(ਸਮਾਜ ਵੀਕਲੀ)
ਜਿਉਂਦੇ ਜੀ ਕੋਈ ਜਾ ਨਹੀਂ ਸਕਿਆ, ਮਰ ਕੇ ਕੋਈ ਵਾਪਿਸ ਨਹੀਂ ਆਇਆਂ! ਫਿਰ ਸਵਰਗ-ਨਰਕ ਦੀ ਖੋਜ ਕਿਸ ਨੇ ਕੀਤੀ? ਇਹ ਪਹੇਲੀ ਮੈਨੂੰ ਬਹੁਤ ਤੰਗ ਕਰਦੀ ਹੈ! ਅਸਲ ਵਿਚ ਤਾਂ…’ਅਣਡਿੱਠੇ ਸਵਰਗ ਦੀ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਲਈ, ਅੱਖੀਡਿੱਠੇ ਲੋਕ ਵਿੱਚ ਹੀ ਨੇਕੀ ਤੇ ਸ਼ਰਾਫਤ ਭਰਿਆ ਜੀਵਨ ਜਿਉਂਣਾ ਪੈਂਦਾ ਹੈ’!
ਇਹੋ ਜੀਵਨ ਸਵਰਗ ਬਣ ਸਕਦੇ। ਮੰਨਿਆ ਇਹ ਵੀ ਸੱਚ ਹੈ ਕਿ ਝੂਠ, ਭਰਿਸ਼ਟਾਚਾਰ ਤੇ ਬੇਈਮਾਨੀ ਨਦੀਨਾਂ ਵਾਂਗੂੰ ਭਾਰੀ ਮਾਤਰਾ ਵਿਚ ਸਮਾਜ ‘ਚ ਖੁਦ ਬਾਖੁਦ ਉਗ ਪੈਂਦੀ ਹੈ ਤੇ ਇਹ ਬਹੁਤ ਜ਼ਿਆਦਾ ਫੈਲੀ ਹੋਈ ਵੀ ਹੈ। ਇਸ ਤਰ੍ਹਾਂ ਦੇ ਭ੍ਰਿਸ਼ਟ ਸਿਸਟਮ ਵਿਚ ਈਮਾਨਦਾਰ ਵਿਅਕਤੀ ਨੂੰ ਪੈਰ-ਪੈਰ ਤੇ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰ ਕਿਉਂ ਨਾ ਆਪਾਂ ਓਹ ਵਿਰਲੇ ਵਿਅਕਤੀ ਬਣੀਏ ਜੋ ਬੁਰੇ ਸਮੇਂ ਨਾਲ ਹੱਸਕੇ ਟੱਕਰ ਲੈਣ ਲਈ ਛਾਤੀ ਤਾਣ ਕੇ ਖਲੋ ਜਾਣ ਅਤੇ ਚਿਕੜ ‘ਚ ਕਮਲ ਦੇ ਫੁੱਲ ਜਾਂ ਲੱਸੀ ਤੋਂ ਮੱਖਣ ਦੀ ਤਰ੍ਹਾਂ ਉਪਰ ਉਠਕੇ ਪ੍ਰੇਰਨਾਦਾਇਕ ਉਦਾਹਰਣ ਬਣੀਏ। ਤੇ ਸਮਾਜ ਨੂੰ ਜਾਣੂ ਕਰਵਾਈਏ ਕਿ… ਸਚਾਈ, ਈਮਾਨਦਾਰੀ ਤੇ ਨੇਕੀ ਦਾ ਹਾਲੇ ਇਸ ਧਰਤੀ ਤੋਂ ਬੀਜ ਨਾਸ਼ ਨਹੀਂ ਹੋਇਆ।
ਜੀਵਨ ਦਾ ਸਫ਼ਰ ਸਾਡੇ ਹੱਥ ਹੈ, ਕਿਸ ਤਰ੍ਹਾਂ ਕੱਢਣਾ। ਅੱਜ ਅਸੀਂ ਜ਼ਿੰਦਗੀ ਨੂੰ ਇੱਕ ਮੁਕਾਬਲੇ ਦੀ ਦ੍ਰਿਸ਼ਟੀ ਨਾਲ ਜਿਉਂਦੇ ਹਾਂ, ਜਿਨ੍ਹਾਂ ਦੀ ਤੁਲਨਾਂ ਨਵੇਂ-ਨਵੇ ਗੱਡੀ ਚਲਾਓਣ ਸਿੱਖ਼ੇ ਡਰਾਈਵਰ ਨਾਲ ਕੀਤੀ ਜਾ ਸਕਦੀ ਹੈ, ਜੋ ਨਾਲ ਜਾ ਰਹੀ ਕਾਰ ਨੂੰ ਮੁਹਰੇ ਨਹੀਂ ਨਿੱਕਲਣ ਦਿੰਦਾ ਜੇ ਨਿੱਕਲ ਵੀ ਜਾਵੇ ਤਾਂ ਪੂਰਾ ਜੋਖ਼ਮ ਉਠਾਕੇ ਦੁਬਾਰਾ ਓਸ ਤੋਂ ਅੱਗੇ ਨਿੱਕਲਣ ਦੀਆਂ ਨਾਕਾਮਯਾਬ ਕੋਸ਼ਿਸ਼ਾਂ ਕਰਦਾ-ਕਰਦਾ ਕਿਸੇ ਭਲੇ ਪੁਰਸ ਦੀ ਗੱਡੀ ਵਿਚ ਠੋਕ ਦਿੰਦਾ ਹੈ। ਸਮਾਜ ਵਿਚ ਇਹੋ ਜਿਹੇ ਮਾਨਸਿਕ ਰੋਗੀ ਆਪ ਤਾਂ ਪ੍ਰੇਸ਼ਾਨ ਹੁੰਦੇ ਹੀ ਨੇ ਦੂਜਿਆਂ ਦਾ ਜਿਉਂਣਾ ਵੀ ਦੁੱਬਰ ਕਰੀ ਰੱਖਦੇ ਹਨ!
ਆਓ ਜਿਨਾਂ ਕੁ ਹੋ ਸਕੇ ਜੀਵਨ ਦਾ ਰਸ ਮਾਣੀਏ, ਬਜੁਰਗਾਂ ਨੇ ਜੀਵਨ ਪੰਧ ਮੁਕਦੇ ਵਕਤ ਹੀ ਕਿਹਾ ਹੋਣਾ ਕਿ… *ਮੇਲਾ ਮੇਲੀ ਦਾ, ਨਾਂ ਪੈਸੇ ਦਾ ਨਾਂ ਧੇਲੀ ਦਾ!* ਜਦੋਂ ਸਾਡੇ ਚੇਤਿਆਂ ‘ਚ ਉਮੀਦ ਦੀ ਫ਼ਸਲ ਉੱਗ ਰਹੀ ਹੋਵੇ ਤਾਂ ਸਾਨੂੰ ਮਿਹਨਤ ਦੀ ਸਿੰਜਾਈ ਕਰਦੇ ਰਹਿਣਾ ਚਾਹੀਦਾ ਹੈ, ਯਕੀਨਨ ਝਾੜ ਸੰਤੋਸ਼ਜਨਕ ਹੀ ਨਿਕਲਦਾ ਹੈ।
…ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly