(ਸਮਾਜ ਵੀਕਲੀ)
ਪੋਸਟ ਦਾ ਮਤਲਬ ਇਹ ਨਹੀਂ ਕਿ… ‘ਮੈਂ ਔਸਤ ਨਾਲੋਂ ਨੀਵਾਂ ਹਾਂ ਜਾਂ ਮੈਂ ਆਪਣੀ ਮਦਦ ਆਪ ਕਰਨ ਅਤੇ ਆਪਣੀ ਸਮੱਸਿਆ ਆਪ ਹੱਲ ਕਰਨ ਦੇ ਯੋਗ ਨਹੀਂ’!
ਮੈਂ ਗੱਲ ਤਰਕ ਦੀ ਕਰਾਂਗਾ ਕਿਉਂਕਿ ਮੇਰਾ ਮਕਸਦ ਆਪਣੇ ਆਪ ਤੋਂ ਪਰ੍ਹੇ ਦੌੜ ਜਾਣਾ ਨਹੀਂ। ਤਰਸ ਦੀ ਭਾਵਨਾ ਵਿਕਾਸ ਵਿਰੋਧੀ ਹੁੰਦੀ ਹੈ, ਇਹ ਸਾਡੇ ਸਵੈ ਵਿਸ਼ਵਾਸ਼ ਨੂੰ ਮਾਰ ਕੇ, ਇੱਕ ਚੰਗੇ ਭਲੇ ਵਿਅਕਤੀਆਂ ਨੂੰ ਮੰਗਤਾ ਬਣਾ ਦਿੰਦੀ ਹੈ।
ਮੈਂ ਜਾਣ ਚੁੱਕਿਆ ਹਾਂ ਕਿ ਸਵੈ ਕਾਬੂ ਉਚੇਚੇ ਗਿਆਨ ਦੀ ਨੀਂਹ ਹੁੰਦਾ ਹੈ। ਇਹ ਜੀਵਨ ਦੀਆਂ ਸਮੱਸਿਆਂਵਾਂ ਵਿਰੁੱਧ ਭੁਗਤਣ ਵਾਲੀ ਗਵਾਹੀ ਹੈ। ਇਹ ਆਪਣੇ ਆਪ ਨੂੰ ਖੁਸ਼ੀਆਂ ਵਿਚ ਗੁੰਨ੍ਹਣ ਦਾ ਅਮਲ ਹੈ। ਇਸੇ ਨੇ ਤਾਂ ਮੈਨੂੰ ਭੈਅ ਵਿਰੁੱਧ ਲੜਨ ਦਾ ਹੁਨਰ ਸਿਖਾਇਆ ਹੈ। ਜੀਵਨ ਦੇ ਦੁੱਖਾਂ ਦਰਦਾਂ ਸਮੇਂ ਹੀ ਸਾਡਾ ਸਵੈ-ਕਾਬੂ ਪਰਖਿਆ ਜਾਂਦਾ ਹੈ। ਸੋ ਮੈਂ ਚਾਹੁੰਦਾ ਹਾਂ ਕਿ ਸਾਡੀ ਗਿਣਤੀ ਸਵੈ ਕਾਬੂ ਦੀ ਉਦਾਹਰਣ ਬਣਨ ਵਾਲਿਆਂ ਵਿਚ ਆਵੇ ਨਾ ਕੇ ਜੀਵਨ ਤੋਂ ਨਿਰਾਸਿਆਂ ਵਿਚ…
ਕਿਉਂਕਿ ਜੀਵਨ ਵਿਚ ਕੁਝ ਵੀ ਅਜਿਹਾ ਨਹੀਂ ਜਿਹੜਾ ਯਤਨ ਕਰਕੇ ਸਿੱਖਿਆ ਨਹੀਂ ਜਾ ਸਕਦਾ ਜਾਂ ਅਭਿਆਸ ਕਰਨ ਨਾਲ ਉਸਦੇ ਮਾਹਿਰ ਨਹੀਂ ਬਣਿਆ ਜਾ ਸਕਦਾ। ਮੁੱਢ ਵਿਚ ਤਾਂ ਸਾਨੂੰ ਵੀ ਔਖਾ ਲੱਗਿਆ ਸੀ ਜਦੋਂ ਡਾਕਟਰ ਨੇ ਬੇਟੇ ਲਈ ਕਿਹਾ ਸੀ… *ਇਹ ਸਾਰੀ ਉਮਰ ਪੈਰਾਂ ਤੇ ਖੜ੍ਹਾ ਨਹੀਂ ਹੋ ਸਕੇਗਾ!* 18 ਦਾ ਹੋ ਗਿਆ ਇਹ ਸੱਚ ਵੀ ਹੋ ਨਿਬੜਿਆ ਹੈ! ਪਰ ਸਾਨੂੰ ਇਸ ਅਭਿਆਸ ਦੌਰਾਨ ਜੋ ਜੀਵਨ ਜਾਂਚ ਆਈ ਓਹਦੀ ਵੀ ਕੋਈ ਕੀਮਤ ਨਹੀਂ। ਸਾਡੇ ਕੋਲ ਹੋਰਨਾਂ ਨਾਲੋਂ ਵੱਖਰਾ ਤਜਰਬਾ ਹੋਣ ਕਰਕੇ ਹੁਣ ਸਾਨੂੰ ਜੀਵਨ ਦਾ ਸਭ ਕੁਝ ਸੌਖਾ ਜਿਹਾ ਲਗਦਾ ਹੈ, ਜਿਵੇਂ ਹੱਥ ਛੱਡ ਕੇ ਸਾਇਕਲ ਚਲਾਉਣਾ ਹੋਵੇ। ਦੁੱਖਾਂ ਨਾਲ ਤਾਂ ਮੇਰਾ ਨਾਲ ਦੇ ਜੰਮਿਆਂ ਵਾਲਾ ਰਿਸ਼ਤਾ ਹੈ, ਦੱਸੋ ਕਿਵੇਂ ਨਿੰਦਾ ਜੀਵਨ ਜਾਇਆਂ ਨੂੰ?
*ਹੋਇਆ ਕੀ ਜੇ ਔਖੀਆਂ ਘੜੀਆਂ ਚੋਂ ਲੰਘ ਰਹੇ ਹਾਂ,*
*ਕਦੇ ਨਾ ਕਦੇ ਤਾਂ ਬੀਜ਼ ਤੋਂ ਦਰਖ਼ਤ ਹੋ ਹੀ ਨਿਬੜਾਗੇ!*
ਜੇਕਰ ਆਪਾਂ ਖੁਦ ਮਜਬੂਤ ਰਹਾਂਗੇ ਤਾਂ ਹੀ ਆਪਣਿਆਂ ਨੂੰ ਹੌਸਲਾ ਦੇਵਾਂਗੇ ਕਿਉਂਕਿ… *ਹਾਰਿਆ ਭਲਵਾਨ ਕਦੇਂ ਘੁਲਣਾ ਨਹੀਂ ਛੱਡਦਾ, ਤੇ ਹੀਰਾ ਕਦੇ ਆਪਣੀ ਚਮਕ ਨਹੀਂ ਛੱਡਦਾ!* ਤੁਹਾਡੇ ਸਾਹਮਣੇ ਹੈ ਪਾਰਖੂ ਅੱਖ ਨਾਲ ਆਪਣਿਆਂ ਦੇ ਦਿਲ ‘ਤੇ ਉਕਰੀ ਲਿਖਤ ਨੂੰ ਚਿਹਰੇ ਤੋਂ ਪੜ੍ਹਿਆ ਜਾ ਸਕਦਾ ਹੈ।
ਸੋ ਆਪਾਂ ਕੋਸ਼ਿਸ਼ ਕਰੀਏ ਜਿਉਂਦਿਆਂ ਦੇ ਦਿਲ ਫ਼ਰੋਲੀਏ, ਮਰਿਆ ਦੇ ਸਿਵੇ ਤਾਂ ਦੁਨੀਆਂ ਸ਼ੁਰੂ ਤੋਂ ਫ਼ਰੋਲਦੀ ਆ ਰਹੀ ਹੈ। ਮੰਨਿਆ ਦਰਦਾਂ ਦੇ ਪੰਛੀਆਂ ਨੂੰ ਅਸੀਂ ਉੱਡਣੋ ਤੋਂ ਤਾਂ ਨਹੀਂ ਰੋਕ ਸਕਦੇ, ਪਰ ਹਾਂ ਛੋਟੀਆਂ ਛੋਟੀਆਂ ਖੁਸ਼ੀਆਂ ਦੀ ਬਰਸਾਤ ਨਾਲ ਦਿਲ ਤੇ ਪੱਕਾ ਆਲ੍ਹਣਾ ਪਾਉਣ ਤੋਂ ਜ਼ਰੂਰ ਰੋਕ ਸਕਦੇ ਹਾਂ!
ਖੁਸ਼ੀਆਂ ਅਸੀਂ ਵਿਸਾਰ ਦਿੰਦੇ ਹਾਂ, ਦੁੱਖਾਂ ਨਾਲ ਸਾਥ ਅੰਤਮ ਸਾਹ ਤੱਕ ਰੱਖਦੇ ਹਾਂ, ਸੋ ਸਵਾਗਤ ਕਰਦੇ ਹੋਏ ਇੰਨ੍ਹਾਂ ਨੂੰ ਆਖੀਏ ਕਿ, *ਆਓ! ਮੈਂ ਹਾਲੇ ਮਰਿਆ ਨਹੀਂ, ਤੁਹਾਨੂੰ ਸੀਨੇ ਲਾ ਸਕਦਾ ਹਾਂ* ਸਾਡੀ ਇਹੋ ਜ਼ਿੰਦਾਦਿਲੀ, ਸਾਡਾ ਜੀਵਨ ਸਵਾਰੇਗੀ, ਨਿਖਾਰੇਗੀ, ਸਤਿਕਾਰੇਗੀ।
ਕਿਉਂਕਿ ਦੂਜਿਆਂ ਨੂੰ ਹੌਸਲਾ ਤੇ ਖੁਸ਼ੀਆਂ ਦੇਣ ਵਾਲੇ ਲੋਕ, ਆਪਣੇ ਨਾਲ ਵਾਪਰੇ ਹਾਦਸਿਆਂ ਦੇ ਖੁਦ ਹੀ ਪ੍ਰਤੱਖ ਸਬੂਤ ਹੁੰਦੇ ਹਨ, ਹਰ ਹਾਲ ਖੁਸ਼ ਰਹੀਏ, ਕਿਉਂਕਿ ਏਥੇ ਦਰਦਾਂ ਦੇ ਵਿਓਪਾਰੀ ਨਹੀਂ ਆਉਂਦੇ। ਕੁਦਰਤ ਦੇ ਦਿੱਤੇ ਜ਼ਖਮਾਂ ਨੂੰ ਛਿੱਲ ਕੇ, ਛੇੜ ਕੇ, ਚੇੜ ਕੇ ਬਹੁਤੀ ਬੂ-ਦੁਹਾਈ ਨਹੀਂ ਪਾਈ ਦੀ, ਕਿਉਂਕਿ ਮਲ੍ਹਮ ਰੂਪੀ ਸਮਾਂ ਸਾਰੇ ਜ਼ਖਮੀਆਂ ਤੰਦਰੁਸਤ ਕਰ ਦਿੰਦਾ ਹੈ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly