ਨਵਾਂ ਸ਼ਹਿਰ,(ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਬੱਚੇ ਕਿਸੇ ਵੀ ਦੇਸ਼, ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜੇ ਉਹਨਾਂ ਦੀ ਸਿੱਖਿਆ ਅਤੇ ਪਾਲਣ ਪੋਸ਼ਣ ਸਹੀ ਢੰਗ ਨਾਲ ਹੋਵੇ ਤਾਂ ਦੇਸ਼ ਦੀ ਨੀਂਹ ਮਜ਼ਬੂਤ ਹੁੰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੱਸਾ ਸਿੰਘ ਸਰਪੰਚ ਪਿੰਡ ਸਜਾਵਲਪੁਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਸਮੁੱਚੇ ਬੱਚਿਆਂ ਨੂੰ ਬੀਬੀ ਅਮਰ ਕੌਰ ਮੰਡੇਰ ਦੇ ਐਨ ਆਰ ਆਈ ਪਰਿਵਾਰ ਵੱਲੋਂ ਕੋਟ (ਬਲੇਜ਼ਰ) ਭੇਂਟ ਕਰਨ ਸਮੇਂ ਕੀਤਾ। ਉਹਨਾਂ ਕਿਹਾ ਕਿ ਵਧੀਆ ਅਧਿਆਪਕ ਦੇਸ਼ ਦੀ ਨੀਹ ਮਜ਼ਬੂਤ ਕਰਨ ਵਿੱਚ ਬਹੁਤ ਹੀ ਉਸਾਰੂ ਰੋਲ ਅਦਾ ਕਰਦੇ ਹਨ। ਦੱਸਣਯੋਗ ਹੈ ਕਿ ਸਕੂਲ ਦੇ ਇੰਚਾਰਜ ਟੀਚਰ ਸੁਨੀਲ ਦੱਤ ਵੱਲੋਂ ਕੀਤੀ ਮਿਹਨਤ ਸਦਕਾ ਬੰਦ ਹੋਣ ਕਿਨਾਰੇ ਇਸ ਸਰਕਾਰੀ ਸਕੂਲ ਵਿੱਚ ਅੱਜ 51 ਬੱਚੇ ਪੜ੍ਹ ਰਹੇ ਹਨ ਅਤੇ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਬੱਚੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਦੇ ਹਨ। ਅੱਜ ਦਾ ਕਾਰਜ ਸਕੂਲ ਦੇ ਬੱਚਿਆਂ ਨੂੰ ਮੁਲਾਜ਼ਮ ਆਗੂ ਅਤੇ ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਸੇਵਾ ਮੁਕਤ ਕਾਨੂੰਗੋ ਗੁਰਨੇਕ ਸ਼ੇਰ ਦੀ ਪ੍ਰੇਰਨਾ ਸਦਕਾ ਕੀਤਾ ਗਿਆ। ਉਹਨਾਂ ਦੇ ਛੋਟੇ ਭਾਈ ਹਰਨੇਕ ਸਿੰਘ ਮੰਡੇਰ ਅਤੇ ਭੈਣਾਂ ਆਪਣੀ ਨੇਕ ਕਮਾਈ ਚੋਂ ਸਮੇਂ ਸਮੇਂ ‘ਤੇ ਸਕੂਲ ਦੀਆਂ ਲੋੜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ । ਇਸ ਮੌਕੇ ਤੇ ਮੈਂਬਰ ਪੰਚਾਇਤ ਸੁਲੱਖਣ ਸਿੰਘ, ਗੁਰਬਖਸ਼ ਰਾਮ, ਰਾਜਵਿੰਦਰ ਕੌਰ ,ਕੁਲਦੀਪ ਕੌਰ, ਅਰਵਿੰਦ ਮਾਨ , ਸੋਹਣ ਲਾਲ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ , ਰਵਿੰਦਰ ਵਸ਼ਿਸ਼ਟ , ਅਧਿਆਪਕ ਗੁਰਦੀਪ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ। ਬਲਵੀਰ ਕੌਰ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly