(ਸਮਾਜ ਵੀਕਲੀ)
ਮੋਰ ਨਾਲ ਗੱਲਾਂ…
ਮੈਂ ਬੈਠ ਗਿਆ ਮੋਰ ਕੋਲ ਨੇੜੇ,
ਦਿਲ ਦੇ ਸਵਾਲ ਲੈ ਕੇ…
ਮੋਰ ਕਹਿੰਦਾ “ਚੁੱਪ ਰਹਿ ਰਾਹੀਂ,
ਸੱਚ ਲੱਭੇਂਗਾ ਹੌਲੇ-ਹੌਲੇ।”
ਮੰਨਿਆ ਭਾਵੇਂ ਇਹ ਦੁਨੀਆਦਾਰੀ ਹੈ,
ਨਾ ਸਾਰੀ ਚੰਗੀ ਏ,
ਨਾ ਸਾਰੀ ਮਾੜੀ ਏ,
ਕਰਮਾਂ ਵਾਲਿਆਂ ਦੀ ਜੱਗ ਤੇ ਸਰਦਾਰੀ ਹੈ!
ਅਜੀਬੋ-ਗ਼ਰੀਬ ਦੁਨੀਆਂ ਦੇ ਰੰਗ ਤਮਾਸ਼ੇ ਨੇ,
ਕੋਈ ਆਪ ਹੀ ਖੇਡੇ,
ਕਈ ਖਿਡਾਈ ਜਾਂਦੇ,
ਹੱਕ ਪਰਾਇਆ ਖਾ ਕੇ ਤੋਲੇ ਤੋਂ ਹੁੰਦੇ ਮਾਸ਼ੇ ਨੇ!
ਨੀਂ ਕੁਦਰਤੇ ਰਾਣੀਏ ਤੇਰੇ ਵੀ ਰੰਗ ਨਿਆਰੇ ਨੇ,
ਬੇਈਮਾਨੀ ਫਲਦੀ ਏ,
ਬੇਦੋਸ਼ੇ ਰਗੜੇ ਜਾਂਦੇ ਨੇ,
ਨਿਰਮੋਹਿਆਂ ਤੋਂ ਰੂਹਾਂ ਵਾਲੇ ਲੱਗਦੇ ਪਿਆਰੇ ਨੇ!
ਰੂਹਾਨੀ ਪੀਉਂਦ ਨੀਂ ਚੜ੍ਹਦੀ ਕਦੇ ਮਤਲਬਖੋਰਾਂ ਨੂੰ,
ਚੰਦਰੇ ਹਾਂਸੇ ਖੋਹ ਲੈਂਦੇ,
ਦਿੰਦੇ ਹੰਝੂ ਅੱਖੀਆਂ ਨੂੰ,
ਬੇਫਿਕਰੀ ਉਹਨਾਂ ਦੀ ਜੋ ਖੁਸ਼ ਰੱਖਦੇ ਨੇ ਹੋਰਾਂ ਨੂੰ!
‘ਹਰਫੂਲ ਭੁੱਲਰਾ’ ਜਦ ਹੌਸਲੇ ਖੰਭ ਬਣਦੇ ਜਾਂਦੇ ਨੇ,
ਫਿਰ ਹਿੰਮਤੀ ਉੱਡਣ,
ਵੱਡੇ ਹੋਵਣ ਹੋਰ ਜ਼ੇਰੇ,
‘ਮਨ’ ਦੇ ਹਾਰਿਆ ਰੱਸੀਆਂ ਦੇ ਵੀ ਸੱਪ ਬਣ ਜਾਂਦੇ ਨੇ,
ਕਮਜ਼ੋਰਾਂ ਅੱਗੇ ਕੱਖ ਗਲੀਆਂ ਦੇ ਹਿੱਕ ਤਣ ਜਾਂਦੇ ਨੇ,
‘ਮਨ’ ਦੇ ਹਾਰਿਆ ਰੱਸੀਆਂ ਦੇ ਵੀ ਸੱਪ ਬਣ ਜਾਂਦੇ ਨੇ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157