ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ)  ਸਮੇਂ ਦੀ ਇਕਾਈ ਨੂੰ ਜੇ ਸਮਝੀਏ ਤਾਂ ਰੋਜ਼ਨਾ ਹੀ ਨਵਾਂਪਨ ਹੈ ਜੀਵਨ ‘ਚ, ਪਰ ਵਪਾਰੀ ਨੇ ਇਸ ਜੁਗਤ ਨੂੰ ਪੇਸ਼ ਇਸ ਤਰ੍ਹਾਂ ਕੀਤਾ ਹੈ ਕਿ ਜ਼ਿੰਦਗੀ ਜਿਉਂ ਕਿ ਵੀ ਆਧੁਨਿਕ ਜ਼ਿੰਦਗੀ ਜਿਊਣ ਦਾ ਅਹਿਸਾਸ ਹੁੰਦਾ ਹੈ ਮਨੁੱਖ ਨੂੰ ‘ਨਵਾਂ ਵਰ੍ਹਾ ਮੁਬਾਰਕ’ ਕਹਿ ਕੇ। ਮੇਰੇ ਹੁਣ ਤੱਕ ਦੇ ਬੀਤੇ ਜੀਵਨ ਵਿੱਚ ਕੁਦਰਤ ਨੇ, ਸੁੱਖਾਂ ਦੇ ਮੁਕਾਬਲੇ ਦੁੱਖ-ਤਕਲੀਫ਼ਾਂ ਭਾਵੇਂ ਜ਼ਿਆਦਾ ਦਿੱਤੀਆਂ… ਮਾਂ, ਬਾਪ ਤੇ ਜਵਾਨ ਪੁੱਤ ਦਾ ਵਿਛੋੜਾ ਬਾਕੀ ਰਹਿੰਦੇ ਜੀਵਨ ਵਿੱਚ ਵੀ ਦਿਲ ‘ਚ ਸਦਾ ਜੋਬਨ ‘ਤੇ ਰਹਿ ਕੇ ਦੁਹਾਈ ਪਾਉਂਦੇ ਰਹਿਣਗੇ, ਪਰ ਲੱਗਦਾ ਚਿਹਰੇ ਦੀ ਮੁਸਕਾਨ ਕਦੇ ਜਾਣ ਨਹੀਂ ਦੇਣੀ ਹੌਸਲਾ ਬਖ਼ਸ਼ਣਹਾਰੀ ਕੁਦਰਤ ਨੇ, ਕਿਉਂਕਿ ਸਦਾ ਭਲਾ ਕਰਨ, ਭੁੱਲਾਂ ਬਖ਼ਸਣ ਤੇ ਭਾਣਾ ਮੰਨਣ ਦੇ ਸਮਰੱਥ ਰੱਖਿਆ ਨਿਮਾਣੀ ਜਿੰਦ ਨੂੰ, ਅਗਾਂਹ ਹੁਣ ਖ਼ੁਸ਼ੀਆਂ ਭਰੇ ਜੀਵਨ ਦੀ ਤਮੰਨਾ ਬਹੁਤ ਹੈ।
ਮਾਨਸਿਕ ਤੰਦਰੁਸਤੀ ਲਈ ਹਰ ਭਾਣਾ ਮਿੱਠਾ ਕਰ ਮੰਨਣਾ ਜਰੂਰੀ ਹੈ। ਜੋ ਜ਼ਿੰਦਗੀ ਜ਼ਿੰਦਾਬਾਦ ਲਈ ਚੱਲਦੇ ਰਹੀਏ, ਜਿਵੇਂ ਖੁਦ ਨੂੰ ਠੀਕ ਲੱਗੇ, ਲੋਕ ਸਾਡੀ ਨੁਕਤਾਚੀਨੀ ਕਰਦੇ ਰਹਿਣਗੇ, ਅਫ਼ਵਾਹਾਂ ਫੈਲਾਉਂਦੇ ਰਹਿਣਗੇ, ਉਨ੍ਹਾਂ ਨੂੰ ਉਨ੍ਹਾਂ ਦਾ ਕੰਮ ਕਰਨ ਦਿਉ, ਆਪਾਂ ਆਪਣਾ ਕਰਦੇ ਰਹੀਏ। ਇੱਕ ਗੱਲ ਯਾਦ ਰੱਖਣਯੋਗ ਹੈ ਕਿ ਖਿਡਾਰੀ ਆਪਣੀ ਖੇਡ ਮਸਤ ਹੋ ਕੇ ਖੇਡਦੇ ਹਨ, ਪਰ ਬੈਠੇ ਦਰਸ਼ਕ ਰੌਲਾ ਪਾਉਂਦੇ ਹਨ। ਆਪਾਂ ਵੀ ਖਿਡਾਰੀ ਬਣੀਏ ਨਾ ਕਿ ਰੌਲਾ ਪਾਉਣ ਵਾਲੇ ਦਰਸ਼ਕ, ਆਪਣੇ ਆਪ ਤੇ ਯਕੀਨ ਕਰੀਏ, ਕਿਸੇ ਨੂੰ ਸਪੱਸ਼ਟੀਕਰਨ ਦੇਣ ਦੀ ਲੋੜ ਨਹੀਂ।
ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਆਪਣੇ ਵਿਰੋਧੀਆਂ, ਈਰਖਾ ਜਾਂ ਸਾੜ੍ਹਾ ਕਰਨ ਵਾਲ਼ੇ ਲੋਕਾਂ ਨੂੰ ਨਜ਼ਰ-ਅੰਦਾਜ਼ ਕਰ ਦੇਈਦੇ, ਉਨ੍ਹਾਂ ਦੀਆਂ ਕਮੀਨੀਆਂ ਹਰਕਤਾਂ ਤੇ ਨਿਗ੍ਹਾ ਜ਼ਰੂਰ ਰੱਖੀਏ। ਜੇ ਉਨ੍ਹਾਂ ਦੀ ਨੁਕਤਾਚੀਨੀ ਵਿੱਚੋਂ ਮੰਜ਼ਲ ਵੱਲ ਵਧਣ ਲਈ ਕੋਈ ਗੱਲ ਚੰਗੀ ਲਗਦੀ ਹੈ ਤਾਂ ਅਪਨਾਉਣ ਵਿੱਚ ਵੀ ਕੋਈ ਹਰਜ ਨਹੀਂ। ਪਰ ਈਰਖਾਲੂ, ਝਗੜਾਲੂ, ਬੇਈਮਾਨ, ਦੋਗਲੇ ਤੇ ਸ਼ੈਤਾਨ ਦਿਮਾਗ਼ਾਂ ਨੂੰ ਸੁਨੇਹਾ ਇਹੀ ਜਾਣਾ ਚਾਹੀਦਾ ਹੈ ਕਿ ਸਾਨੂੰ ਉਨ੍ਹਾਂ ਦੀ ਭੋਰਾ ਵੀ ਪ੍ਰਵਾਹ ਨਹੀਂ। ਕੋਈ ਮੰਜ਼ਲ ਪ੍ਰਾਪਤੀ ਸਾਡਾ ਮਿਸ਼ਨ ਨਹੀਂ ਹੋਣਾ ਚਾਹੀਦਾ, ਸਗੋਂ ਸਾਨੂੰ ਤਾਂ ਜੀਵਨ ਵਿੱਚੋਂ ਲਗਨ ਨਾਲ਼ ਚੱਲਦੇ ਰਹਿਣਾ ਦਾ ਮਜ਼ਾ ਲੈਣਾ ਚਾਹੀਦਾ ਹੈ। ਕਦੇ ਕਿਸੇ ਨੇ ਜੱਗ ਨਹੀਂ ਜਿੱਤਿਆ ਤੇ ਨਾ ਹੀ ਜਿੱਤ ਹੋਣਾ ਹੈ। ਦੂਜਿਆਂ ਦਾ ਨੁਕਸਾਨ ਕੀਤੇ ਬਿਨਾਂ, ਆਪਾਂ ਕਨੂੰਨੀ ਦਾਇਰੇ ਵਿੱਚ ਰਹਿ ਕੇ ਆਪਣਾ ਕੰਮ ਕਰਦੇ ਰਹਿੰਦੇ ਹਾਂ।
ਚਲੋ ਫਿਰ ਵੀ ਲੰਘੇ ਸਮੇਂ ਦੌਰਾਨ ਜੇਕਰ ਜਾਣੇ-ਅਣਜਾਣੇ ਵਿੱਚ ਮੇਰੇ ਲਿਖੇ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੁਆਫ਼ੀ ਚਾਹੁੰਦਾ ਹਾਂ, ਪਰ ਦੋਗਲੇ ਕਿਰਦਾਰ ਮੈਨੂੰ ਅਗਾਂਹ ਵੀ ਨਾ ਪਸੰਦ ਹਨ। ਪਰਮਾਤਮਾ ਅੱਗੇ ਅਰਦਾਸ ਹੈ ਕਿ ਆਉਣ ਵਾਲਾ ਸਮਾਂ ਸਭ ਲਈ ਸੁਲੱਖਣਾ ਹੋਵੇ। ਨਵੀਆਂ ਆਸਾਂ ਉਮੀਦਾਂ ਸਭ ਦੇ ਵਿਹੜਿਆਂ ਵਿੱਚ ਦਸਤਕ ਦੇਣ, ਜ਼ਿੰਦਗੀ ਵਿੱਚ ਹਾਸੇ, ਖੁਸ਼ੀਆਂ, ਖੇੜੇ ਅਤੇ ਤੰਦਰੁਸਤੀਆਂ ਦੀ ਕਾਮਨਾਂ ਕਰਦਾ ਹੋਇਆ, ਉਮੀਦ ਰੱਖਦਾ ਕਿ ਆਪਾਂ ਪਿਆਰ, ਮੁਹੱਬਤ, ਇਮਾਨਦਾਰੀ ਨਾਲ ਇੱਕ-ਦੂਜੇ ਨਾਲ ਵਿਚਰਾਂਗੇ ਅਤੇ ਸੱਚੀ-ਸੁੱਚੀ ਸੋਚ ਦੇ ਧਾਰਨੀ ਬਣਨ ਦਾ ਜਤਨ ਕਰਾਂਗੇ। ਸਮਾਜ ਨੂੰ ਹੋਰ ਖ਼ੂਬਸੂਰਤ ਬਣਾਉਣ ਵਿੱਚ ਆਪਣਾ ਹਿੱਸਾ ਪਾਵਾਂਗੇ।

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਹੱਸਣਾ ਭੁੱਲ ਗਏ
Next articleਪਿੰਡ ਦਾ ਰੰਗਮੰਚ ਸੂਹੇ ਫੁੱਲ ਕਿੱਥੇ ਗਏ