ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਦੇਸ਼ ਦੇ ਸਿਆਸਤਦਾਨਾਂ ਨੇ ਰਾਜਨੀਤੀ ਨੂੰ ਕਾਰੋਬਾਰ ਬਣਾ ਲਿਆ ਹੈ। ਕਰੋੜਾਂ ਲਾਓ, ਅਰਬਾਂ ਕਮਾਓ, ਦਲ ਬਦਲੋ, ਆਪਣਾ ਮਾਸ ਬਚਾਓ, ਨਾ ਜਿਆਦਾ ਪੜ੍ਹਾਈ ਲਿਖਾਈ ਦੀ ਜਰੂਰਤ, ਨਾ ਜਿਆਦਾ ਸਦਗੁਣਾਂ ਦੀ, ਜਰੂਰਤ ਹੈ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਵਿਚ ਬਦਲਣ ਦੇ ਹੁਨਰ ਦੀ, ਬਾਕੀ ਜਨਤਾ ਨੂੰ ਮੂਰਖ ਬਣਾਉਣ ਦੀ ਕਲਾ ਆਉਂਣੀ ਚਾਹੀਦੀ ਹੈ।

ਚੋਣਾਂ ‘ਚ ਜਿੱਤ ਪ੍ਰਾਪਤ ਕਰਨ ਲਈ ਵੋਟਾਂ ਦੇ ਖੁੱਲੇ ਗੱਫੇ ਹੁਣ ਹਰ ਰੰਗ ਦੇ ਚੋਲੇ ਵਾਲੇ ਸਾਧ ਤੋਂ ਮਿਲ ਜਾਂਦੇ ਹਨ। ਦੇਸ਼ ਦਾ ਕੋਈ ਵੀ ਸਿਆਸਤਦਾਨ ਇਹ ਨਹੀਂ ਚਾਹੁੰਦਾ ਕਿ ਗਰੀਬੀ, ਬੇਰੁਜ਼ਗਾਰੀ, ਭਰਿਸ਼ਟਾਚਾਰ, ਧਾਰਮਿਕ ਅਤੇ ਸਮਾਜਿਕ ਵਿਤਕਰਾ ਖ਼ਤਮ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਇਹ ਆਪਣੀ ਜੜ੍ਹ ਖੁਦ ਹੀ ਵੱਢ ਲੈਣਗੇ। ਲੋਕਤੰਤਰ ਦੀ ਹਾਲਤ ਤਾਨਾਸ਼ਾਹੀ ਨਾਲੋਂ ਵੀ ਬਦਸੂਰਤ ਹੈ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅੱਜ ਜੇਬਤੰਤਰ, ਭਰਿਸ਼ਟਤੰਤਰ ਤੇ ਜਰਵਾਣਿਆਂ ਦਾ ਤੰਤਰ ਬਣ ਚੁੱਕਿਆ ਹੈ, ਜਿਥੇ ਹੁਣ ਲੋਕਾਂ ਦੀ ਆਵਾਜ਼ ਨਹੀਂ, ਕਾਰਪੋਰੇਟ ਘਰਾਣਿਆਂ ਦੀ ਆਵਾਜ਼ ਰਾਜ ਕਰ ਰਹੀ ਹੈ।

ਸਭ ਤੋਂ ਵੱਧ ਬੇੜਾ ਗ਼ਰਕ ਧਾਰਮਿਕ ਆਗੂਆਂ ਨੇ ਕੀਤਾ ਹੈ। ਜੇ ਇਨ੍ਹਾਂ ਨੇ ਗਰੀਬਾਂ ਦੀ ਬਾਂਹ ਫੜੀ ਹੁੰਦੀ ਤਾਂ ਸ਼ਾਇਦ ਲੋਕ ਸਿਧਾਂਤ ਛੱਡ ਕੇ ਡੇਰਿਆਂ ਵੱਲ ਨਾ ਭੱਜਦੇ, ਬੰਦੇ ਨੂੰ ਸਿਰਫ਼ ਬੰਦਾ ਹੀ ਰਹਿਣ ਦਿੰਦੇ, ਨਾ ਜਾਤਾਂ ਵਿੱਚ ਵੰਡਿਆ ਜਾਂਦਾ ਤਾਂ ਸ਼ਾਇਦ ਆਹ ਦਿਨ ਨਾ ਆਉਂਦੇ। ਸ਼੍ਰੋਮਣੀ ਕਮੇਟੀ ਵਾਲਿਆਂ ਨੇ ਤਾਂ 1984 ਵੇਲੇ ਦੇ ਪੀੜਤ ਕਈ ਸਿੰਘਾਂ ਦੇ ਪਰਿਵਾਰਾਂ ਦੀ ਬਾਂਹ ਨਹੀਂ ਫੜੀ, ਗੱਲਾਂ ਜਿੰਨੀਆਂ ਮਰਜ਼ੀ ਕਰਵਾ ਲਵੋਂ ਇਨ੍ਹਾਂ ਤੋਂ ਫਿਰ ਕਹਿੰਦੇ ਸਿੱਖੀ ਵਿੱਚ ਸਾਧ ਆ ਗਏ, ਸਭ ਤੋਂ ਵੱਡੇ ਬਹਿਰੂਪੀਏ ਤਾਂ ਤੁਸੀਂ ਹੋ ਜਨਾਬ।

ਸਾਡੀ ਦੇਸ਼ ਵਾਸੀਆਂ ਦੀ ਕਮਜ਼ੋਰੀ ਇਹ ਰਹੀ ਕਿ ਸੈਲਫਿਸ਼ ਸੋਚ ਸਾਡੇ ਮਨ ਅੰਦਰ ਘਰ ਕਰ ਗਈ। ਸਮਾਜ ਜਾਂ ਦੇਸ਼ ਨੂੰ ਭਾਵੇਂ ਕਿੰਨਾ ਵੀ ਨੁਕਸਾਨ ਕਿਉਂ ਨਾ ਹੋ ਜਾਵੇ ਪਰ ਸਾਨੂੰ ਖ਼ੁਦ ਨੂੰ ਫ਼ਾਇਦਾ ਹੋਣਾ ਚਾਹੀਦਾ ਹੈ। ਸਾਡੀ ਇਸ ਸੋਚ ਨੇ ਹਵਾ, ਪਾਣੀ ਅਤੇ ਧਰਤੀ ਵਿਚ ਜ਼ਹਿਰਾਂ ਭਰ ਦਿਤੀਆਂ। ਅਸੀਂ ਚਾਹੁੰਦੇ ਸਫ਼ਾਈ ਹਾਂ ਪਰ ਖੁਦ ਗੰਦ ਖਿਡਾਉਣ ਵਿਚ ਮੋਹਰੀ ਹਾਂ।

ਅਸੀਂ ਸਮਾਜ ਵਿਚ ਇਮਾਨਦਾਰੀ ਚਾਹੁੰਦੇ ਹਾਂ, ਪਰ ਖੁਦ ਰਿਸ਼ਵਤ ਲੈਣ ਲੱਗੇ ਕਦੇ ਨਹੀਂ ਸੋਚਦੇ। ਅਸੀਂ ਹਮੇਸ਼ਾ ਸਿਸਟਮ ਨੂੰ ਕੋਸਦੇ ਰਹਿੰਦੇ ਹਾਂ ਪਰ ਇਸ ਸਿਸਟਮ ਨੂੰ ਗੰਦਾ ਕਰਨ ਵਾਲੇ ਵੀ ਤਾਂ ਅਸੀਂ ਹੀ ਹਾਂ। ਜੋ ਅਸੀਂ ਅੱਜ ਭੁਗਤ ਰਹੇ ਹਾਂ, ਇਹ ਸਾਡੇ ਹੀ ਬਜ਼ੁਰਗਾਂ ਦੇ ਠੰਡੀਆਂ ਠਾਰ ਕਾਰਾਂ ਵਿਚ ਦਿੱਲੀ ਤੱਕ ਲਏ ਗਏ ਹੂਟਿਆਂ ਦਾ ਮੁੱਲ ਤਾਰ ਰਹੇ ਹਾਂ। ਸੋਚ ਬਦਲਿਆ ਬਿਨ ਭਵਿੱਖ ਨਹੀਂ ਬਦਲੇਗਾ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

Previous articleਬੂਥ ਲੈਵਲ ਅਧਿਕਾਰੀ ਹਰਵਿੰਦਰ ਸਿੰਘ ਸਨਮਾਨਿਤ
Next articleਗੁਰੂ ਰਵਿਦਾਸ