ਨਵੀਂ ਦਿੱਲੀ (ਸਮਾਜ ਵੀਕਲੀ):ਸੰਸਦ ’ਚ ਅੜਿੱਕੇ ਲਈ ਕੇਂਦਰ ਨੂੰ ਬਰਾਬਰ ਦੀ ਜ਼ਿੰਮੇਵਾਰ ਦੱਸਦਿਆਂ 14 ਵਿਰੋਧੀ ਧਿਰਾਂ ਦੇ ਆਗੂਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੀ ਪੈਗਾਸਸ ਵਿਵਾਦ ਅਤੇ ਕਿਸਾਨਾਂ ਦੇ ਮੁੱਦੇ ’ਤੇ ਬਹਿਸ ਦੀ ਮੰਗ ਮੰਨ ਕੇ ਸੰਸਦੀ ਲੋਕਤੰਤਰ ਦਾ ਸਤਿਕਾਰ ਕਰਨ। 14 ਪਾਰਟੀਆਂ ਦੇ 18 ਆਗੂਆਂ ਨੇ ਸਾਂਝੇ ਬਿਆਨ ’ਚ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸਰਕਾਰ ਇਕਜੁੱਟ ਹੋਈ ਵਿਰੋਧੀ ਧਿਰ ਨੂੰ ਬਦਨਾਮ ਕਰਨ ਲਈ ਗੁੰਮਰਾਹਕੁਨ ਮੁਹਿੰਮ ਚਲਾ ਰਹੀ ਹੈ ਅਤੇ ਸੰਸਦ ਦੀ ਕਾਰਵਾਈ ’ਚ ਜਾਰੀ ਅੜਿੱਕੇ ਲਈ ਉਸ ’ਤੇ ਦੋਸ਼ ਮੜ੍ਹੇ ਜਾ ਰਹੇ ਹਨ।
ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰ ਹੰਕਾਰ ਅਤੇ ਜ਼ਿਦ ’ਚ ਆ ਕੇ ਵਿਰੋਧੀ ਧਿਰ ਦੀ ਮੰਗ ਨੂੰ ਨਹੀਂ ਮੰਨ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਪੈਗਾਸਸ ਮੁੱਦੇ ’ਤੇ ਦੋਵੇਂ ਸਦਨਾਂ ’ਚ ਬਹਿਸ ਅਤੇ ਗ੍ਰਹਿ ਮੰਤਰੀ ਦੇ ਜਵਾਬ ਦੀ ਆਪਣੀ ਮੰਗ ’ਤੇ ਡਟੀਆਂ ਹੋਈਆਂ ਹਨ ਕਿਉਂਕਿ ਜਾਸੂਸੀ ਕਾਰਨ ਕੌਮੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਵਿਰੋਧੀ ਧਿਰ ਨੇ ਕਿਹਾ ਹੈ ਕਿ ਪੈਗਾਸਸ ਜਾਸੂਸੀ ਕਾਂਡ ’ਤੇ ਬਹਿਸ ਤੋਂ ਬਾਅਦ ਤਿੰਨੋਂ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਦੇ ਮੁੱਦੇ ’ਤੇ ਵੀ ਬਹਿਸ ਹੋਵੇ।
ਇਹ ਬਿਆਨ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ, ਐੱਨਸੀਪੀ ਮੁਖੀ ਸ਼ਰਦ ਪਵਾਰ, ਡੀਐੱਮਕੇ ਦੇ ਟੀ ਆਰ ਬਾਲੂ, ਤਿਰੁਚੀ ਸ਼ਿਵਾ, ਕਾਂਗਰਸ ਦੇ ਆਨੰਦ ਸ਼ਰਮਾ, ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ, ਤ੍ਰਿਣਮੂਲ ਕਾਂਗਰਸ ਦੇ ਡੈਰੇਕ ’ਓ ਬ੍ਰਾਇਨ, ਕਲਿਆਣ ਬੈਨਰਜੀ, ਸ਼ਿਵ ਸੈਨਾ ਦੇ ਸੰਜੈ ਰਾਊਤ ਅਤੇ ਵਿਨਾਇਕ ਰਾਊਤ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ ਹੈ। ਬਿਆਨ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਆਰਜੇਡੀ ਦੇ ਮਨੋਜ ਝਾਅ, ਸੀਪੀਐੱਮ ਦੇ ਈ ਕਰੀਮ, ਸੀਪੀਆਈ ਦੇ ਬਿਨੋਏ ਵਿਸ਼ਵਮ, ਆਪ ਦੇ ਸੁਸ਼ੀਲ ਗੁਪਤਾ, ਆਈਯੂਐੱਮਐੱਲ ਦੇ ਮੁਹੰਮਦ ਬਸ਼ੀਰ, ਐੱਨਸੀ ਦੇ ਹਸਨੈਨ ਮਸੂਦੀ, ਆਰਐੱਸਪੀ ਦੇ ਐੱਨ ਕੇ ਪ੍ਰੇਮਚੰਦਰਨ ਅਤੇ ਐੱਲਜੇਡੀ ਦੇ ਐੱਮ ਵੀ ਸ਼੍ਰੇਯਮਸ ਕੁਮਾਰ ਸ਼ਾਮਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly