ਸਕੂਲ ਬਣਵਾਉਣ ਲਈ ਸੂਝਵਾਨ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ – ਜਥੇਬੰਦੀਆਂ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਦੀਆਂ ਅਲੱਗ-ਅਲੱਗ ਜਥੇਬੰਦੀਆਂ ਨੇ ਇੱਕ ਜੁੱਟ ਹੋ ਕੇ ਬੀਤੇ ਦਿਨ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਜ਼ਬਰਦਸਤ ਰੋਸ ਮਾਰਚ, ਧਰਨਾ ਅਤੇ ਪੁੱਤਲਾ ਫੂਕ ਪ੍ਰਦਰਸ਼ਨ ਕੀਤਾ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਪੁੱਤਲੇ ਸਾੜੇ ਗਏ, ਜਿਸਦਾ ਮੰਤਵ ਸਿਰਫ ਇੰਨਾ ਕੁ ਹੀ ਸੀ ਕਿ ਕਈ ਸਾਲਾਂ ਤੋਂ ਅਧੂਰੇ ਪਏ ਨੂਰਮਹਿਲ ਦੇ ਨਿਰਮਾਣ ਅਧੀਨ ਸਰਕਾਰੀ ਸਕੂਲ ਨੂੰ ਤੁਰੰਤ ਪ੍ਰਭਾਵ ਨਾਲ ਮੁਕੰਮਲ ਕਰਵਾਇਆ ਜਾ ਸਕੇ। ਇਸ ਪੁੱਤਲਾ ਫੂਕ ਪ੍ਰਦਰਸ਼ਨ ਦੀ ਗੂੰਜ ਸਾਰੇ ਪੰਜਾਬ ਵਿੱਚ ਤਾਂ ਗਈ ਪਰ ਅਫ਼ਸੋਸ ਇਸ ਗੂੰਜ ਦੀ ਆਵਾਜ਼ ਨੂੰ ਹਲਕਾ ਵਿਧਾਇਕ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਨੇ ਸੱਤਾ ਦੇ ਨਸ਼ੇ ਕਾਰਣ ਆਪਣੇ ਕੰਨਾਂ ਤੱਕ ਨਹੀਂ ਪਹੁੰਚਣ ਦਿੱਤਾ।ਹਲਕਾ ਵਿਧਾਇਕ ਦੇ ਕੰਨਾਂ ਵਿੱਚ ਸਕੂਲ ਬਣਵਾਉਣ ਦੀ ਗੱਲ ਝੱਜ ਨਾਲ ਪਾਈ ਜਾ ਸਕੇ, ਆਗੂਆਂ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਜੋ ਪ੍ਰਦਰਸ਼ਨ ਨੂਰਮਹਿਲ ਦੇ ਪੁਰਾਣਾ ਬੱਸ ਸਟੈਂਡ ‘ਤੇ ਹੋਇਆ ਹੁਣ ਉਸ ਤੋਂ ਵੱਡਾ ਪ੍ਰਦਰਸ਼ਨ ਹਲਕਾ ਵਿਧਾਇਕ ਦੇ ਪਿੰਡ “ਬੀਰ ਪਿੰਡ” ਵਿਖੇ ਕੀਤਾ ਜਾਵੇ ਅਤੇ ਇੱਕ ਯਾਦ ਪੱਤਰ ਵੀ ਦਿੱਤਾ ਜਾਵੇ। ਆਗੂਆਂ ਨੇ ਨੂਰਮਹਿਲ ਨਿਵਾਸੀਆਂ ਅਤੇ ਨੂਰਮਹਿਲ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਮਿਤੀ 15 ਅਕਤੂਬਰ ਦਿਨ ਐਤਵਾਰ ਨੂੰ ਠੀਕ 10 ਵਜੇ ਸਵੇਰੇ ਨੂਰਮਹਿਲ ਦੇ ਨਿਰਮਾਣ ਅਧੀਨ ਸੀਨੀਅਰ ਸਰਕਾਰੀ ਸਕੂਲ ਦੀ ਬਿਲਡਿੰਗ ਅੱਗੇ ਇਕੱਠੇ ਹੋਣ। ਮੋਰਚੇ ਦੇ ਆਗੂਆਂ ਜਿਨ੍ਹਾਂ ਵਿੱਚ ਧਰਨਾਕਾਰੀ ਕਾਮਰੇਡ ਬਾਲ ਕ੍ਰਿਸ਼ਨ ਬਾਲੀ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਹੰਸ ਰਾਜ ਪਬਵਾਂ, ਸਾਥੀ ਨਿਰਮਲ ਸਿੰਘ ਸਿੱਧੂ, ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਸਲਾਹਕਾਰ ਨੰਬਰਦਾਰ ਮਹਿੰਦਰ ਸਿੰਘ ਨਾਹਲ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਬਲਾਕ ਪ੍ਰਧਾਨ ਮਨੋਜ ਕੁਮਾਰ ਸਰੋਏ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪੂਰਣ ਸਿੰਘ, ਸੁੱਚਾ ਸਿੰਘ, ਮੱਖਣ ਸਿੰਘ, ਸਮਾਜ ਸੇਵੀ ਸੀਤਾ ਰਾਮ ਸੋਖਲ ਨੇ ਸਾਂਝੇ ਤੌਰ ‘ਤੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦਿਆਂ ਸਾਡੀ ਅਪੀਲ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ। ਤੁਹਾਡੀ ਸ਼ਮੂਲੀਅਤ ਹੀ ਸਕੂਲ ਬਣਵਾਏਗੀ।ਵਰਨਣਯੋਗ ਹੈ ਇਸ ਸਕੂਲ ਨੂੰ ਮੁਕੰਮਲ ਕਰਵਾਉਣ ਲਈ ਕਈ ਸੂਝਵਾਨ ਪਤਵੰਤਿਆਂ ਵੱਲੋਂ ਕਈ ਮੰਗ ਪੱਤਰ ਹਲਕਾ ਵਿਧਾਇਕ ਨੂੰ ਸੌਂਪੇ ਜਾ ਚੁੱਕੇ ਹਨ। ਹਲਕਾ ਵਿਧਾਇਕ ਵੱਲੋਂ ਵੀ ਇਸ ਸਕੂਲ ਦਾ ਨਿਰਮਾਣ ਮੁਕੰਮਲ ਕਰਨ ਲਈ ਕਈ ਵਾਅਦੇ ਕੀਤੇ ਜਾ ਚੁੱਕੇ ਹਨ। ਹਲਕਾ ਵਿਧਾਇਕ ਦੇ ਕੀਤੇ ਵਾਅਦਿਆਂ ਤੋਂ ਵਾਰ ਵਾਰ ਮੁੱਕਰਣ ਕਾਰਣ ਅੱਜ ਕਰੜੇ ਸੰਘਰਸ਼ ਕਰਨ ਦੀ ਨੌਬਤ ਆ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly