(ਸਮਾਜ ਵੀਕਲੀ) ਹੁਣ ਪਿਆਰ ਵਿੱਚ ਵੀ ਯੁੱਧ ਵਾਲੇ ਪੈਂਤੜੇ ਵਰਤੇ ਜਾ ਰਹੇ ਹਨ, ਮੈਨੂੰ ਦੁੱਖ ਹੈ, ਇਵੇਂ ਕਿਉਂ ਹੋ ਰਿਹਾ ਹੈ..? ਜਦੋਂ ਕਿ ਸਾਡੇ ਵੱਡਿਆਂ ਨੇ ਸਮਾਜ ਨੂੰ ਅਨੁਸ਼ਾਸਨ ‘ਚ ਚਲਾਉਣ ਲਈ ਰਿਸ਼ਤਿਆਂ ਦੀ ਕਿੰਨੀ ਸੋਹਣੀ ਵਿਉਂਤਬੰਦੀ ਕੀਤੀ ਹੋਈ ਹੈ।
ਹੁਣ ਨਹੀਂ ਯੁਗਾ-ਯੁਗੰਤਰਾ ਤੋਂ ਜਦੋਂ ਕੋਈ ਮਰਦ ਕਿਸੇ ਨਵੀਂ ਔਰਤ ਨੂੰ ਮਿੱਲਦਾ ਹੈ ਤਾਂ ਉਹ ਉਸ ਵੱਲ ਆਕਰਸ਼ਿਤ ਜ਼ਰੂਰ ਹੁੰਦੈ ਹੈ। ਅਗਲੀ ਗੱਲ ਇਹ ਐ ਕਿ ਆਪਣੇ ਆਪ ਤੇ ਕਾਬੂ ਦੀ ਮਾਸਟਰੀ ਓਹਦੇ ਕੋਲ ਕਿੰਨੀ ਕੁ ਐ? ਇਹ ਉਸ ਦੀ ਮਾਨਸਿਕ ਤੌਰ ਦੀ ਤੰਦਰੁਸਤੀ ‘ਤੇ ਨਿਰਭਰ ਕਰਦਾ ਹੈ। ਪਰ ਸਰੀਰਕ ਖਿੱਚ ਜ਼ਰੂਰ ਹੁੰਦੀ ਹੈ, ਗੱਲ ਨੂੰ ਕੋਈ ਮੰਨੇ ਚਾਹੇ ਨਾ ਮੰਨੇ। ਸਮਾਜ ਵਿੱਚ ਸਹਿਯੋਗੀ ਕਾਮਿਕ ਹਿੰਸਾ ਨੂੰ ਪ੍ਰਮਾਨਤਾ ਹੈ ਪਰ ਵਰੋਧੀ ਨੂੰ ਨਹੀਂ। ਇਸ ਪ੍ਰਮਾਣ ਤੋਂ ਵੀ ਭੱਜਿਆ ਨਹੀਂ ਜਾ ਸਕਦਾ ਕਿ ਦੁਨੀਆਂ ਭਰ ਦੇ ਸਾਰੇ ਹਥਿਆਰ ਪੁਰਸ਼ ਲਿੰਗ ਦੇ ਪ੍ਰਤੀਕ ਹਨ, ਇਸ ਤੋਂ ਸਧਾਰਨ ਤੌਰ ਤੇ ਪੁਰਸ਼ ਦੀ ਹਿੰਸਕ ਪ੍ਰਵਿਰਤੀ ਦਾ ਪ੍ਰਗਟਾਵਾ ਸਿੱਧ ਹੁੰਦਾ ਹੈ, ਜਦੋਂ ਕਿ ਔਰਤਾਂ ਕੋਮਲਤਾ ਦਾ ਸੰਦੇਸ਼ ਹਨ। ਔਰਤ ਨੂੰ ਆਪਣਿਆਂ ਬਿਨ, ਬਾਕੀ ਸਭ ਮਰਦ ਵਰਤੋਂ ਦੀ ਵਸਤੂ ਮੰਨਦੇ ਹਨ। ਆਮ ਦੇਖਿਆ ਗਿਆ ਹੈ ਕਿ ਕਾਮ ਪੱਖੋਂ ਅਤ੍ਰਿਪਤ ਵਿਅਕਤੀ ਵੱਧ ਹਿੰਸਕ ਹੁੰਦੇ ਹਨ। ਇਸੇ ਕਰਕੇ ਸਾਰੇ ਧਰਮ ਕਾਮ ਦੀ ਨਿੰਦਾ ਕਰਦੇ ਨੇ, ਪਰ ਦੂਜਾ ਪੱਖ ਇਹ ਹੈ ਕਿ ਇਹ ਤੱਤ ਕੱਢ ਦਿੱਤਾ ਜਾਵੇ ਤਾਂ ਮਨੁੱਖ ਅੰਦਰ ਬਚਦਾ ਵੀ ਕੁਝ ਨਹੀ। ਮਤਲਬ ਇਸ ਦੀ ਸੁਚੱਜੀ ਵਰਤੋਂ ਖੁਸ਼ਹਾਲ ਜੀਵਨ ਦੀ ਬੁਨਿਆਦ ਹੈ।
ਪਰ ਹਾਂ ਇਸ ਖਿੱਚ ਦਾ ਕਾਰਨ ਮਰਦ ਨਹੀਂ, ਅੰਦਰਲਾ ‘ਟੈਸਟੋਸਟ੍ਰੇਨ ਹਾਰਮੋਨ’ ਦਾ ਪੱਧਰ ਹੁੰਦਾ ਹੈ। ਜਦੋਂ ਮਨੁੱਖ ਵਿਰੋਧੀ ਲਿੰਗ ਨੂੰ ਮਿਲਦੈ ਤਾਂ ਇਹ ਪੱਧਰ ਕੁਦਰਤੀ ਤੌਰ ਤੇ ਉੱਪਰ ਉੱਠਦਾ ਹੈ। ਇਸ ਪ੍ਰਸਥਿੱਤੀ ‘ਚ ਜੇਕਰ ਵਿਰੋਧੀ ਲਿੰਗ ਜਾਣੀਕਿ ਔਰਤ ਵੀ ਸਹਿਮਤੀ ਦੇਵੇ ਅਤੇ ਮਰਦ ਵੱਲੋਂ ਕੀਤੀ ਜਾ ਰਹੀ ਤਾਰੀਫ਼ ਤੋਂ ਪ੍ਰਭਾਵਤ ਹੋ ਜਾਵੇ ਤਾਂ ਆਪਣਾ ਆਪ ਸੌਂਪ ਦਿੰਦੀ ਹੈ। ਇਸ ਤੋਂ ਬਾਅਦ ਬਿਗਾਨੀ ਔਰਤ ਲਈ ਮਰਦਾਂ ਦਾ ‘ਟੈਸਟੋਸਟ੍ਰੇਨ ਹਾਰਮੋਨ’ ਪੱਧਰ ਬਿਲਕੁਲ ਗਿਰ ਜਾਂਦਾ ਹੈ। ਕਿਉਂਕਿ ਓਹ ਜੋ ਚਾਹੁੰਦਾ ਹੁੰਦਾ, ਓ ਉਸ ਨੂੰ ਹਾਸਲ ਹੋ ਗਿਆ।
ਕਹਿਣਾ ਮੈਂ ਧੀਆਂ, ਧਿਆਣੀਆਂ ਤੇ ਭੈਣਾਂ ਨੂੰ ਇਹ ਚਾਹੁੰਦਾ ਹਾਂ ਕਿ ਇਹ ਭੁਲੇਖਾ ਕਦੇ ਨਾ ਪਾਲਣਾ ਕੀ ਓਹ ਸੋਹਣੀਆਂ ਨੇ ਤੇ ਤਾਂ ਹੀ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹੈ ਹੈ। ਸਾਡਾ ਮਨੁੱਖੀ ਸਰੀਰ ਕਾਮਵਾਸ਼ਨਾ ਦਾ ਕੰਮ ਕਰਦੈ ਤੇ ਮਨ ਪਿਆਰ ਦਾ, ਕਮਾਲ ਦੀ ਗੱਲ ਇਹ ਐ ਕਿ ਇਹਦੇ ਪਿੱਛੇ ਦੇ ਕਾਰਨ ਸਾਨੂੰ ਕਦੀ ਪਤਾ ਈ ਨਹੀਂ ਹੁੰਦੇ ਕਿ ਇੱਦਾਂ ਕਿਉਂ ਹੋ ਰਿਹਾ ਹੈ? ਮਰਦ ਬੇਹੋਸ਼ੀ ‘ਚ ਨਵੀਂ ਮਿਲੀ ਔਰਤ ਮਗਰ ਹੋ ਲੈਂਦੇ ਨੇ, ਕਿਉਂਕਿ ਅੰਦਰੋਂ ਕਾਮਵਾਸ਼ਨਾ ਠਾਠਾਂ ਮਾਰਦੀ ਹੁੰਦੀ ਹੈ ਪਰ ਕਹਿਣਗੇ ਕਿ ‘ਮੈਨੂੰ ਸੱਚਾ ਪਿਆਰ ਹੋ ਗਿਆ’ ਜਦੋਂ ਕਿ ਪਿਆਰ ਤਾਂ ਬਹੁਤ ਧੀਰਜ, ਸੰਜਮ ਅਤੇ ਲਿਆਕਤ ਨਾਲ ਅੱਗੇ ਵਧਣ ਵਾਲੀ ਪ੍ਰਕਿਰਿਆ ਹੈ, ਜੋ ਜੀਵਨ ਨੂੰ ਸਕੂਨ ਨਾਲ ਭਰ ਦਿੰਦੀ ਹੈ, ਯਾਦ ਰੱਖਿਓ ਕੁੜਿਓ, ਪਿਆਰ ‘ਚ ਮਰਦ ਕਿਸੇ ਨਤੀਜੇ ਤੇ ਪਹੁੰਚਣ ਨੂੰ ਕਦੇ ਕਾਹਲ਼ਾ ਨਹੀਂ ਹੁੰਦਾ।
ਅੱਜ ਪੰਗੇ ਓਦੋਂ ਪੈਂਦੇ ਆ ਜਦੋਂ ਇੱਕ-ਦੂਜੇ ਪ੍ਰਤੀ ਆਕਰਸ਼ਣ ਖ਼ਤਮ ਹੋ ਜਾਂਦਾ ਹੈ, ਜਦੋਂ ਕੀਤੀਆਂ ਕਰਤੂਤਾਂ ਤੇ ਗੰਭੀਰ ਵਿਚਾਰਾਂ ਸ਼ੁਰੂ ਹੋ ਜਾਂਦੀਆਂ ਨੇ, ਸੁਭਾਅ ਤੋਂ ਜਾਣੂ ਹੁੰਦੇ ਨੇ, ਹਰਕਤਾਂ ਪਤਾ ਲੱਗਦੀਆਂ ਨੇ ਤੇ ਓਦੋਂ ਮਰਦ ਪਹਿਲਾਂ ਅੱਕਦਾ ਹੁੰਦਾ, ਔਰਤ ਅਗਲਾ ਪੜਾਅ ਬੰਧਨ ਚਾਹੁੰਦੀ ਹੁੰਦੀ ਹੈ ( ਜੇ ਓ ਅੰਦਰੋਂ ਜੁੜ ਜਾਵੇ ) ਪਰ ਇਸ ਮੁਕਾਮ ਤੇ ਮਰਦ ਖਹਿੜਾ ਛੁਡਾਉਣ ਨੂੰ ਕਾਹਲਾ ਹੁੰਦੈ ਤੇ ਔਰਤ ਨਾਲ ਰਹਿਣ ਨੂੰ, ਨੇੜਲੇ ਰਿਸ਼ਤੇਦਾਰ ਚਾਰ ਪਰਿਵਾਰਾਂ ਦਾ ਨਿਕਲ ਰਿਹਾ ਜਲੂਸ ਸਮੇਟਣ ਦੀ ਕੋਸ਼ਿਸ਼ ‘ਚ ਹੁੰਦੇ ਨੇ, ਸੱਚੇ ਪਿਆਰ ‘ਚ ਬਸ ਆਹ ਸਭ ਕੁਝ ਨਹੀਂ ਹੁੰਦਾ।
ਅੱਜ-ਕੱਲ੍ਹ ਦੇ ਰਿਸ਼ਤਿਆਂ ਦੀ ਉਮਰ ਬਹੁਤ ਛੋਟੀ ਹੋਣ ਦਾ ਮੁੱਖ ਕਾਰਨ ‘ਇੰਟਰਨੈੱਟ’ ਹੈ, ਨੌਜਵਾਨੋ ਇਸ ਦੀ ਸੁਚੱਜੀ ਵਰਤੋਂ ਕਰੋ, ਤੁਸੀਂ ਰੋਜ਼ ਨਵਿਆਂ ਨਾਲ ਇੱਕ ਕਲਿੱਕ ਤੇ ਜੁੜ ਜਾਂਦੇ ਹੋ, ਸਾਨੂੰ ਤਾਂ ਆਪਣੀ ਹਮਸਫ਼ਰ ਦਾ ਮੂੰਹ ਦੇਣ ਚ ਵਰ੍ਹੇ ਗੁਜ਼ਰ ਜਾਂਦੇ ਸਨ। ਹੁਣ ਤਾਂ ਸਭ ਕੁਝ ਕਰ ਗੁਜ਼ਰ ਕੇ ਹਫ਼ਤੇ ਵਿੱਚ ਹੀ ਇੱਕ-ਦੂਜੇ ਦਾ ਜਲੂਸ ਕੱਢਣ ਤੱਕ ਦਾ ਸਫ਼ਰ ਤੈਅ ਹੋ ਜਾਂਦਾ ਹੈ। ਜ਼ਿੰਦਗੀ ਭਰ ਮੌਜਾਂ ਮਾਣਨ ਲਈ ਸਾਂਝ ਮਹਿਜ਼ ਸਰੀਰਕ ਤਾਰੀਫਾਂ ਦੀ ਨਹੀਂ ਚਾਹੀਦੀ। ਕਿਉਂਕਿ ਪਿਆਰ, ਮੁਹੱਬਤ ਅਤੇ ਮੋਹ ਨਾਲੋਂ ਕਾਮਵਾਸ਼ਨਾ ਅਲੱਗ ਚੀਜ਼ ਹੈ। ਮੋਹ ਭਰਿਆ ਰਿਸ਼ਤਾ ਕਈ ਸਾਰੀਆਂ ਭਾਵਨਾਵਾਂ ਦਾ ਸੁਮੇਲ ਹੁੰਦਾ ਹੈ, ਜਿਹੜਾ ਲੰਮੀ ਉਮਰ ਦੀਆਂ ਦੁਆਵਾਂ ਚੋਂ ਨਿੱਕਦਾ ਹੈ ਅਤੇ ਪਰਿਵਾਰਕ ਖ਼ਾਨਦਾਨੀ ਦੀ ਦਮਕ, ਝਲਕ ਪੂਰਾ ਜੀਵਨ ਜੋੜਿਆਂ ਦੇ ਕਿਰਦਾਰ ਚੋਂ ਨਜ਼ਰ ਆਉਂਦੀ ਹੈ। ਜੇਕਰ ਆਪਾਂ ਸਰੀਰ ਤੇ ਮਨ ਨੂੰ ਸਮਝਣ ਦੀ ਕੋਸ਼ਿਸ ਕਰੀਏ ਤਾਂ ਵੱਡੀਆਂ ਮੁਸ਼ਕਿਲਾਂ ‘ਚ ਪੈਣੋ ਸਹਿਜੇ ਹੀ ਬਚਿਆ ਜਾ ਸਕਦਾ ਹੈ। ਨਹੀਂ ਤਾਂ ਗਲ਼ ‘ਚ ਬਾਹਾਂ ਪਾਉਣ ਤੋਂ ਗਲ਼ ਘੁੱਟਣ ਤੱਕ ਦਾ ਸਫ਼ਰ ਵੱਟ ‘ਤੇ ਈ ਪਿਆ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 98768 79157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly