(ਸਮਾਜ ਵੀਕਲੀ) ਮੈਂ 13 -10 – 1982 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੇਹਲਕਲਾਂ ਵਿਖੇ ਸਿਵਲ ਪਸ਼ੂ ਹਸਪਤਾਲ ਵਿੱਚ ਆਪਣੀ ਪਹਿਲੀ ਹਾਜ਼ਰੀ ਲਗਾਈ । ਉਹਨਾਂ ਵੇਲਿਆਂ ਵਿੱਚ ਆਵਾਜਾਈ ਦੇ ਸਾਧਨ ਬਹੁਤ ਹੀ ਸੀਮਤ ਸਨ । ਮੈਨੂੰ ਲੇਹਲ ਕਲਾਂ ਵਿਖੇ ਹੀ ਰਿਹਾਇਸ਼ ਰੱਖਣੀ ਪੈਣੀਂ ਸੀ । ਮੇਰੇ ਲਈ ਪਿੰਡ ਪੂਰੀ ਤਰਾਂ ਓਪਰਾ ਸੀ। ਉਹਨਾਂ ਦੀ ਬੋਲੀ ਵੀ ਅਲੱਗ ਸੀ। ਹਸਪਤਾਲ ਵਿੱਚ ਉਸ ਵੇਲੇ ਡਾਕਟਰ ਮੋਹਨ ਸਿੰਘ ਲਿੱਦੜਾਂ ਇੰਚਾਰਜ ਸਨ। ਉਹਨਾਂ ਨੇ ਇਹ ਕਹਿ ਕੇ ਮੇਰਾ ਮਸਲਾ ਹੱਲ ਕਰ ਦਿੱਤਾ ਕਿ ਤੂੰ ਸਾਡੇ ਨਾਲ ਹੀ ਰਹਿ ਲਵੀਂ। ਉਹਨਾਂ ਨਾਲ ਹਰਦੇਵ ਸਿੰਘ ਡਰਾਇੰਗ ਮਾਸਟਰ ਜੀ ਵੀ ਰਹਿੰਦੇ ਸਨ । ਮੈਂ ਉਹਨਾਂ ਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ। ਮੈਂ ਸਾਰਿਆਂ ਵਿੱਚੋਂ ਛੋਟੀ ਉਮਰ ਦਾ ਸਾਂ। ਪਿੰਡ ਦਾ ਇੱਕ ਗੁੱਡੂ ਨਾਂ ਦਾ ਬੰਦਾ ਵੀ ਸਾਡੇ ਕੋਲ ਹਰ ਰੋਜ਼ ਆਉਂਦਾ। ਉੱਥੇ ਹੀ ਰੋਟੀ ਪਾਣੀ ਖਾ ਪੀ ਲੈਂਦਾ । ਕਈ ਵਾਰ ਸਾਡੇ ਕੋਲ ਹੀ ਰਾਤ ਰਹਿ ਜਾਂਦਾ। ਉਹ ਮੈਨੂੰ ਬਹੁਤ ਟਿੱਚਰਾਂ ਕਰਦਾ । ਸ਼ੁਰੂ ਸ਼ੁਰੂ ਵਿੱਚ ਮੈਂ ਕਾਫੀ ਕੋਫ਼ਤ ਮਹਿਸੂਸ ਕੀਤੀ ਪ੍ਰੰਤੂ ਮੈਂ ਜਲਦ ਹੀ ਮਾਹੌਲ ਵਿੱਚ ਰਚ ਮਿਚ ਗਿਆ ਕਿਉਂਕਿ ਉਹ ਸਾਰੇ ਮੈਨੂੰ ਮੋਹ ਵੀ ਬਹੁਤ ਕਰਦੇ ਸਨ । ਅਸੀਂ ਕਈ ਵਾਰ ਸਾਰੇ ਦੇ ਸਾਰੇ ਗੁੱਡੂ ਕੇ ਘਰ ਵੀ ਰੋਟੀ ਖਾਣ ਚਲੇ ਜਾਂਦੇ । ਬਾਅਦ ਵਿਚ ਗੁੱਡੂ ਵੋਟਾਂ ਦੇ ਭਾਰੀ ਫ਼ਰਕ ਦੇ ਨਾਲ ਪਿੰਡ ਦਾ ਸਰਪੰਚ ਵੀ ਬਣਿਆ।
ਲੇਹਲ ਕਲਾਂ ਦਾ ਪਸ਼ੂ ਹਸਪਤਾਲ ਉਹਨਾਂ ਵੇਲਿਆਂ ਵਿੱਚ ਡਾਕਟਰ ਮੋਹਨ ਸਿੰਘ ਦੀਆਂ ਵਧੀਆ ਸੇਵਾਵਾਂ ਕਾਰਨ ਬਹੁਤ ਮਸ਼ਹੂਰ ਸੀ। ਨੇੜੇ ਦੇ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕ ਇਲਾਜ ਲਈ ਆਪਣੇ ਪਸ਼ੂਆਂ ਨੂੰ ਲੇਹਲ ਕਲਾਂ ਹਸਪਤਾਲ ਵਿੱਚ ਲੈ ਕੇ ਆਉਂਦੇ । ਹਸਪਤਾਲ ਵਿੱਚ ਸਾਰਾ ਦਿਨ ਮੇਲਾ ਲੱਗਿਆ ਰਹਿੰਦਾ। ਲੋਕਾਂ ਨਾਲ ਰਗ ਮਿਲਦੀ ਹੋਣ ਕਾਰਨ ਸਾਰਾ ਦਿਨ ਹਾਸਾ ਠੱਠਾ, ਟਿੱਚਰ, ਮਖੌਲ ਚਲਦੇ ਰਹਿੰਦੇ । ਲਹਿਲ ਕਲਾਂ ਦਾ ਬਾਸ਼ਿੰਦਾ ਜੋ ਵੀ ਕੋਈ ਆਪਣਾ ਪਸ਼ੂ ਹਸਪਤਾਲ ਲੈ ਕੇ ਆਉਂਦਾ ਉਸ ਦੇ ਹੱਥ ਵਿੱਚ ਚਾਹ, ਦੁੱਧ ਜਾਂ ਲੱਸੀ ਦਾ ਡੋਲੂ ਜਰੂਰ ਹੁੰਦਾ। ਜਿਸ ਕਾਰਨ ਇਹ ਸਾਰਾ ਸਮਾਨ ਬਾਫ਼ਰ ਰਹਿੰਦਾ। ਬਾਹਰੋਂ ਆਏ ਪਸ਼ੂ ਪਾਲਕ ਵੀ ਅਕਸਰ ਛੱਕ ਕੇ ਜਾਂਦੇ।
ਉਹਨਾਂ ਵੇਲਿਆਂ ਵਿੱਚ ਹਸਪਤਾਲ ਵਿੱਚ ਦਵਾਈਆਂ ਵੀ ਕਾਫੀ ਮਾਤਰਾ ਵਿੱਚ ਉਪਲਬਧ ਹੁੰਦੀਆਂ ਸਨ । ਬਹੁਤੇ ਪਸ਼ੂਆਂ ਦਾ ਮਰਜ ਹਸਪਤਾਲ ਦੀ ਦਵਾਈ ਨਾਲ ਹੀ ਸੌਰ ਜਾਂਦਾ । ਕਦੇ ਕਦਾਈਂ ਹੀ ਕਿਸੇ ਕੇਸ ਵਿੱਚ ਸ਼ਹਿਰੋਂ ਲਿਆਉਣ ਲਈ ਦਵਾਈ ਲਿਖਦੇ । ਇਸ ਤਰਾਂ ਕਿਸੇ ਦਾ ਪਰਚੀ ਫੀਸ( ਜੋ ਕਿ ਪਹਿਲਾਂ 25 ਪੈਸੇ ਫਿਰ 50 ਪੈਸੇ ਹੋ ਗਈ ਸੀ ) ਤੋਂ ਬਿਨਾਂ ਕੋਈ ਖਰਚਾ ਨਾ ਹੁੰਦਾ। ਹੁਣ ਜਗਦੀਸ਼ ਪਾਪੜਾ ਵੀ ਲਹਿਲ ਕਲਾਂ ਆ ਹਾਜ਼ਰ ਹੋਇਆ ਸੀ । ਉਸ ਦਾ ਪਿੰਡ ਪਾਪੜਾ ਲਹਿਲਕਲਾਂ ਦਾ ਗੁਆਂਢੀ ਪਿੰਡ ਹੈ ।ਲਹਿਲ ਕਲਾਂ ਵਿੱਚ ਪੰਡਤਾਂ ਦੇ ਦੋ ਘਰਾਂ ਦੇ ਮੁੰਡਿਆਂ ਦਾ ਨਾਂ ਵੀ ਜਗਦੀਸ਼ ਸਨ । ਲਹਿਲਕਲਾਂ ਦੇ ਲੋਕ ਜਗਦੀਸ਼ ਨੂੰ ਵੀ ਪੰਡਿਤ ਸਮਝ ਕੇ ਸਤਿ ਸ੍ਰੀ ਅਕਾਲ ਦੀ ਥਾਂ ਪੰਡਿਤ ਜੀ ਮਹਾਰਾਜ ਬੁਲਾ ਦਿੰਦੇ। ਡਾਕਟਰ ਮੋਹਨ ਸਿੰਘ ਤੇ ਜਗਦੀਸ਼ ਪਾਪੜਾ ਯੂਨੀਵਰਸਿਟੀ ਵੇਲੇ ਦੇ ਆੜੀ ਸਨ।
ਸੋ ਇਸ ਤਰ੍ਹਾਂ ਹਸਪਤਾਲ ਦਾ ਮਾਹੌਲ ਬਹੁਤ ਹੀ ਲੋਕ ਵਾਰ ਬਣਿਆ ਹੋਇਆ ਸੀ। ਹਸਪਤਾਲ ਦਾ ਖੁੱਲਣ ਦਾ ਸਮਾਂ ਤਾਂ ਸੀ ਪਰ ਬੰਦ ਹੋਣ ਦਾ ਕੋਈ ਸਮਾਂ ਨਹੀਂ ਸੀ। ਸ਼ਾਮ ਤੱਕ ਲੋਕ ਪਸ਼ੂ ਲੈ ਕੇ ਆਈ ਜਾਂਦੇ । ਅਸੀਂ ਵੀ ਕਿਤੇ ਨਹੀਂ ਸਾਂ ਜਾਂਦੇ । ਹਸਪਤਾਲ ਦੇ ਸਾਹਮਣੇ ਵਾਲੀਬਾਲ ਦਾ ਨੈੱਟ ਲਗਾਇਆ ਹੁੰਦਾ ਸੀ । ਉਥੇ ਹੀ ਵਾਲੀਬਾਲ ਖੇਡਦੇ। ਸਕੂਲ ਦੇ ਬੱਚੇ ਆ ਜਾਂਦੇ ਖੇਡਣ ਲਈ ।ਕੁਝ ਬੱਚੇ ਪੜ੍ਹਨ ਲਈ ਵੀ ਆ ਜਾਂਦੇ । ਡਾਕਟਰ ਮੋਹਨ ਸਿੰਘ ਜਾਂ ਫਿਰ ਜਗਦੀਸ਼ ਸਿੰਘ ਉਹਨਾਂ ਨੂੰ ਪੜਾ ਦਿੰਦੇ । ਕੁਝ ਬੱਚੇ ਤਾਂ ਬਿਨਾਂ ਨਾਗਾ ਟਿਊਸ਼ਨ ਪੜ੍ਹਨ ਦੀ ਤਰਾਂ ਸਾਡੇ ਹਸਪਤਾਲ ਵਿੱਚ ਪੜ੍ਹਨ ਲਈ ਆਉਂਦੇ।
ਡਾਕਟਰ ਮੋਹਨ ਸਿੰਘ ਦਾ ਪਸ਼ੂਆਂ ਦਾ ਇਲਾਜ ਦੇ ਨਾਲ ਨਾਲ ਪਸ਼ੂਆਂ ਦੀ ਸਰਜਰੀ ਵਿੱਚ ਵੀ ਹੱਥ ਸਾਫ ਸੀ। ਜਿਸ ਕਾਰਨ ਪਿੰਡ ਅਤੇ ਬਾਹਰਲੇ ਪਿੰਡਾਂ ਦੇ ਅਨੇਕ ਲਾਚਾਰ ਪਸ਼ੂਆਂ ਦਾ ਇਲਾਜ ਹਸਪਤਾਲ ਵਿੱਚ ਹੀ ਹੋ ਜਾਂਦਾ। ਵਧੀਆ ਕੰਮ ਅਤੇ ਵਰਤਾਓ ਕਾਰਨ ਹਸਪਤਾਲ ਦਾ ਸੋਸ਼ਲ ਔਰਾ ਬਹੁਤ ਹੀ ਪ੍ਰਭਾਵਸ਼ਾਲੀ ਬਣਿਆ ਹੋਇਆ ਸੀ। ਜਦੋਂ ਕਿਸੇ ਮਰਨ ਕਿਨਾਰੇ ਪਸ਼ੂ ਨੂੰ ਇਲਾਜ ਨਾਲ ਬਚਾ ਲਿਆ ਜਾਂਦਾ ਤਾਂ ਲੋਕ ਚਰਚਾ ਕਰਦੇ ” ਬ੍ਹਾਈ ਡਾਕਟਰ ਮੋਹਨ ਸੂੰ ਤੋ ਦੂਸਰਾ ਰੱਬ ਐ।” ਇਲਾਕੇ ਦੇ ਸਾਰੇ ਰਸੂਖਵਾਨ ਬੰਦੇ ਡਾਕਟਰ ਮੋਹਨ ਸਿੰਘ ਕੋਲ ਹਸਪਤਾਲ ਵਿੱਚ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ । ਇਸ ਤਰ੍ਹਾਂ ਨਾਲ ਡਾਕਟਰ ਮੋਹਨ ਸਿੰਘ ਦਾ ਲੋਕਾਂ ਵਿੱਚ ਜੇ ਕਹੀਏ ਬਹੁਤ ਹੀ ਸਤਿਕਾਰ ਵਾਲਾ ਅਤੇ ਡਾਕਟਰੀ ਪੇਸ਼ੇ ਕਾਰਨ ਰੱਬੀ ਪ੍ਰਭਾਵ ਬਣਿਆ ਹੋਇਆ ਸੀ ।
ਸਾਡੀ ਰਿਹਾਇਸ਼ ਪਿੰਡ ਵਿੱਚ ਸੀਸ਼ਪਾਲ ਦੀ ਹਵੇਲੀ ਵਿੱਚ ਸੀ । ਕਹਿਣ ਨੂੰ ਤਾਂ ਇਹ ਹਵੇਲੀ ਸੀ ਪਰ ਹੈ ਇੱਕ ਨਿੱਕਾ ਜਿਹਾ ਛੋਟੀਆਂ ਇੱਟਾ ਦਾ ਬਣਿਆ ਹੋਇਆ ਚੁਬਾਰਾ ਸੀ । ਪ੍ਰੰਤੂ ਪਿੰਡ ਵਿੱਚ ਸਾਰੇ ਉਸਨੂੰ ਸੀਸ਼ਪਾਲ ਦੀ ਹਵੇਲੀ ਹੀ ਕਹਿੰਦੇ ਸਨ। ਸੀਸ਼ਪਾਲ ਦਾ ਨੀਚੇ ਹੀ ਆਪਣਾ ਮਕਾਨ ਸੀ । ਜਿਸ ਵਿੱਚ ਉਸ ਨੇ ਦੁਕਾਨ ਵੀ ਕੀਤੀ ਹੋਈ ਸੀ। ਉਸਨੇ ਆਟਾ ਚੱਕੀ ਵੀ ਲਗਾਈ ਹੋਈ ਸੀ । ਹਵੇਲੀ ਨੂੰ ਚੜਨ ਵਾਲੀਆਂ ਪੌੜੀਆਂ ਦਾ ਦਰਵਾਜ਼ਾ ਗਲੀ ਵਿੱਚ ਸੀ । ਪੌੜੀਆਂ ਘੁੰਮ ਕੇ ਚੜਦੀਆਂ ਸਨ ਅਤੇ ਰਸਤੇ ਵਿੱਚ ਇੱਕ ਮੋੜ ਪੈਂਦਾ ਸੀ । ਪੌੜੀਆਂ ਵਿੱਚ ਦਿਨ ਵੇਲੇ ਵੀ ਹਨੇਰਾ ਰਹਿੰਦਾ ਸੀ। ਇੱਕ ਨੁਕਰੇ ਹੋਣ ਕਾਰਨ ਚੁਬਾਰੇ ਅੱਗੇ ਥੋੜਾ ਜਿਹਾ ਛੱਤ ਦਾ ਵਹਿੜਾ ਵੀ ਸੀ। ਜਿੱਥੇ ਅਸੀਂ ਰੋਟੀ ਟੁੱਕ ਕਰ ਲੈਂਦੇ । ਪੌੜੀਆਂ ਨੂੰ ਗਲੀ ਵਿੱਚ ਕੋਈ ਤਖਤਾ ਨਹੀਂ ਸੀ ਲੱਗਿਆ ਹੋਇਆ । ਉੱਪਰ ਇੱਕ ਲੱਕੜ ਦਾ ਹਲਕਾ ਜਿਹਾ ਤਖਤਾ ਲੱਗਿਆ ਹੋਇਆ ਸੀ । ਜਿਸ ਵਿੱਚ ਸੰਗਲੀ ਵਾਲਾ ਕੁੰਡਾ ਸੀ। ਉਸ ਨੂੰ ਅਸੀਂ ਕਦੇ ਵੀ ਜਿੰਦਾ ਨਹੀਂ ਸਾਂ ਲਾਉਂਦੇ । ਇਸ ਤਰ੍ਹਾਂ ਹੀ ਕੁੰਡਾ ਅੜਾ ਕੇ ਆ ਜਾਂਦੇ । ਬੇਸ਼ਕ ਅਸੀਂ ਤਾਂ ਸਾਰੇ ਕੱਛਿਆਂ ਵਾਲੇ ਹੀ ਸਾਂ ਪਰ ਸਾਡੇ ਵਿੱਚੋਂ ਡਾਕਟਰ ਮੋਹਨ ਸਿੰਘ ਅੰਡਰਵੀਅਰ ਪਹਿਨਦੇ ਸਨ। ਇੱਕ ਦਿਨ ਜਦੋਂ ਅਸੀਂ ਡਿਊਟੀ ਤੋਂ ਵਾਪਸ ਹਵੇਲੀ ਆਏ ਤਾਂ ਡਾਕਟਰ ਮੋਹਨ ਸਿੰਘ ਦਾ ਅੰਡਰਵੀਅਰ ਗਾਇਬ ਮਿਲਿਆ । ਡਾਕਟਰ ਸਾਹਿਬ ਨੇ ਸੁਭਾਵਿਕ ਹੀ ਗੱਲ ਸ਼ੀਸ਼ਪਾਲ ਕੋਲ਼ ਕਰ ਦਿੱਤੀ ਕਿ ਮੇਰਾ ਅੰਡਰਵੀਅਰ ਚੋਰੀ ਹੋ ਗਿਆ ਹੈ। ਸੀਸ਼ਪਾਲ ਨੂੰ ਅੰਡਰਵੀਅਰ ਸ਼ਬਦ ਦੀ ਕੋਈ ਸਮਝ ਨਹੀਂ ਆਈ ਤਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਮੇਰਾ ਕੱਛਾ ਚੋਰੀ ਹੋ ਗਿਆ ਹੈ।
ਸ਼ੀਸ਼ਪਾਲ ਨੇ ਇਹ ਗੱਲ ਸੁਣ ਕੇ ਨੀਵੀਂ ਪਾ ਲਈ ਅਤੇ ਆਪਣੀ ਬੋਲੀ ਵਿੱਚ ਕਹਿਣ ਲੱਗਿਆ “ਇਆ ਤੋ ਡਾਕਟਰ ਸਾਬ੍ਹ ਬਹੁਤ ਮਾੜੀ ਬਾਤ ਹੋਈ। ਕੰਜ਼ਰ ਕੈ ਨੇਂ ਗਾਮ ਨੂੰ ਲਾਜ ਲਬਾਦੀ। ਮੈਂ ਈਬ ਏ ਜਾਊਂ। ਰੇੜ੍ਹੂਏ ਮੈਂ ਬੁਲਾ ਕੇ ਆਊਂ।” ਉਸ ਵੇਲੇ ਤਾਂ ਉਹ ਸਾਡੇ ਸਾਰਿਆਂ ਦੇ ਕਹਿਣ ਤੇ ਰੁਕ ਗਿਆ। ਦੂਜੇ ਦਿਨ ਸ਼ਹਿਰੋਂ ਡਾਕਟਰ ਮੋਹਨ ਸਿੰਘ ਨੂੰ ਅੰਡਰਵੀਅਰ ( ਕੱਛਾ ) ਲਿਆ ਕੇ ਦਿੱਤਾ। ਪਰ ਪਿੰਡ ਨੂੰ ਲਾਜ ਨਹੀਂ ਲੱਗਣ ਦਿੱਤੀ। ਉਸ ਸਮੇਂ ਇਸ ਤਰ੍ਹਾਂ ਦੇ ਭਲੇਮਾਣਸ ਲੋਕ ਸਨ।
ਡਾ. ਬਿਹਾਰੀ ਮੰਡੇਰ
ਪਿੰਡ ਮੰਡੇਰ ( ਜ਼ਿਲ੍ਹਾ ਮਾਨਸਾ)
ਫੋਨ ਨੰਬਰ :- 98144 — 65017
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


