*ਐਡਵੋਕੇਟ ਸ਼ਾਲਿਨੀ ਗੇਰਾ ਹੋਣਗੇ ਮੁੱਖ ਵਕਤਾ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਇੱਥੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਛੱਤੀਸਗੜ੍ਹ ਅਤੇ ਹੋਰ ਆਦਿਵਾਸੀ ਇਲਾਕਿਆਂ ਵਿਚ ਵੱਖ-ਵੱਖ ਨਾਵਾਂ ਹੇਠ ਨੀਮ-ਫ਼ੌਜੀ ਤਾਕਤਾਂ ਤਾਇਨਾਤ ਕਰਕੇ ਇਨਕਲਾਬੀ ਰਾਜਨੀਤਕ ਕਾਰਕੁਨਾਂ ਅਤੇ ਆਦਿਵਾਸੀ ਲੋਕਾਂ ਦੀਆਂ ਮੁਕਾਬਲਿਆਂ ਵਿਚ ਹੱਤਿਆਵਾਂ ਕਰਨ ਅਤੇ ਵਿਕਾਸ ਦੇ ਨਾਂ ਹੇਠ ਸੁਰੱਖਿਆ ਬਲਾਂ ਦੇ ਵਿਸ਼ੇਸ਼ ਕੈਂਪਾਂ ਰਾਹੀਂ ਕੀਤੀ ਜਾ ਰਹੀ ਨਸਲਕੁਸ਼ੀ ਉੱਪਰ ਗੰਭੀਰ ਚਿੰਤਾ ਪ੍ਰਗਟਾਈ ਗਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡਾ.ਪਰਮਿੰਦਰ, ਪ੍ਰੋਫੈਸਰ ਏ.ਕੇ.ਮਲੇਰੀ ਅਤੇ ਬੂਟਾ ਸਿੰਘ ਮਹਿਮੂਦਪੁਰ ਨੇ ਦੱਸਿਆ ਕਿ ਭਾਰਤੀ ਹੁਕਮਰਾਨ ਜਮਾਤ ਵੱਲੋਂ ਥੋਪੇ ਕਾਰਪੋਰੇਟ ਪੱਖੀ ਆਰਥਿਕ ਮਾਡਲ ਵਿਰੁੱਧ ਲੋਕਾਂ ਦੇ ਜਮਹੂਰੀ ਵਿਰੋਧ ਨੂੰ ਕੁਚਲਣ ਲਈ ਸਟੇਟ ਦੀ ਵਿਆਪਕ ਜਾਬਰ ਮਸ਼ੀਨਰੀ ਝੋਕਕੇ ਹਕੂਮਤੀ ਦਹਿਸ਼ਤਵਾਦ ਦਾ ਨੰਗਾ ਨਾਚ ਨੱਚਿਆ ਜਾ ਰਿਹਾ ਹੈ। ਇਸ ਕਰੂਰ ਜਬਰ ਦਾ ਇਕ ਸਾਂਝਾ ਫਾਸ਼ੀਵਾਦੀ ਪੈਟਰਨ ਕਸ਼ਮੀਰੀ ਲੋਕਾਂ ਦੀ ਸਵੈਨਿਰਣੇ ਦੀ ਲਹਿਰ ਨੂੰ ਦਰੜਨ ਤੋਂ ਲੈ ਕੇ ਮਨੀਪੁਰ ਸਮੇਤ ਸਮੁੱਚੇ ਉੱਤਰ-ਪੂਰਬ, ਅਤੇ ਕਥਿਤ ਵਿਕਾਸ ਮਾਡਲ ਨੂੰ ਜਥੇਬੰਦ ਚੁਣੌਤੀ ਦੇ ਰਹੇ ਆਦਿਵਾਸੀ ਇਲਾਕਿਆਂ ਅੰਦਰ ਝੂਠੇ ਮੁਕਾਬਲਿਆਂ ਸਮੇਤ ਹਰ ਤਰ੍ਹਾਂ ਦੇ ਰਾਜਕੀ ਦਹਿਸ਼ਤਵਾਦ ਅਤੇ ਇਸ ਤੋਂ ਅੱਗੇ ਪੂਰੇ ਦੇਸ਼ ਵਿਚ ਕਿਸਾਨਾਂ, ਮਜ਼ਦੂਰਾਂ ਦੇ ਪੁਰਅਮਨ ਸੰਘਰਸ਼ਾਂ ਵਿਰੁੱਧ ਹਕੂਮਤੀ ਹਥਿਆਰਬੰਦ ਤਾਕਤ ਦੀ ਬੇਕਿਰਕ ਵਰਤੋਂ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। 30 ਦਸੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਈ ਜਾ ਰਹੀ ਸੂਬਾਈ ਕਨਵੈਨਸ਼ਨ ਨਕਸਲਵਾਦ ਨੂੰ ਖ਼ਤਮ ਕਰਨ ਦੇ ਨਾਂ ਹੇਠ ਚਲਾਏ ਜਾ ਰਹੇ ਰਾਜਕੀ ਦਹਿਸ਼ਤਵਾਦ ਪਿੱਛੇ ਕੰਮ ਕਰਦੇ ਕਾਰਪੋਰੇਟ-ਹਿੰਦੂਤਵ ਗੱਠਜੋੜ ਦੇ ਅਸਲ ਮਨੋਰਥ ਬਾਰੇ ਸਪਸ਼ਟ ਕਰਨ ਅਤੇ ਇਸ ਫਾਸ਼ੀਵਾਦੀ ਵਰਤਾਰੇ ਨੂੰ ਠੱਲ ਪਾਉਣ ਲਈ ਵਿਸ਼ਾਲ ਜਮਹੂਰੀ ਲਹਿਰ ਖੜ੍ਹੀ ਕਰਨ ਦੀ ਲੋੜ ਨੂੰ ਮੁਖ਼ਾਤਿਬ ਹੋਵੇਗੀ।ਜਿਸ ਵਿਚ ਮੁੱਖ ਵਕਤਾ ਲੋਕਪੱਖੀ ਵਕੀਲਾਂ ਦੀ ਸੰਸਥਾ ‘ਜਗਦਲਪੁਰ ਲੀਗਲ ਏਡ ਗਰੁੱਪ’ ਦੀ ਪ੍ਰਤੀਨਿਧ ਐਡਵੋਕੇਟ ਸ਼ਾਲਿਨੀ ਗੇਰਾ ਅਤੇ ਮਨੁੱਖੀ ਹੱਕਾਂ ਦੀ ਪਹਿਰੇਦਾਰ ਨਾਮਵਰ ਸ਼ਖ਼ਸੀਅਤ ਡਾ. ਨਵਸ਼ਰਨ ਹੋਣਗੇ। ਕਨਵੈਨਸ਼ਨ ਦੀ ਤਿਆਰੀ ਲਈ ਪੰਜਾਬ ਭਰ ’ਚ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ। ਜਿਸ ਵਿਚ ਸਮੂਹ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਰੰਗਕਰਮੀਆਂ, ਵਕੀਲਾਂ, ਪੱਤਰਕਾਰਾਂ ਸਮੇਤ ਸਮੂਹ ਲੋਕਪੱਖੀ ਅਗਾਂਹਵਧੂ ਸੰਸਥਾਵਾਂ ਅਤੇ ਤਾਕਤਾਂ ਨੂੰ ਦਣਦਣਾ ਰਹੇ ਜਾਬਰ ਹਮਲੇ ਤੋਂ ਸੁਚੇਤ ਹੋਣ ਅਤੇ ਇਸ ਵਿਰੁੱਧ ਸਿਰ ਜੋੜਕੇ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly