ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) 2026-27 ਦੇ ਅਕਾਦਮਿਕ ਸੈਸ਼ਨ ਤੋਂ ਸਾਲ ‘ਚ ਦੋ ਵਾਰ ਬੋਰਡ ਪ੍ਰੀਖਿਆ ਕਰਵਾਏਗਾ। ਇਸ ਤੋਂ ਇਲਾਵਾ, ਸੀਬੀਐਸਈ ਗਲੋਬਲ ਪਾਠਕ੍ਰਮ ਵੀ ਸ਼ੁਰੂ ਕਰੇਗਾ।
ਜਾਣਕਾਰੀ ਮੁਤਾਬਕ ਇਸ ਦਾ ਖਰੜਾ ਜਾਰੀ ਕੀਤਾ ਜਾਵੇਗਾ, ਜਿਸ ‘ਤੇ ਲੋਕਾਂ ਤੋਂ ਸੁਝਾਅ ਮੰਗੇ ਜਾਣਗੇ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) 2026-27 ਅਕਾਦਮਿਕ ਸੈਸ਼ਨ ਤੋਂ ਵਿਦੇਸ਼ੀ ਵਿਦਿਆਰਥੀਆਂ ਲਈ ਗਲੋਬਲ ਪਾਠਕ੍ਰਮ ਸ਼ੁਰੂ ਕਰੇਗਾ। ਇਹ ਫੈਸਲਾ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਉੱਚ ਪੱਧਰੀ ਮੀਟਿੰਗ ਵਿੱਚ ਸੀ.ਬੀ.ਐਸ.ਈ. ਗਲੋਬਲ ਸਕੂਲਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਸ਼ਾਮਲ ਹੋਏ। ਪ੍ਰਧਾਨ ਨੇ ਨਵੇਂ ਪਾਠਕ੍ਰਮ ਨੂੰ ਵਿਕਸਤ ਕਰਨ ਅਤੇ ਲਾਗੂ ਕਰਨ ਲਈ ਲੋੜੀਂਦੀਆਂ ਯੋਜਨਾਵਾਂ ਅਤੇ ਕਦਮਾਂ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ 18 ਫਰਵਰੀ ਨੂੰ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਸੀ ਕਿ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣ ਦੀ ਯੋਜਨਾ ਦਾ ਖਰੜਾ ਜਲਦੀ ਹੀ ਲੋਕਾਂ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਲਈ ਤਣਾਅ-ਮੁਕਤ ਸਿੱਖਣ ਮਾਹੌਲ ਸਿਰਜਣ ਦੇ ਸਰਕਾਰ ਦੇ ਉਦੇਸ਼ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪ੍ਰੀਖਿਆ ਸੁਧਾਰ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਮੈਂ ਸਾਲ ਵਿੱਚ ਦੋ ਵਾਰ ਸੀਬੀਐਸਈ ਪ੍ਰੀਖਿਆਵਾਂ ਕਰਵਾਉਣ ਬਾਰੇ ਸਕੂਲ ਸਿੱਖਿਆ ਸਕੱਤਰ, ਸੀਬੀਐਸਈ ਚੇਅਰਮੈਨ ਅਤੇ ਮੰਤਰਾਲੇ ਅਤੇ ਸੀਬੀਐਸਈ ਦੇ ਹੋਰ ਅਧਿਕਾਰੀਆਂ ਨਾਲ ਵਿਸਤ੍ਰਿਤ ਚਰਚਾ ਕੀਤੀ। ਇਨ੍ਹਾਂ ਵਿਚਾਰ-ਵਟਾਂਦਰੇ ਤੋਂ ਤਿਆਰ ਖਰੜਾ ਯੋਜਨਾ ਨੂੰ ਜਲਦੀ ਹੀ ਸੀਬੀਐਸਈ ਦੁਆਰਾ ਜਨਤਕ ਸਲਾਹ ਲਈ ਪੇਸ਼ ਕੀਤਾ ਜਾਵੇਗਾ। CBSE 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ, ਜੋ 4 ਅਪ੍ਰੈਲ ਨੂੰ ਖਤਮ ਹੋਣਗੀਆਂ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਹਾਲ ਹੀ ‘ਚ ਪ੍ਰੀਖਿਆ ਦੇ ਖਿਲਾਫ ਪੇਪਰ ਲੀਕ ਵਰਗੀਆਂ ਅਫਵਾਹਾਂ ਫੈਲਾਉਣ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly