(ਸਮਾਜ ਵੀਕਲੀ)
ਸਭ ਅਧਿਆਪਕਾਂ, ਉਸਤਾਦਾਂ, ਮਿਤਰਾਂ-ਪਿਆਰਿਆਂ ਨੂੰ ਸਲਾਮ, ਜਿਨ੍ਹਾਂ ਦਿਮਾਗ਼ ਵਿਚ ਸਕਰਾਤਮਿਕ ਸੋਚ ਦੀ ਬੱਤੀ ਜਗਾਈ ਤੇ ਜ਼ਿੰਦਗੀ ਪ੍ਰਤੀ ਬੜਾ ਛੇਤੀ ਸਮਝ ਪਾਏ ਕਿ…
ਜਨਮ ਲੈਂਦਿਆ ਸਾਰ ਹੀ ਸਾਡੇ ਲਈ ਮੌਤ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਸਦਾ ਲਈ ਜਿਉਣ ਦਾ ਯਤਨ ਕਰਨ ਵਾਲੇ ਕਦੇ ਵੀ ਸਫਲ ਨਹੀਂ ਹੁੰਦੇ ਹਾਂ ਛੋਟੇ ਜਿਹੇ ਜੀਵਨ ਨੂੰ ਸਫ਼ਲਤਾ ਪੂਰਵਕ ਜਿਉਣ ਦੇ ਉਪਰਾਲੇ ਕਰਨ ਨਾਲ ਅਸੀਂ ਅਸਲ ਜੀਵਨ ਆਨੰਦ ਜਰੂਰ ਹਾਸਿਲ ਕਰ ਸਕਦੇ ਹਾਂ। ਜ਼ਿੰਦਗੀ ਦਾ ਅਰਸਾ ਬੜਾ ਹੀ ਸੰਖੇਪ ਹੈ, ਪਤਾ ਨੀਂ ਕਦੋਂ ਦਮ ਰੁਕ ਜਾਵੇ ਕਿਉਂਕਿ ਬੀਤ ਸਮਾਂ ਨਹੀਂ ਰਿਹਾ, ਬੀਤ ਅਸੀਂ ਰਹੇ ਹਾਂ।
ਜ਼ਿੰਦਗੀ ਕਿਸੇ ਨੂੰ ਦੁਬਾਰਾ ਮੌਕਾ ਨਹੀਂ ਦਿੰਦੀ ਆਪਣੇ ਜੀਵਨ ਵਿਚ ਕੀਤੀਆਂ ਆਪਣੀਆਂ ਗ਼ਲਤੀਆਂ-ਬੇਅਕਲੀਆਂ ਤੇ ਮੁਆਫ਼ੀ ਜਾਂ ਗ਼ਲਤੀ ਮੰਨਣ ਦਾ, ਫਿਰ ਤਾਂ ਵਿਛੜ ਗਏ ਸਾਥੀਂ ਦੀ ਚੁੱਪ ਤੇ ਯਾਦ ਪੂਰੀ ਉਮਰ ਸਤਾਉਂਦੀ ਰਹਿੰਦੀ ਹੈ। ਸਾਡੇ ਕੋਲ ਅਨੇਕਾਂ ਸਵਾਲ ਹੁੰਦੇ ਨੇ, ਪਰ ਓਹ ਨਹੀਂ ਹੁੰਦੇ ਜਿਨ੍ਹਾਂ ਤੋਂ ਜਵਾਬ ਲੋੜੀਂਦੇ ਹੁੰਦੇ ਆ! ਅਨੇਕਾਂ ਪੜਾਵਾਂ ਤੇ ਸਾਨੂੰ ਉਨ੍ਹਾਂ ਦੀ ਜਰੂਰਤ ਪੈਂਦੀ ਹੈ ਪਰ ਓਹ ਬਹੁੜਦੇ ਨਹੀਂ। ਬਨਾਵਟੀ ਧਰਵਾਸ ਨਾਲ ਮਨ ਨੂੰ ਤਸੱਲੀ ਤੇ ਸਬਰ ਦੇਕੇ ਜੀਵਨ ਚਲਦਾ ਰੱਖਣਾ ਪੈਂਦਾ ਹੈ।
ਸਾਡੇ ਸਭ ਦੇ ਇੱਕ-ਦੂਜੇ ਨਾਲ ਮੇਲ ਵਿਚ ਸ਼ਮੂਲੀਅਤ ਕੁਦਰਤ ਦੀ ਵੀ ਹੁੰਦੀ ਹੈ। ਕੁਦਰਤ ਬਣਾਈਆਂ ਜੋੜੀਆਂ ਵਿਚ ਕਦੇ ਤਰੇੜਾਂ ਨਹੀਂ ਪਾਉਂਦੀ, ਆਪਸ ਵਿਚ ਦੂਰੀਆਂ ਜਾਂ ਨਜ਼ਦੀਕੀਆਂ ਬਣਾਉਣ ਦੇ ਅਸੀਂ ਖੁਦ ਭਾਗੀਦਾਰ ਹੁੰਨੇ ਆ, ਸਮੱਸਿਆਵਾਂ ਦਾ ਹੱਲ ਨਾ ਆਉਣ ਕਰਕੇ।
ਔਰਤ ਬੰਦੇ ਦੇ ਸਭ ਰੁਤਬੇ ਤਿਆਗ ਕੇ ਉਸ ਵਿਚੋਂ ਇੱਕ ਸੰਪੂਰਨ ਪਤੀ ਦੀ ਤਲਾਸ਼ ਕਰਦੀ ਹੈ ਤੇ ਮਰਦ ਸਮਾਜਿਕ, ਆਰਥਿਕ ਤੇ ਪਰਿਵਾਰਕ ਜੁੰਮੇਵਾਰੀਆਂ ਚੱਕਦਾ ਹੋਇਆ ਘਰਵਾਲੀ ਦੇ ਚਿਹਰੇ ਖੁਸ਼ੀਆਂ ਲੋਚਦਾ ਹੈ। ਪਰ ਅਸੀਂ ਦੁਨੀਆਵੀਂ ਢਾਂਚਾ ਹੀ ਐਸਾ ਸਿਰਜ ਲਿਆ ਜਿਸ ਵਿਚ ਭਾਵਨਾਵਾਂ ਦਾ ਹਰ ਰੋਜ਼ ਕਤਲ ਹੁੰਦਾ ਹੈ। ਮੀਆਂ-ਬੀਵੀ ਦੇ ਜੀਵਨ ਜੀ ਉਦਾਹਰਣ ਸੂਰਜ ਤੇ ਧਰਤੀ ਵਾਲੀ ਐ। ਜਦੋ ਕੁਦਰਤ ਵਿਚ ਸੂਰਜ ਤੇ ਧਰਤੀ ਦੇ ਖਲਾਅ ਵਿਚਕਾਰ ਕਦੇ ਤਪਸ਼ ਜ਼ਿਆਦਾ ਵੱਧ ਜਾਵੇ ਤਾਂ ਸੰਭਾਵਨਾ ਤੂਫ਼ਾਨ ਆਉਣ ਦੀ ਅਕਸਰ ਬਣ ਜਾਂਦੀ ਹੈ, ਕੁਦਰਤ ਕਿਸੇ ਇੱਕ ਬੱਦਲ ਦੀ ਆਮਦ ਕਰਕੇ ਓਸੇ ਮੌਸਮ ਨੂੰ ਸੁਹਾਵਣਾ ਬਣਾ ਦਿੰਦੀ ਹੈ।
ਫਿਰ ਉਸੇ ਖਲਾਅ ਦੇ ਵਿੱਚ ਮੋਰ ਪੈਲਾਂ ਪਾਉਂਦੇ ਨੇ, ਚਿੜੀਆਂ ਚਹਿਕਦੀਆਂ ਨੇ, ਕਬੂਤਰ ਬਾਜ਼ੀਆਂ ਲਾਉਂਦੇ ਨੇ ਤੇ ਬਾਜ਼ ਆਨੰਤ ਉਚਾਈ ਤੋਂ ਸ਼ਿਕਾਰ ਤੇ ਅੱਖ ਰੱਖਦਾ ਹੈ, ਲੱਖ ਸ਼ੁਕਰਾਨੇ ਕੁਦਰਤ ਦੇ ਜਿਨ੍ਹਾਂ ਮਨੁੱਖਾਂ ਨੂੰ ਉਸਨੇ ਬੱਦਲ ਦੀ ਜੂਨੇ ਵੀ ਪਾਇਆ ਹੈ।
ਅਸੀਂ ਹਰ ਖੇਤਰ ਵਿਚ ਵਿਕਾਸ ਕਰਦੇ ਹਾਂ, ਪਰ ਕਈ ਵਾਰੀ ਸਲੀਕੇ ਦੀ ਘਾਟ ਕਾਰਨ, ਵੱਡੀਆਂ ਪ੍ਰਾਪਤੀਆਂ ਕਰਨ ਵਿਚ ਅਕਸਰ ਲੇਟ ਹੋ ਜਾਂਦੇ ਹਾਂ। ਫਿਰ ਸਾਨੂੰ ਸਮਝ ਆਉਂਦੀ ਹੈ ਕਿ… *ਆਪਣਿਆਂ ਬਿਨਾਂ ਇਕੱਲਿਆਂ ਖੁਸ਼ੀ ਮਨਾਉਣੀ ਵੀ ਉਦਾਸੀ ਦੀ ਇਕ ਕਿਸਮ ਹੁੰਦੀ ਹੈ*।
ਅਸੀਂ ਸਭ ਇੱਕ ਭੁਲੇਖੇ ਵਿਚ ਜਿਉਂਦੇ ਹਾਂ ਕਿ ਇੱਕ ਸਮਾਂ ਆਊਗਾ, ਜਦੋਂ ਅਸੀਂ ਮਨਮਰਜ਼ੀ ਦਾ ਜੀਵਨ ਜੀ ਸਕਾਂਗੇ, ਜੋੜਿਆ ਹੋਇਆ ਮਨਮਰਜ਼ੀ ਨਾਲ ਵਰਤ ਸਕਾਂਗੇ, ਪਰ ਇਹ ਹੁੰਦਾ ਨਹੀਂ, ਕਿਉਂਕਿ ਜੀਵਨ ਪ੍ਰਸਥਿਤੀਆਂ ਅਨੁਸਾਰ ਚਲਦਾ ਹੈ ਉਮੀਦਾਂ ਮੁਤਾਬਿਕ ਨਹੀਂ। ਅਰਦਾਸ ਕਰਦੇ ਹਾਂ ਸਭ ਨੂੰ ਹਾਲਾਤਾਂ ਅਨੁਸਾਰ ਜੀਵਨ ਜਿਉਣ ਦੀ ਜਾਂਚ ਆਵੇ ਤੇ ਸੰਸਾਰ ਆਏ ਹਰ ਜੀਵ ਦੀਆਂ ਸਰੀਰਕ, ਆਰਥਿਕ, ਮਾਨਸਿਕ ਅਤੇ ਪਰਿਵਾਰਕ ਤੰਦਰੁਸਤੀਆਂ ਹਮੇਸ਼ਾਂ ਬਰਕਰਾਰ ਰਹਿਣ…
ਹਰਫੂਲ ਭੁੱਲਰ ਮੰਡੀ ਕਲਾਂ
9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly