ਹਰਫੂਲ ਸਿੰਘ ਭੁੱਲਰ
(ਸਮਾਜ ਵੀਕਲੀ) ਜੋ ਬੀਤ ਗਿਆ ਜਾਂ ਲੰਘ ਗਿਆ ਉਸ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ, ਸ਼ਾਇਦ ਸਿਆਣਿਆਂ ਨੇ ਤਾਂਹੀ ਕਿਹਾ ਕਿ… ‘ਲੰਘ ਚੁੱਕੇ ਦਰਿਆਵਾਂ ਦੀ ਸੁੱਕੀ ਰੇਤ ‘ਤੇ ਬਹਿ ਕੇ ਕੀਤੀ ਬਹਿਸਬਾਜ਼ੀ ਨਾਲ, ਡੂੰਘੇ ਪਾਣੀਆਂ ਵਿੱਚ ਤਾਰੀਆਂ ਲਾਉਣ ਦਾ ਕਮਾਲ ਹੁਨਰ ਨਹੀਂ ਸਿੱਖਿਆ ਜਾ ਸਕਦਾ’!
ਜਿਹੜਾ ਸਮਾਜ, ਪਰਿਵਾਰ ਜਾਂ ਖ਼ਾਨਦਾਨ ਆਪਣੇ ਫਰਜ਼ੰਦਾਂ ਨੂੰ ਵਰਤਮਾਨ ਵਿੱਚ ਖਿਮਾ ਮੰਗਣ ਅਤੇ ਮੁਆਫ਼ ਕਰਨ ਦੀ ਕਲਾ ਸਿਖਾਉਂਦਾ, ਉਨ੍ਹਾਂ ਘਰਾਣਿਆਂ ਵਿੱਚ ਵਿਦਵਾਨਾਂ ਦੇ ਪੈਦਾ ਹੋਣ ਦੀ ਉਮੀਦ ਹੋਰਨਾਂ ਨਾਲੋਂ ਵਧੇਰੇ ਹੁੰਦੀ ਹੈ।
ਵਿਸ਼ਾਲ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸੰਸਾਰ ਦੇ ਧਰਮਾਂ ਦਾ ਉਦੇਸ਼ ਮਨੁੱਖ ਨੂੰ ਪ੍ਰਸੰਨ ਕਰਨਾ ਹੈ। ਪਰ ਅਫ਼ਸੋਸ ਹੈ ਕਿ ਧਰਮ ਦੀ ਸ਼ਰਨ ਵਿੱਚ ਜਾਂਦੇ ਅਕਸਰ ਉਦੋਂ ਹਾਂ, ਜਦੋਂ ਅਸੀਂ ਆਪਣੀ ਸਿਰਜੀ ਉਦਾਸੀ ਵਿਚ ਗੋਤੇ ਖਾਣ ਲੱਗ ਜਾਂਦੇ ਹਾਂ।
ਹੈਰਾਨੀ ਦੀ ਹੱਦ ਹੈ ਕਿ ਹੁਣ ਤਾਂ ਸਾਡੀ ਕੌਮ ਸਰਵੰਸ਼ ਦਾਨੀ ਦੇ ਦਰ ਤੇ ਜਾ ਕੇ ਸਿਰਫ਼ ਧਨ ਦੌਲਤ, ਕੋਠੀਆਂ, ਕਾਰਾਂ ਤੇ ਜਾਇਦਾਦਾਂ ਦੀ ਮੰਗ ਕਰਦੀ ਅਤੇ ਅਰਦਾਸ ਬੇਨਤੀ ਵੀ ਬੇਹੱਦ ਕਾਹਲੀ ਨਾਲ ਕੀਤੀ ਜਾਂਦੀ ਹੈ। ਸਾਡਾ ਕਹਿਣੀ ਤੇ ਕਰਨੀ ਦੇ ਪੂਰੇ ਹੋਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਹਨ।
ਦਿਖਾਵੇ ਦੀ ਦੌੜ ਵਿੱਚ ਅਸੀਂ ਭੁੱਲ ਹੀ ਗਏ ਕਿ… ‘ਜਦੋਂ ਅਨੰਦਪੁਰ ਸਾਹਿਬ ਵਿਖੇ ਹੋਏ ਵਿਸ਼ਾਲ ਇਕੱਠ ਵਿੱਚੋਂ ਗੁਰੂ ਜੀ ਨੇ ਸ਼ੀਸ਼ ਮੰਗੇ ਸਨ ਤਾਂ ਲੱਖਾਂ ਮੋਢਿਆਂ, ਗੋਡਿਆਂ ਅਤੇ ਢਿੱਡਾਂ ਵਾਲਿਆਂ ਵਿੱਚੋਂ ‘ਸਿਰ’ ਕੇਵਲ ਪੰਜਾ ਕੋਲ ਸਨ, ਉਨ੍ਹਾਂ ਕੋਲ ਆਪਣੀ ਮੌਤ ਰਾਹੀਂ ਸਦੀਵੀਂ ਜੀਵਨ ਦੇਖਣ ਦਾ ਕਮਾਲ ਜਜ਼ਬਾ ਸੀ’! ਉਦੋਂ ਗੁਰੂ ਦੇ ਸਿੰਘ, ਅੰਮ੍ਰਿਤ ਛੱਕ ਕੇ ਬਹਾਦਰ ਨਹੀਂ ਸਨ ਬਣ ਜਾਂਦੇ, ਉਦੋਂ ਅੰਮ੍ਰਿਤ ਅਸਲ ਵਿੱਚ ਛੱਕਦੇ ਹੀ ਉੱਚੇ-ਸੁੱਚੇ ਕਿਰਦਾਰਾਂ ਵਾਲੇ ਮਹਾਨ ਲੋਕ ਸਨ। ਹੁਣ ਤਾਂ ਖੇਡ ਹੀ ਬਣ ਗਈ, ਰੋਜ਼ਾਨਾ ਵੱਡੇ-ਵੱਡੇ ਅੰਕੜਿਆਂ ਦੀ ਗਿਣਤੀ ਆਉਂਦੀ ਹੈ। ਧਰਮ ਕੋਈ ਵੀ ਹੋਵੇ ਉਸ ਨੂੰ ਬਦਨਾਮ ਅਤੇ ਕਮਜ਼ੋਰ ਉਸ ਦੇ ਕੱਟੜ ਸ਼ਰਧਾਲੂ ਹੀ ਕਰਦੇ ਹਨ।
ਕਿਸੇ ਕੌਮ ਦੀ ਅਸਲੀਅਤ ਵੇਖਣੀ ਹੋਵੇ ਤਾਂ, ਉਸ ਸਮੇਂ ਉਨ੍ਹਾਂ ਦਾ ਵਿਹਾਰ ਵੇਖੋ, ਜਦੋਂ ਕੁਝ ਮੁਫ਼ਤ ਵਿੱਚ ਵੰਡਿਆ ਜਾ ਰਿਹਾ ਹੋਵੇ, ਅਸੀਂ ਤਾਂ ਹੁਣ ਪਕੌੜਿਆਂ ਨੂੰ ਟੁੱਟ ਕੇ ਪੈ ਜਾਂਦੇ ਹਾਂ, ਸਿਦਕ ਡੋਲ ਜਾਂਦਾ ਹੈ, ਬੇੜਾ ਤਾਂ ਗਰਕ ਹੋਣਾ ਹੀ ਹੈ।
ਗੁਰੂ ਜੀ, ਤੇਰੀ ਗੈਰਤਮੰਦ ਕੌਮ ਹੁਣ ਆਟੇ-ਦਾਲ ਵਰਗੀਆਂ ਸਕੀਮਾਂ ਦੀ ਆਦੀ ਹੋ ਗਈ ਹੈ। ਮੁਫ਼ਤ ਦੀ ਮੰਗ ਲਈ ਸੰਘਰਸ਼ ਵਿੱਢੇ ਜਾਂਦੇ ਹਨ। ਸਰਪੰਚਾਂ ਦੇ ਘਰਾਂ ਅੱਗੇ ਲੱਗੀਆਂ ਲੰਮੀਆਂ ਕਤਾਰਾਂ ਵਿੱਚ, ਸਰਦੇ-ਵਰਦੇ ਕਣਕ ਲਈ ਭਿਖਾਰੀ ਬਣੇ ਖੜ੍ਹੇ ਵੇਖ ਕੇ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਹੈ, ਪਰ ਓਹ ਪਤੰਤਰ…।
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj