- ਸਰਕਾਰ ’ਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ
- ਮੁਅੱਤਲੀ ਖਿਲਾਫ਼ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਜਾਰੀ
ਨਵੀਂ ਦਿੱਲੀ (ਸਮਾਜ ਵੀਕਲੀ): ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਸਰਦ ਰੁੱਤ ਇਜਲਾਸ ਦੌਰਾਨ ਉਪਰਲੇ ਸਦਨ ਵਿੱਚ ਬਣੇ ਜਮੂਦ ਲਈ ਸਿੱਧੇ ਤੌਰ ’ਤੇ ਸਰਕਾਰ ਜ਼ਿੰਮੇਵਾਰ ਹੈ। ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਰਾਜ ਸਭਾ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕੀਤੇ ਜਾਣ ਤੱਕ ਆਪਣੇ ਸਾਂਝੇ ਪ੍ਰਦਰਸ਼ਨ ਨੂੰ ਜਾਰੀ ਰੱਖਣਗੀਆਂ।
ਇਥੇ ਸੰਸਦ ਦੇ ਬਾਹਰ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਖੜਗੇ ਨੇ ਕਿਹਾ ਕਿ ਮੁਅੱਤਲੀ ਨੇਮਾਂ ਖ਼ਿਲਾਫ਼ ਕਥਿਤ ਗੈਰਜਮਹੂਰੀ ਹੈ। ਉਨ੍ਹਾਂ ਲੋਕ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਮੁਅੱਤਲੀ ਦੇ ਫੈਸਲੇ ਖ਼ਿਲਾਫ਼ ਲਾਏ ਧਰਨੇ ਵਿੱਚ ਆ ਕੇ ਬੈਠਣ। ਉਨ੍ਹਾਂ ਕਿਹਾ, ‘‘ਸਰਕਾਰ ਰਾਜ ਸਭਾ ਵਿੱਚ ਬਣੇ ਜਮੂਦ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅਸੀਂ ਚੇਅਰਮੈਨ ਤੇ ਸਰਕਾਰ ਨਾਲ ਕੀਤੀਆਂ ਮੁਲਾਕਾਤਾਂ ਦੌਰਾਨ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਸੰਸਦ ਮੈਂਬਰਾਂ ਨੂੰ ਇੰਜ ਮੁਅੱਤਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ 12 ਸੰਸਦ ਮੈਂਬਰਾਂ ਨੂੰ ਪਿਛਲੇ ਮੌਨਸੂਨ ਇਜਲਾਸ ਦੀ ਕਾਰਵਾਈ ਲਈ ਗ਼ਲਤ ਤੇ ਗੈਰਜਮਹੂਰੀ ਤਰੀਕੇ ਨਾਲ ਮੁਅੱਤਲ ਕੀਤਾ ਹੈ।’ ਉਨ੍ਹਾਂ ਕਿਹਾ, ‘‘ਇੰਜ ਲਗਦਾ ਹੈ ਕਿ ਸਰਕਾਰ ਸਦਨ ਦੀ ਕਾਰਵਾਈ ਚਲਾਉਣ ਦੀ ਕੋਈ ਮਨਸ਼ਾ ਨਹੀਂ ਰੱਖਦੀ। ਜਦੋਂ ਤੱਕ ਮੁਅੱਤਲੀ ਦਾ ਫੈਸਲਾ ਵਾਪਸ ਨਹੀਂ ਹੁੰਦਾ, ਸਾਡੀ ਲੜਾਈ ਜਾਰੀ ਰਹੇਗੀ। ਅਸੀਂ ਆਪਣੀ ਆਵਾਜ਼ ਨੂੰ ਦਬਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ।
ਜਮਹੂਰੀਅਤ ਵਿੱਚ ਅਜਿਹੇ ਵਰਤਾਰੇ ਲਈ ਕੋਈ ਥਾਂ ਨਹੀਂ ਹੈ ਤੇ ਅਸੀਂ ਕਿਸੇ ਤਰ੍ਹਾਂ ਦਾ ਤਾਨਾਸ਼ਾਹੀ ਦੀ ਇਜਾਜ਼ਤ ਨਹੀਂ ਦੇਵਾਂਗੇ। ਮੋਦੀ ਜੀ ਤਾਨਾਸ਼ਾਹੀ ਦੇ ਦਮ ’ਤੇ ਸੰਸਦ ਚਲਾਉਣਾ ਚਾਹੁੰਦੇ ਹਨ, ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।’’ ਉਧਰ ਵਿਰੋਧੀ ਧਿਰਾਂ ਵੱਲੋਂ 12 ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਸੰਸਦੀ ਅਹਾਤੇ ਵਿੱਚ ‘ਧਰਨੇ ਪ੍ਰਦਰਸ਼ਨਾਂ’ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਜਿਉਂ ਹੀ ਰਾਜ ਸਭਾ ਜੁੜੀ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੁਅੱਤਲੀ ਦਾ ਫੈਸਲਾ ਵਾਪਸ ਲੲੇ ਜਾਣ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਜਿਵੇਂ ਹੀ ਸਦਨ ਦੇ ਦਫ਼ਤਰੀ ਸਟਾਫ਼ ਨੇ ਮੇਜ਼ ’ਤੇ ਅਧਿਕਾਰਤ ਪੇਪਰ ਰੱਖਣੇ ਸ਼ੁਰੂ ਕੀਤੇ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਧਾਰਾ 267 ਤਹਿਤ ਦਿੱਤੇ ਨੋਟਿਸ ਦੇ ਹਵਾਲੇ ਨਾਲ ਸਦਨ ਦਾ ਕੰਮਕਾਜ ਰੋਕ ਕੇ ਮੁਅੱਤਲੀ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਦੀ ਮੰਗ ਕੀਤੀ, ਜਿਸ ਨੂੰ ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕਈਆ ਨਾਇਡੂ ਨੇ ਖਾਰਜ ਕਰ ਦਿੱਤਾ। ਰੌਲਾ-ਰੱਪਾ ਪੈਂਦਾ ਵੇਖ ਚੇਅਰ ਨੇ ਸਦਨ ਦੀ ਕਾਰਵਾਈ ਨੂੰ ਬਾਅਦ ਦੁਪਹਿਰ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤਾ।
ਇਸ ਮਗਰੋਂ ਵਿਰੋਧੀ ਧਿਰਾਂ ਸੰਸਦੀ ਅਹਾਤੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਮੁਅੱਤਲ ਸੰੰਸਦ ਮੈਂਬਰਾਂ ਵੱਲੋਂ ਲਾਏ ਧਰਨੇ ਵਿੱਚ ਸ਼ਾਮਲ ਹੋ ਗਈਆਂ। ਧਰਨੇ ਵਿੱਚ ਐਨਸੀਪੀ ਆਗੂ ਸ਼ਰਦ ਪਵਾਰ ਤੇ ਪ੍ਰਫੁੱਲ ਪਟੇਲ ਤੋਂ ਇਲਾਵਾ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੈ ਰਾਊਤ ਵੀ ਮੌਜੂਦ ਸਨ। ਰਾਜ ਸਭਾ ਵਿੱਚ ਪੈਂਦੇ ਰੌਲੇ-ਰੱਪੇ ਦਰਮਿਆਨ ਹੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਦਿ ਅਸਿਸਟਿਡ ਰਿਪ੍ਰੋਡਕਟਿਵ ਤਕਨਾਲੋਜੀ (ਰੈਗੂਲੇਸ਼ਨ) ਬਿੱਲ 2021 ਤੇ ਦਿ ਸਰੋਗੇਸੀ (ਰੈਗੂਲੇੇਸ਼ਨ) ਬਿੱਲ 2020 ਪੇਸ਼ ਕੀਤੇ। ਬਾਅਦ ਦੁਪਹਿਰ ਤਿੰਨ ਵਜੇ ਸਦਨ ਮੁੜ ਜੁੜਿਆ ਤਾਂ ਉਪ ਚੇਅਰਮੈਨ ਹਰਿਵੰਸ਼ ਨੇ ਮਾਂਡਵੀਆ ਨੂੰ ਬਿੱਲ ਪੇਸ਼ ਕਰਨ ਲਈ ਕਿਹਾ। ਹਾਂਲਾਕਿ ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ-ਰੱਪੇ ਕਰਕੇ ਸਦਨ ਨੂੰ ਸਵਾ ਤਿੰਨ ਵਜੇ ਦੇ ਕਰੀਬ ਪੂਰੇ ਦਿਨ ਲਈ ਉਠਾ ਦਿੱਤਾ ਗਿਆ।(ਸਮਾਜ ਵੀਕਲੀ):