(ਸਮਾਜ ਵੀਕਲੀ)
‘ਗ਼ਰੀਬੀ’ ਬਹੁਤ ਖ਼ਤਰਨਾਕ ਤੇ ਦਰਦਨਾਕ ਸ਼ਬਦ ਹੈ!
ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਹੁਣ ਤੱਕ ਅਣਗਿਣਤ ਸਕੀਮਾਂ ਬਣੀਆਂ ਨੇ ਜਿਨ੍ਹਾਂ ਦੀ ਗਿਣਤੀ ਕਰਨੀ ਮੁਸਕਲ ਹੈ। ਸਾਡੇ ਸ਼ਾਸਕਾਂ ਵੱਲੋਂ ਜੇਕਰ ਇਹਨਾਂ ਚੋਂ ਅੱਧੀਆਂ ਵੀ ਇਮਾਨਦਾਰੀ ਨਾਲ ਲਾਗੂ ਕੀਤੀਆਂ ਹੁੰਦੀਆਂ ਤਾਂ ਹੱਦਦਰਜੇ ਦੇ ਗ਼ਰੀਬ ਲੋਕ ਮੁਫਤ ਵਾਲੀ ਕਣਕ ਕਾਰਾਂ ਤੇ ਲੈਣ ਨਾ ਆਇਆਂ ਕਰਦੇ!
ਪਰ ਅਫ਼ਸੋਸ ਹੈ ਮੁਲਕ ਵਿਚ ਦੁੱਧ ਵੇਚਣ ਵਾਲਿਆਂ ਦਾ ਗੁਜਾਰਾ ਮੁਸ਼ਕਿਲ ਨਾਲ ਹੁੰਦਾ ਹੈ, ਤੇ ਗਉ ਮੂਤਰ ਵੇਚਕੇ ਕਰੋਡ਼ਾਂ ਦਾ ਕਾਰੋਬਾਰ ਕਰਿਆ ਜਾ ਰਿਹਾ ਹੈ! ਏਥੋਂ ਸਿੱਧ ਇਹ ਹੁੰਦਾ ਹੈ ਕਿ ‘ਸਾਡੇ ਮੁਲਕ ਦੇ ਅਮੀਰਾਂ ਦੀ ਮਾਨਸਿਕਤਾ ਅਤਿ ਗ਼ਰੀਬ ਹੈ ਅਤੇ ਗ਼ਰੀਬਾਂ ਦੇ ਆਰਥਿਕ ਪੱਖਾਂ ਦੀ ਗ਼ਰੀਬੀ ਨੇ ਗ਼ਰੀਬਾਂ ਨੁੂੰ ਮਾਨਸਿਕ ਅਮੀਰ ਕਦੇ ਹੋਣ ਹੀ ਨਹੀਂ ਦਿੱਤਾ’! ਇਸ ਲਈ ਹੁਣ ਮੁਸ਼ਕਿਲ ਲਗਦੇ ਪਰ ਅਸੰਭਵ ਕੁਝ ਨਹੀਂ ਹੁੰਦਾ
ਅਜ਼ਾਦੀ ਮਗਰੋਂ ਗ਼ਰੀਬਾਂ ਦੇ ਹੱਕਾਂ ਲਈ ਲੜਨ ਵਾਲੇ ਸਾਰੇ ਅਮੀਰ ਹੋ ਗਏ, ਤੇ ਗ਼ਰੀਬਾਂ ਦੇ ਹਾਲਾਤ ਹੋਰ ਬੁਰੇ ਹੋ ਗਏ ਕਿਉਂਕਿ ਗ਼ਰੀਬਾਂ ਨੂੰ ਸਿਆਸਤਦਾਨਾਂ ਨੇ ਧਰਮਾਂ ਵਿਚ ਵੰਡੀ ਰੱਖਿਆ, ਇਸ ਕਰਕੇ ਉਨ੍ਹਾਂ ਕੋਲ ਆਪਣੇ ਹੱਕਾਂ ਬਾਰੇ ਸੋਚਣ ਦਾ ਸਮਾਂ ਹੀ ਨਾ ਬਚਿਆ। ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਸਾਨੂੰ ਗ਼ਰੀਬ ਬਣਾ ਕੇ ਆਪਣੀ ਵੋਟ ਬੈਂਕ ਨੂੰ ਮਜਬੂਤ ਕਰਨ ਵਿਚ ਪੂਰੀ ਸਫਲ ਪਾਰੀ ਖੇਡੀਆਂ ਨੇ।
ਮਾਨਸਿਕ ਗ਼ਰੀਬਾਂ ਦੀ ਹਾਲਤ ਹੋਰ ਵੀ ਮਾੜੀ ਹੈ, ਇਹ ਘਰ ਦੇ ਨੋਕਰ ਨੂੰ ਵੇਹੀ ਦਾਲ-ਸਬਜ਼ੀ ਤੇ ਰਾਤ ਦੇ ਬਚੇ ਆਟੇ ਦੀਆਂ ਰੋਟੀਆਂ ਬਣਾਕੇ ਦਿੰਦੇ ਹਨ, ਧਾਰਮਿਕ ਸਥਾਨਾਂ ਦੇ ਵੱਡੇ ਸਰਧਾਮਾਨ ਦਿਖਣ ਵਾਲੇ ਲੋਕ ਵੀ ਬਹੁਗਿਣਤੀ ਵਿਚ ਇਹੀ ਹੁੰਦੇ ਹਨ।
ਗ਼ਰੀਬ ਨੂੰ ਕੋਈ ਨਹੀਂ ਲੁੱਟਣ ਤੋਂ ਹੱਟਦਾ! ਸ਼ਰਧਾ ਦੇ ਰੂਪ ਵਿੱਚ ਪੈਸਾ ਦੇਣ ਤੋਂ ਪਹਿਲਾਂ ਅਸੀਂ ਹਜ਼ਾਰ ਵਾਰ ਸੋਚੀਏ ਕਿ ਸਾਡੇ ਕਿਸੇ ਆਪਣੇ ਜਾਂ ਆਸ-ਪਾਸ ਵਾਲੇ ਨੂੰ ਇਸ ਦੀ ਜਰੂਰਤ ਤਾਂ ਨਹੀਂ, ਐਵੇਂ ਕਿਸੇ ਪਿੱਛੇ ਲੱਗ ਗ਼ਲਤ ਜਗ੍ਹਾ ਪੈਸਾ ਬਰਬਾਦ ਨਾ ਕਰੀਏ, ਲੋਡ਼ਵੰਦਾਂ ਨੂੰ ਬਹੁਤ ਜਰੂਰਤ ਹੈ ਸਾਡੀ ਮੱਦਦ ਦੀ, ਇੱਕ ਗੱਲ ਹੋਰ ਉਹਨਾਂ ਤੋਂ ਵੀ ਬਚਣਾ ਬਹੁਤ ਜਰੂਰੀ ਜੋ ਸਾਡੀ ਸਹਾਇਤਾ ਨੂੰ ਆਪਣਾ ਮੌਲਿਕ ਅਧਿਕਾਰ ਸਮਝਦੇ ਹਨ।
ਸੋ ਆਓ ਪਹਿਲਾਂ ਆਪਾਂ ਆਪਣੇ ਆਪ ਨੂੰ ਬਦਲੀਏ ਸਮਾਜ ਬਦਲਦਿਆ ਦੇਰ ਨਹੀਂ ਲੱਗਣੀ ਦੋਸਤੋ। ਵੈਸੇ ਹੁਣ ਕਲਯੁਗ ਨਹੀਂ, ਉਸ ਤੋਂ ਅੱਗਲਾ ਮਤਲਬ ਯੁਗ ਚੱਲ ਰਿਹਾ ਹੈ, ਬਚਕੇ!
ਹਰਫੂਲ ਭੁੱਲਰ
ਮੰਡੀ ਕਲਾਂ 9876870157