(ਸਮਾਜ ਵੀਕਲੀ) ‘ਮਾਂ’ ਹੁਣ ਬੜਾ ਔਖਾ ਕਿ ‘ਕੋਈ ਸਖਸ਼ ਲੱਭਣਾ ਜੋ ਸਾਨੂੰ ਪਿਆਰ, ਸਤਿਕਾਰ, ਅਪਣੱਤ ਤੇ ਅਦਬ ਨਾਲ ਆਣ ਮਿਲੇ, ਤੇ ਉਹਦੀ ਸੁਲੱਖਣੀ ਜ਼ੁਬਾਨ ਵਿਚੋਂ ਇੱਕ ਵੀ ਸ਼ਬਦ ਮਨੁੱਖਤਾ ਦੇ ਵਿਰੁੱਧ ਸੁਣਨ ਨੂੰ ਨਾ ਮਿਲੇ’।
ਜੇਕਰ ਧਰਮ ਸ਼ਰਧਾ ਦਾ ਹੀ ਵਿਸ਼ਾ ਸੀ,
ਤਾਂ ਬਾਬਾ ਜੀ ਨੂੰ ਕੀ ਲੋੜ ਸੀ ਤਰਕ ਘੜਨੇ ਦੀ?
ਹੋਰਨਾਂ ਵਾਗੂੰ ਸੂਰਜ ਨੂੰ ਪਾਣੀ ਦੇ ਦਿੰਦਾ,
ਕੀ ਲੋੜ ਪਈ ਸੀ ‘ਹਰਿਦੁਆਰ’ ‘ਚ ਅੜਨੇ ਦੀ?
ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਸਿਆਸਤਦਾਨ ਤੇ ਧਾਰਮਿਕ ਆਗੂ ‘ਆਪੇ ਕੁੱਕੜ ਖੇਹ ਉਡਾਈ ਨੇ ਤੇ ਆਪਣੇ ਹੀ ਸਿਰ ‘ਚ ਆਪੇ ਪਾਈ ਜਾਂਦੇ ਨੇ’। ਇਹ ਪਾਰਟੀ ਜਾਂ ਕੌਮ ਦੇ ਆਗੂ ਨਹੀਂ, ਇਨ੍ਹਾਂ ਨੂੰ ਸਿੱਖ ਸਮਾਜ ਦੀ ‘ਤ੍ਰਾਸਦੀ’ ਕਿਹਾ ਜਾ ਸਕਦਾ ਹੈ!
ਕੀ ਇਹ ਸਿੱਖ ਹਨ?
ਕੀ ਇਹੀ ਸਿੱਖੀ ਹੈ?
ਭਲੇ ਵੇਲਿਆਂ ਦੀਆਂ ਸਨ ਓਹ ਗੱਲਾਂ ਕਿ ਜਦੋਂ… ‘ਕੰਬਲੀ ਸੜੀ ਸੀ ਫਕੀਰ ਦੀ, ਉਹ ਹੱਸਿਆ ਸੀ ਤਾੜੀ ਮਾਰ, ਕਹਿੰਦਾ ਸੀ… ਇਹ ਵੀ ਲਹਿ ਗਿਆ, ਚਲੋਂ, ਮੋਢਿਆਂ ਉੱਤੋਂ ਭਾਰ’।ਹੁਣ ਤਖ਼ਤਾਂ ਤੇ ਕਾਬਜ਼ ਰਹਿਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ।ਹੁਣ ਤਾਂ ਪਤੰਦਰ ਮੁਆਫੀ ਵੀ ਮੰਗਦੇ ਆ ਅਤੇ ਅੱਖਾਂ ਵੀ ਦਿਖਾਉਂਦੇ ਆ, ‘ਰਾਵਣ’ ਵਾਂਗ ਮੌਕੇ ਅਨੁਸਾਰ ਮੌਕੇ ਦਾ ਚਿਹਰਾ ਲਾਉਂਦੇ ਆ, ਲੋਕਾਂ ਲਈ ਜੋ ਸਤਿਕਾਰਯੋਗ ਨੇ, ਆਪਣਾ ਮਜ਼ਾਕ ਆਪ ਬਣਾਉਂਦੇ ਆ ।
ਸੁਣਿਆ ਸੀ ਇਨਸਾਨ ਇੰਨਾਂ ਵੀ ਗ਼ਰਕ ਜਾਂਦਾ ਹੈ, ਪਰ ਹੁਣ ਤਾਂ ਸਾਬਿਤ ਵੀ ਕਰ ਰਹੇ ਨੇ ਬਹਿਰੂਪੀਏ। ਭਾਂਵੇ ਇਨ੍ਹਾਂ ਦੇ ਸਮਰਥਕ ਗਾਲੀ ਗਲੋਚ ਹੀ ਕਰਨ, ਪਰ ਇਹ ਕਹਿਣਾ ਜਰੂਰੀ ਹੈ ਕਿ ‘ਚਵਲ ਬੰਦੇ ਇਨ੍ਹਾਂ ਨੂੰ ਕਹਿੰਦੇ ਹਨ’ ਰੀਸਾਂ ਸੰਤਾਂ ਦੀਆਂ ਕਰਨੀਆਂ ਤੇ ਸਮਾਂ ਆਉਣ ਤੇ ਹੱਥ ਖੜੇ ਕਰ ਕੇ ਸਾਰੀ ਜ਼ਿੰਦਗੀ ਦੀ ਨਮੋਸ਼ੀ ਖੱਟਣੀ, ਲੱਖ ਲਾਹਣਤਾਂ। ਬਜ਼ੁਰਗਾਂ ਦੀਆਂ ਕੁਰਬਾਨੀਆਂ ਵਾਲੇ ‘ਸ਼੍ਰੋਮਣੀ ਅਕਾਲੀ ਦਲ’ ਦੇ ਗੌਰਵਮਈ ਇਤਿਹਾਸ ਨੂੰ ਖਤਮ ਕਰਨ ਦੇ ਵਿੱਚ ਪੂਰਾ ਯੋਗਦਾਨ ਪਾ ਰਹੇ ਨੇ ਅੱਜ ਦੇ ਅਕਾਲੀ ਸਿਆਸਤਦਾਨ ਤੇ ਧਾਰਮਿਕ ਆਗੂ। ‘ਨਿਮਾਣਾ’ ਸ਼ਬਦ ਤੁਹਾਡੇ ਸ਼ਬਦ ਕੋਸ਼ ਦਾ ਹਿੱਸਾ ਹੀ ਨਹੀਂ, ਕਿਉਂ ਤੌਹੀਨ ਕਰਦੇ ਹੋ ਇਸ ਸ਼ਬਦ ਦੀ ਵਰਤੋਂ ਕਰ ਕੇ?
ਗੁਰੂਆਂ ਨੇ ‘ਗੁਰੂ ਗ੍ਰੰਥ ਸਾਹਿਬ’ ਰਾਹੀਂ ਸਾਨੂੰ ਜੀਵਨ ਜਾਚ ਦੱਸੀ ਹੈ,
ਪਰ ਧਰਮ ਦੇ ਪੁਜਾਰੀ, ਗੁਰੂ ਦੀ ਸ਼ਰਨ ਲੈ ਕੇ ਖੁਦਾ ਬਣ ਬੈਠੇ ਹਨ।
ਅਸੀਂ ਲੋਕ ਇਨ੍ਹਾਂ ਬਹਿਰੂਪਿਆਂ ਵੱਲੋਂ ਆਪੂੰ ਬਣਾਈਆਂ ਮੂਰਤਾਂ ਵਿੱਚ ਹੀ ਕੁਦਰਤ ਦਾ ਵਾਸਾ ਸਮਝੀ ਬੈਠੇ ਹਾਂ। ਇਸੇ ਕਰਕੇ ਅੱਜ ਸਾਡੇ ਗਿਆਨ ਦੇ ਸਰਵਉੱਚ ਖ਼ਜਾਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਪੜ੍ਹਨ, ਵਿਚਾਰਨ ਤੇ ਸਮਝਣ ਦੀ ਬਜਾਏ ਰੱਬ ਦਾ ਰੂਪ ਸਮਝ ਕੇ ਸਾਡੇ ਵੱਲੋਂ ਪੜ੍ਹਿਆ ਨਹੀਂ ਸਿਰਫ ਪੂਜਿਆ ਜਾਂਦਾ ਹੈ।
*ਹਿੰਦੂ ਮੂਰਤਿ ਨਾਮ ਨਿਵਾਸੀ (1349)*
ਮੰਨਿਆ, ਹਿੰਦੂ ਮੂਲੋਂ ਹੀ ਕੁਰਾਹੇ ਪਏ ਹੋਏ ਨਾਰਦ ਦੇ ਮਗਰ ਲੱਗਕੇ ਮੂਰਤੀ ਪੂਜਾ ਕਰੀ ਜਾ ਰਹੇ ਹਨ! ਪਰ ਅਸੀਂ ਕੀ ਕਰਿਆ ‘ਪੜ੍ਹਨ ਤੇ ਵਿਚਾਰਨਯੋਗ ਗ੍ਰੰਥ ਨੂੰ ਪੂਜਣਯੋਗ ਬਣਾ ਦਿੱਤਾ ਹੈ’।
ਮੁਕਦੀ ਗੱਲ, ਜੇਬਾਂ ਚੋਂ ਕੱਢਣ ਵਾਲੇ ਤੇ ਨਿਕਲਣ ਵਾਲੇ ਆਖਰ ਏਸੇ ਜਗਾਹ ਪਹੁੰਚਦੇ ਹੁੰਦੇ ਨੇ, ਅਕਾਲ ਤਖ਼ਤ ਵੀ ਰਿਹਾ ਨਾ ਸਾਂਝਾਂ, ਜਥੇਦਾਰ ਹਨ ਸਰਕਾਰੀ। ਸਿੱਖ ਕੌਮ ਦੀਆਂ ਜੜ੍ਹਾਂ ਵੱਢਣ ਚੋਂ ਕੋਈ ਕਸਰ ਨਹੀਂ ਛੱਡੀ ਇਨ੍ਹਾਂ ਧਰਮ ਦੇ ਠੇਕਦਾਰਾਂ ਨੇ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly