(ਸਮਾਜ ਵੀਕਲੀ)
ਅਸਲ ਵਿਚ ਸੰਗੀਤ ਸਾਡੀ ਰੂਹ ਤੱਕ ਜਾਣ ਵਾਲੀ ਸ਼ਾਹ-ਰਾਹ ਹੈ, ਇਸ ਰਾਹ ਚਲਣ ਵਾਲਿਆਂ ਦੇ ਮੁੱਖ ਉਜਲੇ, ਬੋਲ ਸ਼ਹਿਦ ਵਰਗੇ ਮਿੱਠੇ, ਸੋਚ ਪਵਿੱਤਰ, ਮਨ ਸ਼ਾਂਤ, ਜੀਵਨ ਵਿਚ ਸਹਿਜ, ਸਰੋਤਿਆਂ ਪ੍ਰਤੀ ਪ੍ਰੇਮ, ਕਿੱਤੇ ਪ੍ਰਤੀ ਵਫਾ ਅਤੇ ਦਿਲ ਹਰ ਸਮੇਂ ਸੰਗੀਤ ਦੀ ਤਾਲ ਨਾਲ ਧੜਕਦਾ ਹੈ। ਸੰਗੀਤ ਸਾਡੀਆਂ ਸਭ ਪ੍ਰਕਾਰ ਦੀਆਂ ਸੰਕੀਰਣਤਾ ਖ਼ਤਮ ਕਰ ਸਾਨੂੰ ਨਿਰਮਲ ਕਰ ਦਿੰਦਾ ਹੈ।
ਸਾਡੇ ਸੰਗੀਤ ਦੀ ਬੋਲੀ ਸਾਡੇ ਜਜ਼ਬੇ ਦੀ ਪਹਿਚਾਣ ਹੁੰਦੀ ਹੈ। ਮਨੁੱਖੀ ਜਜ਼ਬਿਆਂ ਦੇ ਹਰ ਧਰਾਤਲ ਉੱਤੇ ਅਸੀਂ ਸੰਗੀਤ ਨਾਲ ਜੁੜੇ ਹੋਏ ਹਾਂ, ਸੰਗੀਤ ਬਦਲਦਿਆ ਸਾਡੇ ਜੀਵਨ ਵਿਚ ਵੀ ਤਬਦੀਲੀ ਆਉਂਦੀ ਹੈ।
ਸੰਗੀਤ ਨੂੰ ਹਰ ਧਰਮ ਦੇ ਲੋਕਾਂ ਨੇ ਆਪਣੇ ਵਿਕਾਸ ਲਈ ਵਰਤਿਆ ਹੈ। ਇਸੇ ਕਰਕੇ ਹੀ ਤਾਂ ਸਾਰਿਆਂ ਧਰਮਾਂ ਦੀ ਵੱਖਰੀ-ਵੱਖਰੀ ਸੰਗੀਤਕ ਪ੍ਰੰਪਰਾ ਹੈ। ਮੈਂ ਸੁਣਿਆ ਤਾਂ ਇਹ ਵੀ ਹੈ ਕਿ ‘ਸਤਿਯੁਗ ਵਿਚ ਤਾਂ ਰੋਗਾਂ ਦਾ ਇਲਾਜ ਵੀ ਸੰਗੀਤ ਦੁਬਾਰਾ ਕੀਤਾ ਜਾਂਦਾ ਸੀ। ਪਵਿੱਤਰ ਤੇ ਮਨਮੋਹਕ ਧੁਨਾਂ ਨਾਲ ਰੋਗੀਆਂ ਦੇ ਮਨਾਂ ਅੰਦਰੋਂ ਡਰ, ਭੈਅ, ਸਹਿਮ ਅਤੇ ਵਹਿਮ ਜਿਹੀਆਂ ਭਾਵਨਾਵਾਂ ਕੱਢਕੇ ਮਨੁੱਖ ਨੂੰ ਤੰਦਰੁਸਤ ਕੀਤਾ ਜਾਂਦਾ ਸੀ’।
ਸਾਡਾ ਭਾਰਤੀ ਸੰਗੀਤ ਤਾਂ ਹੈ ਹੀ ਮਨੁੱਖੀ ਰੂਹ ਨੂੰ ਮੁਖ਼ਾਤਬ ਹੈ, ਪਤਾ ਹੀ ਨਹੀਂ ਲੱਗਿਆ ਅਸੀਂ ਕਦੋਂ ਪੱਛਮੀ ਸੰਗੀਤ ਦੇ ਆਸ਼ਿਕ ਹੋ ਗਏ, ਜੋ ਮਨੁੱਖੀ ਸਰੀਰ ਨੂੰ ਉਤੇਜਿਤ ਕਰਦਾ ਹੈ। ਭਾਰਤੀ ਸੰਗੀਤ ਨਾਲ ਸਿਰ ਝੂਮਦਾ ਹੈ, ਪੱਛਮੀ ਨਾਲ ਪੈਰ ਨੱਚਦੇ ਹਨ। ਹੁਣ ਤੱਕ ਅਸੀਂ ਪੰਜਾਬੀਆਂ ਨੇ ਦੋਵਾਂ ਦਾ ਸੁਮੇਲ ਕਰਕੇ ਜੋ ਨੁਕਸਾਨ ਝੱਲਿਆ ਹੈ ਉਸ ਬਾਰੇ ਵਿਸਥਾਰ ਵਿਚ ਲਿਖਣ ਦੀ ਲੋੜ ਨਹੀਂ ਜਾਪਦੀ ਮੈਨੂੰ! ਮੈਂ ਪੱਛਮੀ ਸੰਗੀਤ ਦੀ ਨਿਖੇਦੀ ਨਹੀਂ ਕਰਦਾ, ਕਹਿਣਾ ਇਹ ਚਾਹੁੰਦਾ ਹਾਂ ਕਿ… ਸਾਡੇ ਕੋਲ ਇਸਨੂੰ ਸਮਝਣ ਵਾਲੀ ਵਿਵੇਕ ਬੁੱਧੀ ਦੀ ਹਾਲੇ ਬਹੁਤ ਕਮੀ ਹੈ।
ਸੰਗੀਤ ਮਨੁੱਖੀ ਸ਼ਖਸੀਅਤ ਦੇ ਟੋਏ-ਟਿੱਬੇ ਪੱਧਰੇ ਕਰਦਾ ਹੈ। ਪਰ ਅਸੀਂ ਪੰਜਾਬੀਆਂ ਨੇ ਸੰਗੀਤਕ ਜਗਤ ਵਿਚ ਹਥਿਆਰਾਂ ਨੂੰ ਲਿਆਕੇ ਖੂਨੀ ਜੰਗਾਂ ਖੁਦ ਲਾਈਆਂ ਤੇ ਸਾਡੇ ਅਨੇਕਾਂ ਗੱਭਰੂਆਂ ਨੇ ਆਪਣਾ ਵਜੂਦ ਖ਼ਤਮ ਕਰ ਲਿਆ ਤੇ ਮਨੁੱਖੀ ਕਤਲੇਆਮ ਨੂੰ ਜਨਮ ਦਿੱਤਾ।
ਇਤਿਹਾਸ ਫਰੋਲਿਆ ਪਤਾ ਲਗਦੇ ਕਿ… ‘ਦਸਮੇਸ਼ ਪਿਤਾ ਜੀ ਨੇ ਸੰਗੀਤਮਈ ਨਗਾਰੇ ਦੀ ਚੋਟ ਨਾਲ ਸਧਾਰਣ ਲੋਕਾਂ ਨੂੰ ਜਾਬਰਾਂ ਨਾਲ ਦੋ ਹੱਥ ਕਰਨ ਦੇ ਯੋਗ ਬਣਾਇਆ ਸੀ। ਗੁਰੂ ਜੀ ਦੇ ਸੰਗੀਤਕਾਰਾਂ ਨੇ ਢੱਡ, ਸਾਰੰਗੀ ਤੇ ਯੋਧਿਆਂ ਦੀਆਂ ਵਾਰਾਂ ਗਾ-ਗਾ ਕੇ ਲਿਤਾੜੇ ਹੋਏ ਲੋਕਾਂ ਨੂੰ ਨਵੀਂ ਤਾਕਤ ਤੇ ਜ਼ੋਸ ਦਿੱਤਾ ਸੀ।
ਗੌਰਵਮਈ ਇਤਿਹਾਸ ਦੇ ਮਾਲਿਕ ਅਸੀਂ ਛੋਟੀ ਜਹੀ ਗੱਲ ਤੇ ਭਰਾ ਮਾਰੂ ਜੰਗ ਸ਼ੁਰੂ ਕਰ ਲੈਂਦੇ ਹਾਂ, ਜਿਸਦਾ ਕੋਈ ਅੰਤ ਨਹੀਂ। ਕਮਲਿਓ ਵੀਰੋਂ ਸਲੀਕਾ, ਸੰਜਮ, ਪਿਆਰ, ਮੁਹੱਬਤ, ਸਨੇਹ, ਪ੍ਰੇਮ, ਸਹਿਯੋਗ, ਸਾਦਗੀ ਅਤੇ ਮਨ ਦੀ ਸੁਚੱਜਤਾ ਤੇ ਸੁੱਚਤਾ ਹੀ ਸੱਚੇ ਸੰਗੀਤ ਪ੍ਰੇਮੀਆਂ ਦੀ ਸ਼ਖਸੀਅਤ ਦੇ ਲੱਛਣ ਹੁੰਦੇ ਹਨ, ਫਾਲਤੂ ਦੇ ਫੁਕਰਪੁਣੇ ਨਹੀਂ।
ਹਰਫੂਲ ਭੁੱਲਰ
ਮੰਡੀ ਕਲਾਂ 9876870157.
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly