ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਚੂਨ ਤੇ ਥੋਕ ਵਪਾਰ ਨੂੰ ਲਘੂ, ਛੋਟੀਆਂ ਤੇ ਦਰਮਿਆਨੀ ਸਨਅਤਾਂ (ਐਮਐੱਸਐਮਈ) ਦੇ ਘੇਰੇ ਵਿਚ ਸ਼ਾਮਲ ਕੀਤੇ ਜਾਣ ਦੇ ਫ਼ੈਸਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਿਸਾਲੀ’ ਕਰਾਰ ਦਿੱਤਾ ਹੈ। ਇਸ ਨਾਲ ਵਪਾਰੀਆਂ ਨੂੰ ਤਰਜੀਹ ਦੇ ਅਧਾਰ ਉਤੇ ਉਧਾਰ ਲੈਣ ਵਿਚ ਮਦਦ ਮਿਲੇਗੀ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਵਰਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਇਸ ਬਾਰੇ ਐਲਾਨ ਕੀਤਾ ਸੀ।
ਲਘੂ, ਛੋਟੀਆਂ ਦੇ ਦਰਮਿਆਨੀ ਸਨਅਤਾਂ ਨੂੰ ਆਰਬੀਆਈ ਦੇ ਨੇਮਾਂ ਮੁਤਾਬਕ ਕਰਜ਼ਾ ਦੇਣ ਲਈ ਤਰਜੀਹੀ ਵਰਗਾਂ ਵਿਚ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮ ਨਾਲ ਵਪਾਰੀਆਂ ਨੂੰ ਅਸਾਨੀ ਨਾਲ ਵਿੱਤੀ ਮਦਦ ਮਿਲ ਸਕੇਗੀ। ਹੋਰ ਵੀ ਕਈ ਲਾਭ ਮਿਲਣਗੇ ਜਿਸ ਨਾਲ ਉਨ੍ਹਾਂ ਦਾ ਵਪਾਰ ਵਧੇਗਾ। ਸੂਤਰਾਂ ਦਾ ਕਹਿਣਾ ਹੈ ਇਸ ਕਦਮ ਦਾ ਛੋਟੇ ਪ੍ਰਚੂਨ ਤੇ ਥੋਕ ਵਪਾਰੀਆਂ ’ਤੇ ਤੁਰੰਤ ਅਸਰ ਪਵੇਗਾ, ਜਿਨ੍ਹਾਂ ਦਾ ਵਿੱਤੀ ਲੈਣ-ਦੇਣ 250 ਕਰੋੜ ਰੁਪਏ ਤੱਕ ਦਾ ਹੈ, ਉਨ੍ਹਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਤੁਰੰਤ ਵਿੱਤੀ ਮਦਦ ਮਿਲੇਗੀ।
ਸਰਕਾਰੀ ਸੂਤਰਾਂ ਮੁਤਾਬਕ ਇਸ ਕਦਮ ਨਾਲ ਥੋਕ ਤੇ ਪ੍ਰਚੂਨ ਖੇਤਰ ਰਸਮੀ ਵਪਾਰਕ ਖੇਤਰਾਂ ਵਿਚ ਆ ਜਾਵੇਗਾ। ਇਸ ਤਰ੍ਹਾਂ ਇਹ ਢਾਂਚਾਗਤ ਖੇਤਰ ਬਣੇਗਾ ਤੇ ਚੰਗੇ ਵਿੱਤੀ ਬਦਲ ਮੌਜੂਦ ਹੋਣਗੇ। ਥੋਕ ਤੇ ਪ੍ਰਚੂਨ ਨਾਲ ਜੁੜੇ ਸੰਗਠਨਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਇਸ ਖੇਤਰ ਦਾ ਵੀ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly