ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਛੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਚਾਰ ਸੂਬਿਆਂ ਦੇ ਆਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਕੇ ’ਚ ਨਕਸਲੀਆਂ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਅਤੇ ਉਨ੍ਹਾਂ ਨੂੰ ਮਿਲਦੀ ਵਿੱਤੀ ਮਦਦ ਰੋਕਣ ਦੇ ਦੋ ਮੁੱਖ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਨੇ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਸੁਰੱਖਿਆ ਦੀ ਸਥਿਤੀ ਅਤੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਵੀ ਲਿਆ ਹੈ।
ਲਗਪਗ ਤਿੰਨ ਘੰਟੇ ਚੱਲੀ ਮੀਟਿੰਗ ਦੌਰਾਨ ਨਕਸਲੀਆਂ ਦੇ ਮੁੱਖ ਸੰਗਠਨਾਂ ਖ਼ਿਲਾਫ਼ ਕਾਰਵਾਈ, ਸੁਰੱਖਿਆ ਦੇ ਖੇਤਰ ’ਚ ਖਾਲੀਪਨ ਨੂੰ ਭਰਨ ਤੋਂ ਇਲਾਵਾ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਕੌਮੀ ਜਾਂਚ ਏਜੰਸੀ (ਐੱਨਆਈਏ) ਅਤੇ ਸੂਬਾ ਪੁਲੀਸ ਵੱਲੋਂ ਠੋਸ ਕਾਰਵਾਈ ਵਰਗੇ ਅਹਿਮ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਛੇ ਮੁੱਖ ਮੰਤਰੀ ਨਵੀਨ ਪਟਨਾਇਕ (ਉੜੀਸਾ), ਕੇ. ਚੰਦਰਸ਼ੇਖਰ ਰਾਓ (ਤਿਲੰਗਾਨਾ), ਨਿਤੀਸ਼ ਕੁਮਾਰ (ਬਿਹਾਰ), ਸ਼ਿਵਰਾਜ ਸਿੰਘ ਚੌਹਾਨ (ਮੱਧ ਪ੍ਰਦੇਸ਼), ਊੁਧਵ ਠਾਕਰੇ (ਮਹਾਰਾਸ਼ਟਰ), ਅਤੇ ਹੇਮੰਤ ਸੋਰੇਨ (ਝਾਰਖੰਡ) ਸ਼ਾਮਲ ਹੋੲੇ ਜਦਕਿ ਚਾਰ ਸੂਬਿਆਂ ਦੇ ਮੁੱਖ ਮੰਤਰੀ, ਜਿਨ੍ਹਾਂ ਵਿੱਚ ਮਮਤਾ ਬੈਨਰਜੀ (ਪੱਛਮੀ ਬੰਗਾਲ), ਭੁਪੇਸ਼ ਬਘੇਲ (ਛੱਤੀਸਗੜ੍ਹ), ਵਾਈ.ਐੱਸ. ਜਗਨਮੋਹਨ ਰੈੱਡੀ (ਆਂਧਰਾ ਪ੍ਰਦੇਸ਼) ਅਤੇ ਪਿਨਾਰਾਈ ਵਿਜਯਨ (ਕੇਰਲਾ) ਸ਼ਾਮਲ ਹਨ, ਮੀਟਿੰਗ ’ਚ ਸ਼ਾਮਲ ਨਹੀਂ ਹੋਏ। ਇਨ੍ਹਾਂ ਸੂਬਿਆਂ ਵੱਲੋਂ ਸੀਨੀਅਰ ਅਧਿਕਾਰੀ ਮੀਟਿੰਗ ’ਚ ਸ਼ਾਮਲ ਹੋਏ।
ਸੂਤਰਾਂ ਮੁਤਾਬਕ ਮੀਟਿੰਗ ’ਚ ਨਕਸਲੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰਨ, ਨਕਸਲੀ ਮਾਮਲਿਆਂ ਦੀ ਜਾਂਚ ਕਰਨ ਅਤੇ ਮੁਕੱਦਮੇ ਚਲਾਉਣ, ਨਕਸਲੀਆਂ ਨਾਲ ਜੁੜੇ ਸੰਗਠਨਾਂ ਖ਼ਿਲਾਫ਼ ਕਾਰਵਾਈ, ਸੂਬਿਆਂ ਵਿਚਾਲੇ ਤਾਲਮੇਲ, ਸੂਬਾਈ ਖੁਫ਼ੀਆ ਸ਼ਾਖਾਵਾਂ ਅਤੇ ਸੂਬਿਆਂ ਦੇ ਵਿਸ਼ੇਸ਼ ਬਲਾਂ ਦੀ ਸਮਰੱਥਾ ਵਧਾਉਣ ਅਤੇ ਮਜ਼ਬੂਤ ਪੁਲੀਸ ਥਾਣਿਆਂ ਦੇ ਨਿਰਮਾਣ ’ਤੇ ਚਰਚਾ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਮੁੱਖ ਮੰਤਰੀਆਂ ਅਤੇ ਆਲ੍ਹਾ ਅਧਿਕਾਰੀਆਂ ਨਾਲ ਨਕਸਲ ਪ੍ਰਭਾਵਿਤ ਇਲਾਕਿਆਂ ’ਚ ਸੁਰੱਖਿਆ ਦੀ ਸਥਿਤੀ, ਮਾਓਵਾਦੀਆਂ ਖ਼ਿਲਾਫ਼ ਚੱਲ ਰਹੇ ਅਪਰੇਸ਼ਨਾਂ ਅਤੇ ਪ੍ਰਾਜੈਕਟਾਂ ਦੇ ਵਿਕਾਸ ਸਬੰਧੀ ਸਮੀਖਿਆ ਕੀਤੀ ਹੈ। ਸ਼ਾਹ ਨੇ ਇਨ੍ਹਾਂ ਨੇ ਸੂਬਿਆਂ ਦੀਆਂ ਲੋੜਾਂ, ਨਕਸਲੀਆਂ ਨਾਲ ਨਜਿੱਠਣ ਲਈ ਤਾਇਨਾਤ ਬਲਾਂ ਦੀ ਗਿਣਤੀ, ਨਕਸਲ ਪ੍ਰਭਾਵਿਤ ਇਲਾਕਿਆਂ ’ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਜਿਵੇਂ ਸੜਕਾਂ, ਪੁਲਾਂ, ਸਕੂਲਾਂ ਅਤੇ ਸਿਹਤ ਕੇਂਦਰਾਂ ਦੇ ਨਿਰਮਾਣ ਆਦਿ ਦਾ ਜਾਇਜ਼ਾ ਲਿਆ।
ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ ਉਨ੍ਹਾਂ ਦੇ ਰਾਜ ’ਚ ਮਾਓਵਾਦੀ ਸਮੱਸਿਆ ਸਿਰਫ ਤਿੰਨ ਜ਼ਿਲ੍ਹਿਆਂ ਤੱਕ ਸੀਮਤ ਰਹਿ ਗਈ ਹੈ ਅਤੇ ਮੀਟਿੰਗ ਵਿੱਚ ਇਸ ਗੱਲ ’ਤੇ ਵੀ ਚਰਚਾ ਹੋਈ ਕਿ ਇਸ ਨੂੰ ਹੋਰ ਘਟਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ।
ਮੀਟਿੰਗ ’ਚ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ, ਗਿਰੀਰਾਜ ਸਿੰਘ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਤੋਂ ਇਲਾਵਾ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਇੰਟੈਲੀਜੈਂਸ ਬਿਊਰੋਂ ਡਾਇਰੈਕਟਰ ਅਰਵਿੰਦ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly