ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ) ਖੂਬ ਸੂਰਤ ਨੈਣਾਂ ਕੋਲ, ਵਿਲੱਖਣ ਪਹਿਚਾਣ ਦੇ ਨਾਲ ਨਾਲ, ਆਪਣੀ ਅਲੱਗ ਤਰ੍ਹਾਂ ਦੀ ਇੱਕ ਕੁਦਰਤੀ ਲਿੱਪੀ ਵੀ ਹੁੰਦੀ ਹੈ, ਨੈਣ ਆਪਣੀ ਭਾਸ਼ਾ ਰਾਹੀਂ ਬਹੁਤ ਕੁੱਝ ਐਸਾ ਪ੍ਰਗਟਾਉਣ ਦੀ ਸ਼ਕਤੀ ਰੱਖਦੇ ਹਨ, ਜੋ ਕਈ ਵਾਰੀ ਦੁਨਿਆਵੀ ਤੌਰ ਤੇ ਬੋਲਣ ਵਾਲੀਆਂ ਬੋਲੀਆਂ ਵਿੱਚ ਸੰਭਵ ਨਹੀਂ ਹੁੰਦਾ।
ਕਦੇ ਕਦੇ ਤਾਂ ਕਿਸੇ ਚਿਹਰੇ ਦੇ ਚਮਕਦੇ ਨੈਣ ਇਉਂ ਲੱਗਦੇ ਨੇ ਜਿਵੇਂ ਕੁਦਰਤ ਨੇ ਉਸ ਸ਼ਖਸੀਅਤ ਦੇ ਪੱਖ ਵਿੱਚ ਹੁਸਨ ਦੇ ਖ਼ਜ਼ਾਨੇ ਦੀਆਂ ਸਾਰੀਆਂ ਤਾਕਤਾਂ ਦੇ ਕੇ, ਉੱਤੇ ਆਪ ਦਸਤਖ਼ਤ ਕੀਤੇ ਹੋਏ ਹੋਣ। ਕਿਤੇ ਵੀ ਹੋਈਏ, ਜੇਕਰ ਕੋਈ ਚੰਗੀ ਸੀਰਤ ਜੋ ਰੂਹ ਨੂੰ ਸਕੂਨ ਦਿੰਦੀ ਹੋਵੇ, ਉਸ ਨੂੰ ਬਣਦਾ ਸਤਿਕਾਰ ਹਮੇਸ਼ਾ ਲਈ ਦਿੰਦੇ ਰਹਿਣਾ ਸਾਡਾ ਇਖਲਾਕੀ ਫਰਜ਼ ਹੋਣਾ ਚਾਹੀਦਾ ਹੈ। ਜੇਕਰ ਕੁਦਰਤ ਕਦੇ ਮਿਹਰਬਾਨ ਹੀ ਹੋ ਜਾਵੇ ਤਾਂ ਅਸਲ ਜ਼ਿੰਦਗੀ ਵਿੱਚ ਅਜਿਹੀ ਰੂਹ ਦਾ ਸ਼ਾਮਿਲ ਹੋਣਾ, ਕੁਦਰਤ ਦੇ ਵੱਲੋਂ ਮਿਲੇ ਅਣਮੋਲ ਤੋਹਫ਼ੇ ਵਰਗਾ ਹੁੰਦਾ ਹੈ। ਜਿਸ ਲਈ ਸਾਨੂੰ ਕੁਦਰਤ ਦੇ ਹਮੇਸ਼ਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ।
ਸੰਸਾਰ ਨੂੰ ਸਮਝਣ-ਪਰਖਣ ਲਈ ਅਸੀਂ ਨੈਣਾਂ ਦੀ ਵਰਤੋਂ ਸਭ ਤੋਂ ਵਧੇਰੇ ਕਰਦੇ ਹਾਂ, ਜਿਨ੍ਹਾਂ ਨੂੰ ਨੈਣਾਂ ਦੀ ਬੋਲੀ ਬੋਲਣੀ ਜਾਂ ਸਮਝਣੀ ਨਹੀਂ ਆਉਂਦੀ, ਉਹ ਲੋਕ ਕੁਦਰਤ ਦੇ ਨਜ਼ਾਰਿਆਂ ਨੂੰ ਮਾਣੇ ਬਿਨਾ ਹੀ ਸੰਸਾਰ ਤੋਂ ਰੁਖ਼ਸਤ ਹੋ ਜਾਂਦੇ ਹਨ। ਜੇਕਰ ਸਾਡੇ ਨੈਣਾਂ ਨੂੰ ਮਨਪਸੰਦ ਚਿਹਰੇ ਦੇ ਦਰਸ਼ਨ ਦੀਦਾਰੇ ਹੋ ਜਾਣ ਤਾਂ, ਸਾਡੀ ਨਜ਼ਰ ਉਸ ਚਿਹਰੇ ਦੀ ਵਧੇਰੇ ਚਿਰ ਪਰਕਰਮਾ ਕਰਦੀ ਰਹਿੰਦੀ ਹੈ। ਸਾਡੀ ਅਮੀਰੀ ਇਹ ਨਹੀਂ ਕਿ ਸਾਡੇ ਕੋਲ ਜਾਇਦਾਦ ਜਾਂ ਧਨ ਕਿੰਨਾ ਕੁ ਹੈ, ਸਗੋਂ ਇਸ ਗੱਲ ਵਿੱਚ ਹੈ ਕਿ ਸਾਡੇ ਨੈਣਾਂ ਦਾ ਅਨੁਭਵ, ਦਾਇਰਾ ਜਾਂ ਮੁਹੱਬਤਾਂ ਦਾ ਵਹੀ-ਖਾਤਾ ਕਿੰਨਾ ਕੁ ਵਿਸ਼ਾਲ ਹੈ।
ਖੇਤਰ ਕੋਈ ਵੀ ਹੋਵੇ, ਜਿੰਨਾ ਅਸੀਂ ਆਪਣੇ ਨੈਣਾਂ ਨੂੰ ਵਧੇਰੇ ਸਮਝਾਂਗੇ, ਉਹਨਾ ਹੀ ਹੋਰਨਾਂ ਦੇ ਨੈਣਾਂ ਨੂੰ ਪੜ੍ਹਣ ਦੀ ਅਸੀਂ ਮੁਹਾਰਤ ਹਾਸਲ ਕਰਦੇ ਜਾਵਾਂਗੇ। ਮੇਰਾ ਮੰਨਣਾ ਹੈ ਕਿ ਮਰਦਾਂ ਨਾਲੋਂ ਸਾਡੇ ਵਿੱਚ ਮੌਜੂਦ ਇੱਕੋ ਸਚਿਆਰੀ ਔਰਤ ਦੀ ਹਾਜ਼ਰੀ ਕੁਦਰਤੀ ਨਜ਼ਾਰਾ ਸਿਰਜਦੀ ਹੈ, ਤੇ ਹਰ ਪੁਰਸ਼ ਇਸ ਨਜ਼ਾਰੇ ਤੋਂ ਪ੍ਰਭਾਵਿਤ ਹੁੰਦਾ ਅਨੰਦ ਲੈਂਦਾ ਹੈ, ਕੋਈ ਮੰਨੇ ਚਾਹੇ ਨਾ, ਇਹ ਗੱਲ ਵੱਖਰੀ ਹੈ!
ਦੂਜੇ ਪਾਸੇ ਔਰਤਾਂ ਕਦੇ ਵੀ ਨੈਣਾਂ ਦੀ ਝਿੜਕ ਵਾਲੇ ਮਰਦਾਂ ਨੂੰ ਪਸੰਦ ਨਹੀਂ ਕਰਦੀਆਂ, ਹਰ ਔਰਤ ਚਾਹੁੰਦੀ ਹੈ ਕਿ ਮਸਲਾ ਭਾਵੇਂ ਕੋਈ ਵੀ ਹੋਵੇ, ਪਰ ਮੇਰੀ ਮਜੂਦਗੀ ਵਿੱਚ ਸਿਰਫ਼ ਪੁਰਸ਼ ਹੀ ਮਰਦਾਂ ਵਾਲੀ ਦਲੇਰੀ, ਹੌਂਸਲਾ, ਹਿੰਮਤ ਅਤੇ ਜਜ਼ਬਾ ਦਿਖਾਵੇ, ਤੇ ਇਹ ਹੋਣਾ ਵੀ ਲਾਜ਼ਮੀ ਚਾਹੀਦਾ ਹੈ!

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂਘਰ
Next articleਮਨਫੀ ਹੋ ਰਹੀ ਹੈ ਰਾਤ ਰੁਕਣ ਦੀ ਪ੍ਰਾਹੁਣਚਾਰੀ