(ਸਮਾਜ ਵੀਕਲੀ)
ਜਦੋਂ ਸਾਡਾ ਦਿਲ ਸੱਜਣ ਦੀ ਖੁਸ਼ੀ ਨੂੰ ਆਪਣੀ ਪ੍ਰਸੰਨਤਾ ਨਾਲੋਂ ਪਹਿਲ ਦੇਣ ਲਗਦਾ ਹੈ ਤਾਂ ਇਹ ਅਵਸਥਾ ਮੋਹ-ਮੁਹੱਬਤ ਦੀ ਹੁੰਦੀ ਹੈ। ਏਥੋਂ ਤੱਕ ਕੋਈ ਵਿਉਂਤਬੰਦੀ ਕਰਕੇ ਨਹੀਂ, ਸਭ ਸਮਰਪਿਤ ਕਰਕੇ ਪਹੁੰਚਿਆ ਜਾਂਦਾ ਹੈ, ਫਿਰ ਅਸੀਂ ਆਪਣੇ ਆਪ ਤੋਂ ਵੀ ਅਜਨਬੀ ਜੇ ਹੋ ਜਾਂਦੇ ਹਾਂ। ਕਿਉਂਕਿ
*ਲੋੜ ਸਮੇਂ ਕਿਸੇ ਦਾ ਹੱਥ ਫੜ ਕੇ ਤੁਰਨਾ ਮੁਹੱਬਤ ਨਹੀਂ ਹੁੰਦੀ,*
*ਮੁਹੱਬਤ ‘ਚ ਉਮਰ ਇਜ਼ਹਾਰ ਕਰੇ ਬਿਨਾਂ ਵੀ ਗੁਜਰ ਜਾਂਦੀ ਹੈ!*
ਓਹ ਵੀ ਮੁਹੱਬਤ ਨਹੀਂ ਹੁੰਦੀ ਜਿੱਥੇ ਜਿਸਮ ਫਰੋਲ਼ ਕੇ ਵੀ ਕੁੱਝ ਨਹੀਂ ਮਿਲਦਾ, ਪਰ ਰੂਹਾਂ ਦੇ ਜੌਹਰੀ ਬਿਨਾਂ ਛੂਹੇ ਵੀ ਮੁਹੱਬਤ ਪਾ ਲੈਂਦੇ ਨੇ…
ਦਿਲ ਅੰਦਰ ਕੁਝ ਕੁ ਰਿਸ਼ਤਿਆਂ ਦਾ ਕੋਈ ਨਾਮ ਵੀ ਨਹੀਂ ਹੁੰਦਾ, ਪਰ ਇਹ ਰਿਸ਼ਤੇ ਦਿਲ ਦੇ ਕੋਨੇ-ਕੋਨੇ ‘ਚ ਹਰ ਰੋਜ਼ ਜਵਾਨ ਹੁੰਦੇ ਨੇ, ਸਕੂਨ ਦਿੰਦੇ ਨੇ। ਇਨ੍ਹਾਂ ਤੇ ਕਬਜ਼ਾ ਕਰਨ ਦੀ ਤਮੰਨਾ ਜਾਂ ਖੋਹ ਜਾਣ ਦਾ ਡਰ ਨਹੀਂ ਹੁੰਦਾ। ਇਹ ਹਾਣੀ ਆਪਣੇ ਵਿੱਚ ਹਰ ਰਿਸ਼ਤਾ ਸਮਾ ਲੈਂਦੇ ਨੇ। ਬਹੁਤ ਥਾਵਾਂ ਤੇ ਸਾਡਾ ਪੱਖ ਪੂਰਦੇ ਨੇ, ਬੇਇੰਤਹਾ ਮੁਹੱਬਤ ਦੇ ਹੱਕਦਾਰ ਬਣ ਜਾਂਦੇ ਨੇ। ਅਸਲ ਵਿਚ ਮੋਹ-ਮੁਹੱਬਤ ਕਿਸੇ ਤੋਂ ਸਦਕੇ ਜਾਣ ਦੀ ਕਲਾ ਹੁੰਦੀ ਹੈ। ਮੋਹ ਵਿਚਲੀ ਨਿਰਛੱਲਤਾ, ਭੋਲਾਪਣ ਅਤੇ ਤਿਆਗ ਮਨ ਦੀਆਂ ਖੁਸ਼ੀਆਂ ਨੂੰ ਗੋਟੇ ਕਿਨਾਰੀਆਂ ਲਾ ਦਿੰਦੇ ਹਨ। ਮੋਹ-ਮੁਹੱਬਤ ਇੱਕ ਅਨੁਭਵ ਹੈ, ਕੋਈ ਸਿਧਾਂਤ ਨਹੀਂ, ਨਾਹੀਂ ਇਸਦਾ ਕੋਈ ਸਬੂਤ ਦਿੱਤਾ ਜਾ ਸਕਦਾ ਹੈ।
ਅੱਜ ਉਝ ਹੀ ਰੂਹ ਦੀ ਸਰਜ਼ਮੀਨ ਖਰੋਚਣ ਨੂੰ ਦਿਲ ਜਿਹਾ ਕੀਤਾ… ਵਾਅਦਾ ਤੇਰੇ ਨਾਲ, ਧੁਰ ਤੱਕ ਦੇ ਸਫਰਾਂ ਦਾ ਹੈ। ਉਡੀਕ ਵਿੱਚ ਕਮੀ ਲੱਗੇ ਤਾਂ ਅਖੀਰ ਦੱਸੀ, ਇਸ਼ਕ, ਮੁਹੱਬਤ, ਮੋਹ ਰੂਹ ਦੀਆਂ ਬਾਤਾਂ, ਜ਼ਿੰਦ ਕਾਦਰ ਨਾਮ ਨਾ ਲਾਵਾਂ ਤਾਂ ਬੇਵਫਾ ਦੱਸੀਂ!
ਹਰ ਇਨਸਾਨ ਗ਼ਲਤੀਆਂ ਦਾ ਪੁਤਲਾ ਹੁੰਦਾ, ਤਾਂਹੀ ਮੋਹ-ਮੁਹੱਬਤ ਵਿੱਚ ਵੀ ਸੱਚ-ਝੂਠ ਰਲਾ ਮਿਲਾਕੇ ਸੁਣਾ ਜਾਂਦਾ ਹੈ। ਤੂੰ ਕੀ ਕਰਨਾ… ਮੇਰੇ ਸੱਚ ਸਾਂਭ ਲੈਣੇ ਨੇ ਤੇ ਝੂਠ ਮੇਰੇ ਕੁੜਤੇ ਦੀ ਜੇਬ ਵਿੱਚ ਚੁੱਪ-ਚਾਪ ਵਾਪਿਸ ਰੱਖ ਦੇਵੀਂ, ਜਰੂਰੀ ਥੋੜ੍ਹਾ ਹੁੰਦਾ ਕਿ ਮੁਹੱਬਤ ਵਿੱਚ ਸੱਚ-ਝੂਠ ਨੂੰ ਤਰਾਜ਼ੂ ਵਿੱਚ ਪਾ ਪਾ ਤੋਲਿਆ ਜਾਵੇ? ਕਮਲੇ ਦੀਏ ਕਮਲੀਏ, ਬਸ ਘੁੱਟ ਹੱਥ ਫੜਕੇ ਰੱਖਣਾ ਹੁੰਦਾ ਹੈ, ਤੁਸੀਂ ਤੋਂ ਤੂੰ ਬਣ ਗਏ ਰਿਸ਼ਤਿਆਂ ਦਾ…
ਹਰਫੂਲ ਭੁੱਲਰ ਮੰਡੀ ਕਲਾਂ
9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly