(ਸਮਾਜ ਵੀਕਲੀ) ਤਿਉਹਾਰਾਂ ਦੇ ਦਿਨਾਂ ਵਿੱਚ ਧਰਮ ਦੇ ਨਾਮ ਤੇ ਵਪਾਰੀ ਵੱਲੋਂ ਰੱਜ ਕੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ। ਹਰ ਧਰਮ ਦੇ ਆਪੇ ਹੀ ਬਣੇ ਹੋਏ ਠੇਕੇਦਾਰਾਂ ਨੇ ਧਰਮ ਦੇ ਉਦੇਸ਼ ਆਪਣੇ ਫਾਇਦੇ ਦੇ ਹਿਸਾਬ ਨਾਲ ਘੜੇ ਹੋਏ ਹਨ। ਸਾਨੂੰ ਸਿਰਫ਼ ਇੱਕ ਗੱਲ ਸਮਝਣ ਦੀ ਜਰੂਰਤ ਹੈ, ਕੇ ਹਰ ਧਰਮ ਦੀ ਸਿਰਫ਼ ਇੱਕ ਹੀ ਪਰਿਭਾਸ਼ਾ ਹੈ। ‘ਅਸੀਂ ਜੋ ਸਲੂਕ ਸਾਡੇ ਨਾਲ ਨਹੀਂ ਚਾਹੁੰਦੇ, ਉਹ ਅਸੀਂ ਦੂਸਰਿਆਂ ਨਾਲ ਨਾ ਕਰੀਏ’।
ਧਰਮ ਦਾ ਮਤਲਬ ‘ਜ਼ੁੰਮੇਵਾਰੀ’ ਤੋਂ ਹੈ, ਪਰ ਅਸੀਂ ਤਾਂ ਜ਼ੁੰਮੇਵਾਰੀਆਂ ਤੋਂ ਭੱਜ ਕੇ ਪਖੰਡ ਦਾ ਪੱਲਾ ਫੜ੍ਹ ਲਿਆ ਹੈ। ਚਾਹੀਦਾ ਸਾਨੂੰ ਇਹ ਸੀ ਕਿ ਅਸੀਂ ਅਖੌਤੀ ਧਰਮਾਂ ਦੀ ਅਰਥੀ ਤਿਆਰ ਕਰਦੇ। ਸੋਹਣੇ ਤੇ ਸੂਖਮ ਤਰੀਕੇ ਨਾਲ ਧਰਮਾਂ ਵਾਲੇ ਯੱਭ ਤੋਂ ਬਾਹਰ ਜਾਣ ਦਾ ਨਵੀਂ ਪੀੜ੍ਹੀ ਨੂੰ ਰਸਤਾ ਵੀ ਦੱਸਦੇ।
ਜੇਕਰ ਆਪਾਂ ਮਨੁੱਖ ਆਪਣੀ ਅਕਲ ਤੋਂ ਕੰਮ ਲਈਏ ਤੇ ਧੁਰ ਅੰਦਰੋਂ ਸਾਰਥਿਕ ਸੋਚ ਨਾਲ ਸੋਚੀਏ ਤਾਂ ਪਤਾ ਲੱਗਦੇ ਹੈ ਕਿ ਨਾ ਕਿਸੇ ਡੇਰੇ, ਨਾ ਹੀ ਕਿਸੇ ਧਰਮਿਕ ਸਥਾਨ ਜਾਂ ਧਰਮ ਨੇ, ਮਨੁੱਖਤਾ ਦਾ ਅਜੇ ਤੱਕ ਕਦੇ ਕੁਝ ਵੀ ਨਹੀਂ ਸੰਵਾਰਿਆ ਹੈ, ਤੇ ਨਾ ਹੀ ਭਵਿੱਖ ਵਿਚ ਸੰਵਾਰਨਗੇ..!
ਧਰਮ ਦੇ ਨਾਮ ਤੇ ਜਨਤਾ ਨੇ ਮਰਦੇ ਰਹਿਣਾ, ਸਿਆਸਤਦਾਨਾਂ ਨੇ ਹਥਿਆਰ ਦੇ ਤੌਰ ਤੇ ਧਰਮਾਂ ਨੂੰ ਵਰਤ ਕੇ ਆਪਣਾ ਰਾਜ ਭਾਗ ਹਮੇਸ਼ਾਂ ਕਾਇਮ ਰੱਖਣਾ ਹੈ। ਸਾਡੀ ਚਾਰੇ ਪਾਸੇ ਲੁੱਟ ਹੋਣੀ ਲਾਜ਼ਮੀ ਹੈ! ਕੁਦਰਤ ਦੀ ਬਖਸ਼ਿਸ਼ ਕੀਤੀ ਬੁਧ ਨਾਲ ਬਚ ਜਾਈਏ ਤਾਂ ਚੰਗਾ ਹੈ।
ਹੋ ਸਕੇ ਤਾਂ ਆਪਾਂ ਆਪਣੀ ਕਿਰਤ ਕਮਾਈ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਵੱਧ ਤੋਂ ਵੱਧ ਖਰਚ ਕਰੀਏ, ਜੇਕਰ ਕੁਦਰਤ ਵੱਲੋਂ ਵਾਧੂ ਸਰਦਾ ਹੋਵੇ ਤਾਂ ਆਪਣੇ ਹੱਥੀਂ ਹੀ ਕਿਸੇ ਲੋੜਵੰਦ ਦੀ ਮਦਦ ਲਈ ਵਰਤੀਏ, ਆਪਣਾ ਢਿੱਡ ਤਾਂ ਪਸ਼ੂ-ਪੰਛੀ ਵੀ ਭਰਦੇ ਹਨ, ਕਿਸੇ ਭੁੱਖੇ ਨਾਲ ਆਪਣੇ ਵਾਲੀ ਵੰਡ ਕੇ ਖਾਣਾ ਸਭ ਤੋਂ ਵੱਡਾ ਧਰਮ ਹੈ, ਜਦੋਂ ਭੁੱਖ ਮੈਂ ਤੇ ਤੂੰ ਦੋਵਾਂ ਨੂੰ ਬਰਾਬਰ ਲੱਗੀ ਹੋਵੇ। ਪਰ ਹੁਣ ਇਸ ਤਰ੍ਹਾਂ ਦੀਆਂ ਉਦਾਹਰਣਾਂ ਮੁਸ਼ਕਿਲ ਹੀ ਮਿਲਦੀਆਂ ਨੇ, ਕਿਉਂਕਿ ਸਾਰੇ ਧਾਰਮਿਕ ਸਥਾਨਾਂ ਤੇ ਮਸੰਦਾਂ ਦੇ ਪੱਕੇ ਕਬਜ਼ੇ ਹੋ ਚੁੱਕੇ ਹਨ, ਜੋ ਹੁਣ ਪੀੜ੍ਹੀ ਦਰ ਪੀੜ੍ਹੀ ਚੱਲਣਗੇ।
ਅੱਜ ਦਾ ਅਸਲ ਸੱਚ ਤਾਂ ਇਹ ਹੈ ਕਿ… ‘ਧਰਮ ਨੂੰ ਪਹਿਲਾਂ ਪੁਜਾਰੀਆਂ ਨੇ ਆਪਣੀ ਕਮਾਈ ਦਾ ਸਾਧਨ ਬਣਾਇਆ, ਫਿਰ ਸਿਆਸਤਦਾਨਾਂ ਨੇ ਕੁਰਸੀ ਹਾਸਿਲ ਕਰਨ ਦਾ, ਪਰ ਧਰਮ ਦੇ ਸਹੀ ਉਦੇਸ਼ਾਂ ਵੱਲ ਅਸੀਂ ਅਜੇ ਝਾਕੇ ਤੱਕ ਵੀ ਨਹੀਂ, ਧਰਮ ਤੋਂ ਲਾਈਆਂ ਸਭ ਉਮੀਦਾਂ ਝੂਠੀਆਂ ਨੇ, ਹਿੰਮਤ, ਹੌਂਸਲੇ, ਮਿਹਨਤ ਤੇ ਸੰਜਮ ਵਿਚ ਹੈ ਰਾਜ਼ ਤਰੱਕੀ ਦਾ!
ਕੋਈ ਸਰੂਪ ਗੁਰਾਂ ਦੇ ਪਾੜ੍ਹਦਾ
ਕੋਈ ਰਚਦਾ ਏਥੇ ਸਵਾਂਗ।
ਪਖੰਡੀ ਘੁੰਮਦੇ ਵਾਂਗਰ ਰਾਜਿਆਂ
ਮੇਰੀ ਨਿੱਕਲਦੀ ਹੈ ਬਾਂਗ।
ਅਣਖ ਨੂੰ ਆਉਣ ਕਚੀਚੀਆਂ,
ਮੈਨੂੰ ਪਸੰਦ ਨਹੀਂ ਝੂਠੇ ਰਾਗ।
ਮੈਂ ਕੁਰਲਾਅ ਪੁੱਛਾਂ ਕੁਦਰਤ ਨੂੰ,
ਤੈਂਅ ਸਾਡੇ ਕੈਸੇ ਲਿਖਤੇ ਭਾਗ।
ਅੱਜ ਹਰ ਪਾਸੇ ਜ਼ਿੰਦ ਔਖੀ ਹੈ,
ਡੰਗ ਲਿਆ ਮਹਿੰਗਾਈ ਨਾਗ।
ਅਸੀਂ ਧਰਮੀ ਨਹੀਂ ਹੋ ਸਕਦੇ,
ਜੇ ਸੱਚ ਦੀ ਲੱਗੇ ਨਾ ਜਾਗ।
…ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly