(ਸਮਾਜ ਵੀਕਲੀ)
ਹਰ ਸਮੇਂ ਚੜ੍ਹਦੀਕਲਾ ਵਿਚ ਰਹਿਣ ਲਈ ਸਾਨੂੰ ਆਪਣੀ ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਸ਼ਕਤੀ ਨੂੰ ਸੰਭਾਲ ਕੇ ਰੱਖਣਾ ਅਤਿ ਜਰੂਰੀ ਹੈ। ਮਾਨਸਿਕ ਰੋਗੀਆਂ ਦੀ ਇਹ ਸ਼ਕਤੀ ਤਾਹਨੇ, ਮਿਹਣੇ, ਨਿੰਦਾ, ਚੁਗ਼ਲੀ, ਸਾੜੇ, ਈਰਖਾ, ਬਦਲਾਖੋਰੀ ਜਹੇ ਛੇਕਾਂ ਰਾਹੀਂ ਅਤੇ ਬਿਨ ਮਤਲਬ ਦੀ ਮੁਕਾਬਲੇਬਾਜ਼ੀ ਜਿਹੀਆਂ ਘਰਾਲਾਂ ਥਾਣੀਂ ਡੁੱਲ੍ਹ ਡੁੱਲ੍ਹ ਕੇ ਖ਼ਤਮ ਹੋ ਜਾਂਦੀ ਹੈ। ਸਾਨੂੰ ਸਾਰੀ ਉਮਰ ਉਤਸ਼ਾਹ, ਜੋਸ਼ ਤੇ ਜਜ਼ਬਾ ਦੇਣ ਵਾਲੀ ਇਹ ਸ਼ਕਤੀ ਦੇ ਬਰਾਬਰ ਹੋਣ ਕਰਕੇ ਨੌਜਵਾਨ ਵੀ ਬੁੱਢੇ ਹੋ ਜਾਂਦੇ ਹਨ, ਤੇ ਓਹ ਹਰ ਖੇਤਰ ਵਿਚ ਹੋਰਨਾਂ ਨਾਲੋਂ ਪਹਿਲਾਂ ਅੱਕ-ਥੱਕ ਕੇ ਆਪਣੀ ਹਾਰ ਦਾ ਕਾਰਨ ਖੁਦ ਬਣਦੇ ਹਨ।
ਉਮਰ ਦਾ ਪੜਾਅ ਕੋਈ ਵੀ ਹੋਵੇ ਚੜ੍ਹਦੀਕਲਾ ਵਾਲਾ ਮਨੁੱਖ ਕਦੇ ਵੀ ਆਪਣੇ ਆਪ ਨੂੰ ਨਿਰਾਸ਼, ਮਾਯੂਸ, ਅਸਫਲ ਜਾਂ ਬੁੱਢਾ ਨਹੀਂ ਸਮਝਦਾ, ਓਹ ਮਿਲੇ ਜੀਵਨ ਦੇ ਹਰ ਪਲ ਨੂੰ ਪ੍ਰਸਥਿਤੀਆਂ ਅਨੁਸਾਰ ਖੁਸ਼ਹਾਲੀ ਦੇ ਖਿਆਲਾਂ ਨਾਲ ਨਵਾਂ ਨਕੋਰ ਤੇ ਤਾਜ਼ਗੀ ਭਰਿਆ ਬਣਾਉਣ ਲਈ ਯਤਨਸ਼ੀਲ ਰਹਿੰਦਾ ਹੈ। ਹੁਣ ਏਥੇ ਬੁੱਢਿਆਂ ਅਤੇ ਬਜ਼ੁਰਗਾਂ ਵਿਚਲਾ ਅੰਤਰ ਸਮਝ ਪਾਉਂਣਾ ਵੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਗੱਲ ਦਾ ਮਕਸਦ ਪੂਰਾ ਨਹੀਂ ਹੋਣ ਵਾਲਾ, ਬਜ਼ੁਰਗਾਂ ਕੋਲੇ ਓਹ ਸਕਰਾਤਮਿਕ ਤਜਰਬੇ, ਗੁਣ ਅਤੇ ਆਦਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਹਰ ਯੁੱਗ ਦੇ ਨੌਜਵਾਨ ਅਪਨਾਉਣਾ ਚਾਹੁੰਦੇ ਹਨ।
ਜਦੋਂ ਕਿ ਬੁੱਢਿਆਂ ਕੋਲ ਲਾਲਚ, ਲੋਭ ਅਤੇ ਇੱਛਾਵਾਂ ਹੁੰਦੀਆਂ ਹਨ ਜੋ ਓਹ ਖ਼ੁਦ ਜ਼ਿੰਦਗੀ ਗਾਲ ਕੇ ਵੀ ਪੂਰੀਆਂ ਨਹੀਂ ਕਰ ਸਕੇ ਹੁੰਦੇ, ਅਜਿਹੇ ਲੋਕ ਹਰ ਉਮਰ ਵਿਚ ਨਿੰਦਿਆ ਦੇ ਸ਼ਿਕਾਰ ਹੁੰਦੇ ਹਨ। 60 ਸਾਲਾਂ ਤੋਂ ਉਪਰ ਹੋ ਕਿ ਜਿਹੜਾ ਮੂਰਖ਼ ਕਬੀਲਦਾਰੀ ਦਾ ਝੋਲਾ ਪੁੱਤ ਨੂੰ ਨਹੀਂ ਸੌਂਪਦਾ ਉਹ ਸਤਿਕਾਰਯੋਗ ਬਜ਼ੁਰਗ ਹੋ ਹੀ ਨਹੀਂ ਸਕਦਾ। ਅਗਾਂਹ ਇਨ੍ਹਾਂ ਦੀ ਸੰਤਾਨ ਦਾ ਵੀ ਉਦਾਸ, ਮਾਯੂਸ, ਲਾਲਚੀ, ਅਤੇ ਅਸੰਤੁਸ਼ਟ ਹੋਣਾ ਲਾਜ਼ਮੀ ਹੁੰਦਾ ਹੈ। ਕਿਉਂਕਿ ਜਵਾਨੀ ਚ ਬੁੱਢੇ ਤੇ ਕੁੱਬੇ ਹੋਏ ਇਨਸਾਨ ਆਪਣੇ ਪਰਿਵਾਰ ਨੂੰ ਨੈਤਿਕਤਾ ਦਾ ਪਾਠ ਨਹੀਂ ਪੜਾਅ ਪਾਉਂਦੇ।
ਜਿਹੜਾ ਇਨਸਾਨ ਸੰਕਟ ਸਮੇਂ ਵੀ ਚੜਦੀਕਲਾ ਵਿਚ ਰਵੇ, ਓਹ ਵਿਸ਼ਵ ਨਾਗਰਿਕ ਹੁੰਦਾ ਹੈ। ਦਸਮ ਪਿਤਾ ਜੀ ਨੇ ਸੰਕਟ ਵਿਚ ਅਤੀਤ ‘ਤੇ ਨਹੀਂ, ਆਪਣੀ ਟੇਕ ਭਵਿੱਖ ਤੇ ਰੱਖੀਂ ਸੀ। ਉਨ੍ਹਾਂ ਸੰਕਟ ਸਮੇਂ ਹੌਸਲੇ ਸਦਕਾ, ਮਿੱਤਰ-ਪਿਆਰੇ ਨੂੰ ਯਾਦ ਕੀਤਾ, ਚੜਦੀਕਲਾ ਵਿਚ ਰਹਿ ਕੇ ਇਕੱਲਿਆਂ ਹੀ ਪੰਥ ਖੜ੍ਹਾ ਕਰ ਦਿੱਤਾ ਸੀ।
ਓਹ ਗੱਲ ਵੱਖਰੀ ਹੈ ਕਿ ਅੱਜ ਕੌਮ ਆਟੇ ਦਾਲ ਦੀਆਂ ਸਕੀਮਾਂ ਲਈ ਝੂਠ ਦਾ ਸਹਾਰਾ ਲੈਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕਰਦੀ, ਮੰਗਤਿਆਂ ਵਾਂਗੂੰ ਬੋਰੇ ਚੁੱਕੀ ਖੜ੍ਹੇ ਵਰਤਮਾਨ ਦਾ ਭਵਿੱਖ ਕੀ ਹੋਵੇਗਾ ਕਿਵੇਂ ਲਿਖਾ..?
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly