਾਲੀ ਤੋਂ ਵੱਧ ਵਿਦਿਆਰਥੀ ਨਾ ਹੋਣ।ਗੁਣਾਤਮਕ ਸਿੱਖਿਆ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਵਿਦਿਆਰਥੀਆਂ ਦੀ ਗਿਣਤੀ ਨਿਸ਼ਚਿਤ ਹੋਵੇ।ਉਮੀਦ ਹੈ ਨਵੇਂ ਸਿੱਖਿਆ ਮੰਤਰੀ ਇਸ ਵੱਲ ਉਚੇਚਾ ਧਿਆਨ ਦੇਣਗੇ।

ਰਮੇਸ਼ਵਰ ਸਿੰਘ

9914880392

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਤਿਆ ਮਾਸੀ ! ਮਾਂ ਸੀ !!
Next articleਵਿਸ਼ਵ ਪੰਜਾਬੀ ਨਾਰੀ ਸਹਿਤਕ ਮੰਚ ਵੱਲੋਂ ਲਗਾਤਾਰਤਾ ਵਿਚ 29 ਵਾਂ ਕਵੀ ਦਰਬਾਰ ਕਰਵਾਇਆ