ਸ਼ੁਭ ਸਵੇਰ ਦੋਸਤੋ,

         (ਸਮਾਜ ਵੀਕਲੀ)
ਜੀਵਨ ਵਿਚ ਕਾਰਜਸ਼ੀਲ ਰਹਿੰਦਿਆ ਹੋਇਆ ਵੀ ਸਾਡੇ ਸਫਲ ਜਾਂ ਅਸਫਲ ਰਹਿਣ ਪਿੱਛੇ ਗੁਣਾਂ ਨਾਲੋਂ ਵੱਧ ਸਾਡੀਆਂ ਆਦਤਾਂ ਦਾ ਯੋਗਦਾਨ ਹੁੰਦਾ ਹੈ।
ਸਾਡੇ ‘ਚ ਕੋਈ ਗੁਣ ਹੋਵੇ ਭਾਵੇਂ ਨਾ, ਪਰ ਅਨੇਕਾਂ ਕਿਸਮ ਦੀਆਂ ਆਦਤਾਂ ਜਰੂਰ ਹੁੰਦੀਆਂ ਹਨ। ਕੁਝ ਕੁ ਆਦਤਾਂ ਸਾਡੇ DNA ਚ ਹੁੰਦੀਆਂ ਨੇ ਜਿਨ੍ਹਾਂ ਨੂੰ ਬਦਲਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ, ਕੁਝ ਕੁ ਆਦਤਾਂ ਅਸੀਂ ਖ਼ੁਦ ਸਹੇੜੀਆਂ ਹੁੰਦੀਆਂ ਨੇ ਓਹ ਵੀ ਸਾਡੀ ਬਦੋਲਤ ਅੱਗੇ ਪਰਿਵਾਰ ਵਿੱਚ ਜਾਂਦੀਆਂ ਹਨ।
ਇਸ ਦੇ ਉਲਟ ਮੁਢਲੀਆਂ ਲੋੜਾਂ ਤੋਂ ਲੈਕੇ ਉੱਚੇ-ਸੁੱਚੇ ਕਿਰਦਾਰ ਲਈ, ਚੰਗੀ ਸਿਹਤ ਤੇ ਵਧੀਆ ਆਦਤਾਂ ਖੁਸ਼ੀਆਂ ਭਰੇ ਜੀਵਨ ਦੀ ਬੁਨਿਆਦ ਹੁੰਦੀਆਂ ਹਨ। ਕੋਈ ਮਾਹਿਰ ਵਿਅਕਤੀ ਵੀ ਆਪਣੀਆਂ ਆਦਤਾਂ ਨੂੰ ਬਹੁਤੀ ਦੇਰ ਛੁਪਾ ਕੇ ਨਹੀਂ ਰੱਖ ਸਕਦਾ। ਭਾਵੇਂ ਓਹ ਕਿੰਨਾ ਮਰਜ਼ੀ ਡਰਾਮੇਬਾਜ਼, ਚਤਰ ਜਾਂ ਚਲਾਕ ਵੀ ਕਿਉਂ ਨਾ ਹੋਵੇ, ਦੇਰ-ਸਵੇਰ ਆਦਤਾਂ ਦਾ ਪ੍ਰਗਟਾਵਾ ਹੋ ਹੀ ਜਾਂਦਾ ਹੈ।
ਸੋ ਜੇਕਰ ਸਮੇਂ ਸਿਰ ਬੁਰੀਆਂ ਆਦਤਾਂ ਛੱਡੀਆਂ ਨਾ ਜਾਣ ਤਾਂ ਪੁਰਾਣੀਆਂ ਹੋ ਕੇ ਇਹ ਲੋਹੇ ਦੀਆਂ ਕਮੀਜ਼ਾਂ ਬਣ ਜਾਂਦੀਆਂ ਨੇ ਫਿਰ ਇਕ ਲਾਹੁਣੀ, ਦੂਜੀ ਪਾਉਣੀ ਸਾਡੀ ਮਜਬੂਰੀ ਬਣ ਜਾਂਦੀ ਹੈ। ਜ਼ਿਕਰਯੋਗ ਹੈ ਕਿ ‘ਜਿਵੇਂ ਬੁਰੀਆਂ ਆਦਤਾਂ ਨਾਲ ਬੁੱਢੇ ਹੋਏ ਕੁੱਤੇ ਨੂੰ ਪਟੇ ਦੀ ਆਦਤ ਪਾਉਣੀ ਅਤੇ ਬੁੱਢੀ ਹੋਈ ਘੋੜੀ ਨੂੰ ਦੁਲੱਤੀ ਮਾਰਨ ਦੀ ਆਦਤ ਛੁਡਾਉਣੀ ਮੁਸ਼ਕਿਲ ਹੁੰਦੀ ਹੈ, ਇਸੇ ਤਰ੍ਹਾਂ ਗੰਦੀਆਂ ਆਦਤਾਂ ਦੇ ਸ਼ਿਕਾਰ ਇਨਸਾਨਾਂ ਨੂੰ ਵੀ ਮੁਸ਼ਕਿਲ ਹੋ ਜਾਂਦਾ ਹੈ’।
ਇੱਕ ਚੰਗੀ ਆਦਤ ਅਪਨਾਉਣ ਵਾਸਤੇ ਸਾਨੂੰ ਬਹੁਤ ਮੇਹਨਤ ਕਰਨੀ ਤੇ ਲਗਾਤਾਰ ਸੁਚੇਤ ਰਹਿਣਾ ਪੈਂਦਾ ਹੈ। ਸੁਸਤੀ ਜਾਂ ਲਾਪਰਵਾਹੀ ਕਰਕੇ ਚੰਗੀਆਂ ਆਦਤਾਂਂ ਸਾਡਾ ਸਾਥ ਛੱਡ ਸਕਦੀਆਂ ਹਨ ਤੇ ਗ਼ਲਤ ਆਦਤਾਂ ਦਾ ਤਾਂ ਸਾਨੂੰ ਪਤਾ ਵੀ ਨਹੀਂ ਲਗਦਾ ਕਿ ਇਹ ਕਦੋਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ! ਵੱਡੀ ਸਮੱਸਿਆ ਇਹ ਬਣ ਜਾਂਦੀ ਹੈ ਕਿ ਸਾਨੂੰ ਬੁਰੀ ਆਦਤ ਤੋਂ ਖਹਿੜਾ ਛੁਡਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਕੋਈ ਮਜਬੂਤ ਇਰਾਦੇ ਵਾਲਾ ਵਿਅਕਤੀ ਹੀ ਗ਼ਲਤ ਆਦਤ ਦਾ ਤਿਆਗ ਕਰ ਸਕਦਾ ਹੈ ਜ਼ਿਆਦਾਤਰ ਦੇ ਇਹ ਹੱਡੀ ਰਚ ਜਾਂਦੀਆਂ ਨੇ ਫਿਰ ਸਿਵਿਆਂ ਜਾ ਨਾਲ ਹੀ ਸੜਦੀਆਂ ਨੇ, ਕੋਸ਼ਿਸ਼ ਕੀਤਿਆ ਸਭ ਸਹੀ ਹੋ ਜਾਂਦਾ ਹੈ…
*ਵਾਰਿਸ ਸ਼ਾਹ ਜੀ ਆਦਤਾਂ ਜਾਂਦੀਆਂ ਨੇ,*
*ਜੇਕਰ ਛੱਡੀਏ ਥੋੜੀਆਂ – ਥੋੜੀਆਂ ਜੀ !*
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੱਡੂ 
Next articleਕਵਿਤਾ-