(ਸਮਾਜ ਵੀਕਲੀ)
ਜਿਨ੍ਹਾਂ ਕੁੜੀਆਂ ਵਿਚ ਹੱਸਣ-ਹਸਾਉਣ ਦਾ ਗੁਣ ਹੁੰਦਾ ਹੈ, ਉਹ ਆਪ ਤਾਂ ਜੀਵਨ ਨੂੰ ਰੱਜ ਮਾਣਦੀਆਂ ਹੀ ਹਨ, ਸਗੋਂ ਪਰਿਵਾਰ ਦੇ ਵਾਤਾਵਰਣ ਨੂੰ ਵੀ ਹੁਸ਼ੀਨ ਬਣਾਈ ਰਖਦੀਆਂ ਨੇ। ਔਰਤਾਂ ਕੁਦਰਤੀ ਵੀ ਸੁਭਾਉ ਵੱਲੋਂ ਰੌਣਕ ਦੀਆਂ ਪ੍ਰਤੀਕ ਹੁੰਦੀਆਂ ਹਨ।
ਕੁੜੀਆਂ ਵਿਆਹੀਆਂ ਹੋਣ ਜਾਂ ਕੁਵਾਰੀਆਂ, ਤੀਆਂ ਦਾ ਤਿਉਹਾਰ ਇਨ੍ਹਾਂ ਲਈ ਬਹੁਤ ਮਹੱਤਵਪੂਰਣ ਹੁੰਦਾ ਹੈ। ਬਚਪਨ, ਜਵਾਨੀ ਤੇ ਮੌਜੂਦਾ ਦੌਰ ਦੀਆਂ ਸਭ ਸਹੇਲੀਆਂ ਇਕੱਠੀਆਂ ਹੋ ਕੇ ਹਵਾਵਾਂ ਮਹਿਕਣ ਲਾ ਦਿੰਦੀਆਂ ਹਨ, ਇਸ ਸਮੇਂ ਚਿੜੀਆਂ ਦੀ ਖੁਸ਼ੀ ਵਾਲੀ ਕੋਈ ਸੀਮਾ ਨਹੀਂ ਹੁੰਦੀ। ਸਮਾਜਿਕ ਜਿੰਮੇਵਾਰੀਆਂ ਤੋਂ ਹਟਕੇ ਇਹ ਆਪਣੇ ਆਪ ਨੂੰ ਕੁਝ ਪਲਾਂ ਲਈ ਇੱਕ ਨਵੀਂ ਦੁਨੀਆਂ ਵਿਚ ਮਹਿਸੂਸ ਕਰਦੀਆਂ ਨੇ, ਦਿਲ ਦੀਆਂ ਖੋਲ੍ਹ ਧਰਦੀਆਂ ਨੇ, ਮਸਤੀ ਦੇ ਆਲਮ ਵਿਚ ਨੱਚਦੀਆਂ-ਟੱਪਦੀਆਂ ਨੇ, ਪੀਂਘ ਦੇ ਹੁਲਾਰੇ ਰਾਹੀਂ ਅੰਬਰਾਂ ਦੀ ਸੈਰ ਕਰ ਆਉਂਦੀਆਂ ਨੇ ਪਰੀਆਂ, ਖੂਬ ਆਨੰਦ ਲੈਂਦੀਆਂ ਨੇ ਜਿਉਂਣ ਜੋਗੀਆਂ…
ਬੋਲੀਆਂ ਰਾਹੀਂ ਰਿਸ਼ਤਿਆਂ ਪ੍ਰਤੀ ਬਣਿਆ ਆਪਣਾ ਪੂਰਾ ਗੁੱਭ-ਗੁਬਾਰ ਕੱਢਦੀਆਂ ਨੇ, ਮਾਂ ਦੇ ਜਾਇਆ ਤੇ ਮਾਪਿਆਂ ਲਈ ਇਨ੍ਹਾਂ ਦੀ ਆਤਮਾ ਵਿਚੋਂ ਹਮੇਸ਼ਾਂ ਦੁਆਵਾਂ ਹੀ ਨਿਕਲਦੀਆਂ ਨੇ। ਬੇਸ਼ੱਕ ਸਮੇਂ ਨੇ ਕਰਵਟ ਮਾਰ ਲਈ ਹੈ, ਪਰ ਤੀਆਂ ਦਾ ਤਿਉਹਾਰ ਅੱਜ ਵੀ ਸਾਡੇ ਸਮਾਜ ਦੀ ਹਰ ਔਰਤ ਲਈ ਲੰਬੀਆਂ ਉਡੀਕਾਂ ਵਾਲਾ ਤਿਉਹਾਰ ਹੈ।
ਪੂਰੇ ਵਿਸ਼ਵ ਭਰ ਵਿਚ ਪੰਜਾਬੀ ਸਭਿਆਚਾਰ ਦੀ ਸ਼ਾਨ ਵੱਖਰੀ ਸੀ, ਵੱਖਰੀ ਹੈ ਤੇ ਵੱਖਰੀ ਹੀ ਰਹੇਗੀ। ਪੰਜਾਬੀ ਮਰਦ ਹੋਣ ਜਾਂ ਔਰਤਾਂ, ਲੱਖਾਂ ਦੇ ਇਕੱਠ ਵਿਚ ਵੀ ਛੁੱਪੇ ਨਹੀਂ ਰਹਿ ਸਕਦੇ। ਸਾਡਾ ਅਮੀਰ ਸਭਿਆਚਾਰ, ਖੁੱਲ੍ਹਾ-ਡੁੱਲ੍ਹਾ ਮਿਲਾਪੜਾ ਸੁਭਾਅ ਅਤੇ ਮਿਲਵਰਤਨ, ਸਰੂ ਵਰਗੀ ਜਵਾਨੀ, ਤਿੱਖੇ ਨੈਣ ਨਕਸ਼, ਨਖਰੇ ਵਾਲੀਆਂ ਮਿਰਗਣੀਆਂ ਤੋਰਾਂ, ਸਭ ਦੀ ਖਿੱਚ ਦਾ ਕੇਂਦਰ ਬਣਦੀਆਂ ਹਨ।
ਜਿਵੇਂ ਕੁਦਰਤ ਵੱਲੋਂ ਸਾਡੀ ਉਪਜਾਊ ਧਰਤੀ ਵਿਚੋਂ ਹਰ ਮੌਸਮ ਅਤੇ ਰੂਪ ਦੀ ਝਲਕ ਪੈਂਦੀ ਹੈ, ਇਵੇਂ ਹੀ ਦੁਨੀਆ ਨੂੰ ਸਾਡੇ ਕਿਰਦਾਰ ਵਿਚੋਂ ਚੰਗੇ ਗੁਣਾਂ ਦੀ ਖੁਸ਼ਬੋ ਆਉਂਦੀ ਹੈ। ਆਓ ਆਪਾਂ ਰਲ ਮਿਲਕੇ ਇਸ ਮਹਿਕਾਂ ਦੇ ਬੂਟੇ ਨੂੰ ਹੋਰ ਵੀ ਹਰੀਆ-ਭਰਿਆ ਕਰੀਏ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly