(ਸਮਾਜ ਵੀਕਲੀ)- ਜ਼ਿੰਦਗੀ ਨੇ ਜਿਨ੍ਹਾਂ ਦੀਆਂ ਘੀਸੀਆਂ ਕਰਵਾਈਆਂ ਹੋਣ, ਉਨ੍ਹਾਂ ਵਰਗਾ ਤਜ਼ੁਰਬਾ ਚਾਂਦੀ ਦੇ ਚਮਚੇ ਚ ਦੁੱਧ ਪੀਣ ਵਾਲਿਆਂ ਨੂੰ ਪੂਰਾ ਜੀਵਨ ਭੋਗ ਕੇ ਵੀ ਨਹੀਂ ਆਉਂਦਾ, ਨਾ ਹੀ ਉਨ੍ਹਾਂ ਨੂੰ ਸਮਝਾਇਆ ਜਾ ਸਕਦੇ ਹੈ ਕਿ… *ਸੋਹਣੇ ਫੁੱਲ ਬਹੁਤ ਜਲਦੀ ਮੁਰਝਾ ਜਾਇਆ ਕਰਦੇ ਨੇ ਪਰ ਘਾਹ ਹਰ ਬਦਲਦੇ ਮੌਸਮ ਤੱਕ ਹਰਾ ਰਹਿੰਦਾ ਹੈ।*
ਸਿਰਫਿਰਿਆਂ ਨੂੰ ਸਮਝਾਇਆ ਨਹੀਂ ਜਾ ਸਕਦਾ ਕਿ ਆਰਥਿਕ ਤੰਗੀਆਂ ਦੀ ਪਟੜੀ ਤੇ ਚੱਲ ਕੇ ਜੀਵਨ ਦੀ ਸੌਬਤ ਅਸਾਨੀ ਨਾਲ ਨਹੀਂ ਬਣਦੀ, ਇਸਨੂੰ ਪਾਉਣ ਲਈ ਦੂਜਿਆਂ ਦੇ ਦਿਲਾਂ ਤੱਕ ਸੱਚ, ਸਿਆਣਪ ਅਤੇ ਲਿਆਕਤ ਦੀਆਂ ਸੜਕਾਂ ਵਿਛਾਉਣੀਆਂ ਪੈਂਦੀਆਂ ਨੇ। ਅੱਜ ਦੀ ਦੁਨੀਆਂ ਸਾਡੀ ਨੇਕੀ ਦਾ ਅੰਦਾਜ਼ਾ ਸਾਡੇ ਲਿਖੇ ਝੂਠ-ਤੂਫ਼ਾਨ ਜਾਂ ਪੂਜਾ-ਪਾਠ ਵਾਲੀ ਪੋਥੀ ਤੋਂ ਨਹੀਂ ਲਾਉਂਦੀ। ਇਹ ਸਭ ਜਾਣਦੀ ਹੈ ਕਿ… *ਕਾਂ ਪਿੰਜਰੇ ‘ਚ ਬੰਦ ਕਰਨ ਨਾਲ, ਤੋਤੇ ਵਾਂਗੂੰ ਨਹੀਂ ਬੋਲਣ ਲੱਗ ਜਾਂਦਾ!*
ਤਜਰਬੇ ਸਦਕਾ *ਬਤਖ਼ ਦਾ ਬੱਚਾ ਵੀ ਤੈਰਾਕ ਹੁੰਦਾ ਹੈ।* ਕਹਿਣ ਦਾ ਮਤਲਬ ਸਾਡੀ ਸੁਭਾਵਿਕ ਰੁਚੀ, ਸਾਡੀ ਪਰਿਵਾਰਕ ਸਿੱਖਿਆ ਤੋਂ ਮਜਬੂਤ ਹੁੰਦੀ ਹੈ। ਤਿੰਨ ਸਾਲ ਦੇ ਬੱਚੇ ਦਾ ਸੁਭਾਅ ਮਰਨ ਤੱਕ ਉਸਦਾ ਸਾਥ ਨਹੀਂ ਛੱਡਦਾ। ਪਰ ਹਾਂ… *ਲੱਕੜ ਦਾ ਖੁੰਢ ਭਾਵੇਂ ਸੌ ਸਾਲ ਪਾਣੀ ‘ਚ ਪਿਆ ਰਹੇ, ਉਹ ਕਦੇ ਵੀ ਮਗਰਮੱਛ ਨਹੀਂ ਬਣਦਾ!* ਤੇ ਨਾਂਹੀ *ਸੁਲਤਾਨ ਦਾ ਖ਼ਜ਼ਾਨਾ ਲੱਦਿਆ ਖੋਤਾ ਘੋੜਾ ਬਣ ਸਕਦਾ ਹੈ।* ਦੂਜਿਆਂ ਦੀਆਂ ਉਦਾਹਰਣਾਂ ਦੇ ਕੇ ਸਾਡਾ ਕਿਰਦਾਰ ਕਦੇ ਉੱਚਾ ਨਹੀਂ ਹੁੰਦਾ। ਸਿਆਣਿਆਂ ਐਵੇਂ ਥੋੜ੍ਹਾ ਕਿਹਾ… *ਬਾਜ਼ ਮੱਖੀਆਂ ਨੂੰ ਤੇ ਹਾਥੀ ਚੂਹੇ ਕਦੇ ਵੀ ਨਹੀਂ ਫੜ੍ਹਿਆ ਕਰਦੇ!*
ਸੋ ਕੋਸ਼ਿਸ਼ ਕਰੀਏ ਜਿਸ ਤਰ੍ਹਾ ਦੇ ਅੰਦਰੋਂ ਹਾਂ, ਓਹੋ ਜਹੇ ਬਾਹਰੋਂ ਦਿਖੀਏ ਜੀ, ਮਾਖੌਟੇ ਪਾ ਕੇ ਜੀਵਨ ਤਸੱਲੀ ਬਖਸ਼ ਨਹੀਂ ਬਣ ਸਕਦਾ, ਕਿਉਂਕਿ ਸਚਾਈ ਵੱਡਮੁੱਲੀ ਹੁੰਦੀ ਹੈ, ‘ਤੇ ਸਚਾਈ ਨਾਲ ਜਿਊਣਾ ਉਸ ਤੋਂ ਵੀ ਵੱਡਮੁੱਲਾ ਹੁੰਦਾ ਹੈ। ਜਿਹੜਾ ਇਨਸਾਨ ਅੱਖਾਂ ਹੁੰਦਿਆ ਤੱਕ ਨਹੀਂ ਸਕਦਾ, ਕੰਨਾਂ ਦੇ ਹੁੰਦਿਆ ਸੁਣ ਨਹੀਂ ਸਕਦਾ ਤੇ ਦਿਮਾਗ਼ ਹੁੰਦਿਆਂ ਸੋਚ ਨਹੀਂ ਸਕਦਾ, ਉਸ ਤੋਂ ਵੱਡਾ ਤਰਸ ਦਾ ਪਾਤਰ ਸਮਾਜ ਲਈ ਕੋਈ ਹੋਰ ਨਹੀਂ ਹੁੰਦਾ!
ਆਪਾਂ ਕੁਦਰਤ ਤੋਂ ਜਿਨਾਂ ਕੁ ਚਾਹਿਆ ਸੋ ਪਾਇਆ, ਮੇਰਾ ਜੀਵਨ ਹੀ ਇਸ ਦਾ ਪ੍ਰਮਾਣ ਹੈ। ਕੱਲ੍ਹ ਕੁੱਝ ਵੀ ਹੋ ਸਕਦਾ ਹੈ, ਪਰ ਜਿੱਥੇ ਅੱਜ ਹਾਂ, ਉਹ ਵੀਹ ਸਾਲ ਪਹਿਲਾਂ ਲਏ ਗਏ ਫੈਸ਼ਲਿਆਂ ਸਦਕੇ ਹਾਂ, ਇਹ ਵੀ ਇਲਮ ਹੈ ਕਿ ਜੋ ਫੈਂਸਲੇ ਅੱਜ ਲੈ ਰਹੇ ਹਾਂ ਉਹ ਅਗਲੇ ਵੀਹ ਵਰ੍ਹਿਆਂ ਦਾ ਭਵਿੱਖ ਤਹਿ ਕਰਨਗੇ, ਪਾਰਦਰਸ਼ਤਾ ਕਦੇ ਨਹੀਂ ਮਰਦੀ, ਇਹ ਨਾ ਸ਼ਰਮਿੰਦਾ ਹੋਵੇ, ਨਾ ਉਲਾਂਭੇ ਖੱਟੇ!
ਹਰਫੂਲ ਭੁੱਲਰ ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly