(ਸਮਾਜ ਵੀਕਲੀ) ‘ਮਾਂ’ ਦਾ ਰਿਸ਼ਤਾ ਸਭ ਤੋਂ ਉੱਤਮ ਹੈ, ਉਂਝ ਭਾਵੇਂ ਸਾਡੇ ਮਨੁੱਖੀ ਜੀਵਨ ਵਿੱਚ ਦੁਨਿਆਵੀਂ ਰਿਸ਼ਤਿਆਂ ਦਾ ਵੀ ਵਿਲੱਖਣ ਸਥਾਨ ਰਿਹਾ ਹੈ। ‘ਮਾਂ’ ਤਾਂ ‘ਮਾਂ’ ਹੁੰਦੀ ਏ, ਜਿਹੜੀ ਸਾਡੇ ਸਾਰੇ ਪੜਦੇ ਢੱਕ ਲੈਂਦੀ ਹੈ, ਅਫ਼ਸੋਸ ਹੈ! ਓਹ ਚਲੀ ਬਹੁਤ ਪਹਿਲਾਂ ਗਈ, ਪਰ ਅਸੀਸ ਦੇ ਰੂਪ ਵਿੱਚ ਮਾਂਵਾਂ ਦਾ ਪਿਆਰ ਬਹੁਤ ਬਖ਼ਸ਼ ਕਰ ਕੇ ਗਈ ਆ। ਕੱਲ੍ਹ ਉੱਚੇਚੇ ਤੌਰ ਤੇ ਮੋਹ ਦੀਆਂ ਪੰਡਾਂ ਬੰਨ ਕੇ ਘਰ ਤਸ਼ਰੀਫ਼ ਫ਼ਰਮਾ ਹੋਏ ‘ਮਾਤਾ ਕਮਲਜੀਤ ਕੌਰ’ ਜੀ ਯੂ. ਐੱਸ. ਏ. ਤੋਂ, ਜਿੰਨ੍ਹਾਂ ਗੱਲ ਸੁਣਾਈ ਕਿ… ‘ਬਚਪਨ ਵਿੱਚ ਮੈੰ ਆਪਣੀ ਮਾਂ ਨੂੰ ਗਵਾਂਢੀਆਂ ਤੋਂ ਆਟਾ ਮੰਗਦੇ ਦੇਖਿਆ, ਤਾਂ ਮੈਂ ਮਾਂ ਨੂੰ ਹੈਰਾਨੀ ਨਾਲ ਪੁੱਛਿਆ… ‘ਮਾਂ’ ਆਪਣੇ ਘਰ ਆਟਾ ਹੈ, ਤੁਸੀਂ ਫਿਰ ਕਿਉਂ ਮੰਗਿਆ?’
‘ਮਾਂ’ ਨੇ ਬਹੁਪੱਖੀ ਜਵਾਬ ਦੇ ਕੇ ਸਮਝਾਇਆ ਕਿ ਕਮਲੀਏ… “ਆਪਣੇ ਗੁਆਂਢੀ ਆਰਥਿਕ ਪੱਖੋਂ ਕਮਜ਼ੋਰ ਹਨ ਤੇ ਉਹ ਵਕਤ-ਬੇਵਕਤ ਲੋੜ ਪੈਣ ‘ਤੇ ਆਪਣੇ ਕੋਲੋਂ ਚੀਜ਼ਾਂ ਉਧਾਰ ਲੈਂਦੇ ਨੇ, ਇਸ ਲਈ ਮੈੰ ਵੀ ਕਦੇ ਕਦਾਈਂ ਜਾਣ ਬੁੱਝ ਕੇ ਮਾੜਾ-ਮੋਟਾ ਕੁਝ ਮੰਗ ਲੈਂਦੀ ਹਾਂ ਤਾਂ ਕਿ ਉਹ ਭਵਿੱਖ ‘ਚ ਸਾਡੇ ਤੋਂ ਮਦਦ ਲੈਣ ‘ਚ ਸੰਕੋਚ ਨਾ ਕਰਨ।”
ਐਸੇ ਗੁਣ ਮਾਂਵਾਂ ਤੋਂ ਸਿੱਖੇ ਜਾ ਸਕਦੇ ਆ, ਪਰ ਅੱਜ ਦੇ ਆਪੋ-ਧਾਪੀ ਦੇ ਸਮੇਂ ‘ਚ ਹਮਦਰਦੀ, ਆਪਣਾਪਣ, ਪਿਆਰ ਤੇ ਸੁਹਿਰਦਤਾ ਖ਼ਤਮ ਹੋ ਰਹੀ ਹੈ। ਸੋਹਣੇ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਔਲਾਦ ਦੀ ਪਰਵਰਿਸ਼ ਬਚਪਨ ਤੋਂ ਹੀ ਮਦਦਗਾਰ, ਅਨੁਭਵੀ ਤੇ ਨਿਮਰਤਾ ਵਰਗੇ ਗੁਣਾਂ ਨਾਲ ਕਰੀਏ। ਮਹਿਮਾਨਾਂ ਨੂੰ ਉਡੀਕਣ ਦੀ ਪਿਆਰੀ ਪਿਰਤ ਵੀ ਕਰਮਾਂ ਵਾਲੇ ਘਰਾਂ ‘ਚ ਹੁੰਦੀ ਹੈ। ਮਾਂਵਾਂ ਦੇ ਜ਼ਮਾਨੇ ‘ਚ ਮਹਿਮਾਨ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ।
ਵੈਸੇ ਤਾਂ ਮਨੁੱਖ ‘ਮਾਂ’ ਦੀ ਕੁੱਖ ਵਿੱਚ ਹੀ ਕੁਦਰਤੀ ਰਿਸ਼ਤਿਆਂ ਵਿੱਚ ਬੱਝ ਜਾਂਦਾ ਹੈ। ਪਰ ਸਮਾਜ ਵਿੱਚ ਵਿਚਰਦਿਆਂ ਮਨੁੱਖ ਮੋਹ ਵਾਲੇ ਰਿਸ਼ਤਿਆਂ ਦੇ ਕਲਾਵੇ ਵਿੱਚ ਵੀ ਜ਼ਰੂਰ ਮੜਿਆ ਜਾਂਦਾ ਹੈ, ਕਿਉਂਕਿ ਰਿਸ਼ਤੇ ਹੁੰਦੇ ਹੀ ਸਤਿਕਾਰ, ਪਿਆਰ ਤੇ ਕਦਰ ਦੇ ਹਨ। ਵੈਸੇ ਦਾਦਕਿਆਂ-ਨਾਨਕਿਆਂ ਦੇ ਰਿਸ਼ਤੇ ਮਨੁੱਖੀ ਜ਼ਿੰਦਗੀ ਵਿੱਚ ਕੁਦਰਤੀ ਤੇ ਮੁੱਢਲੇ ਹੁੰਦੇ ਹਨ। ਜਿਨ੍ਹਾਂ ਵਿੱਚ ਅਸੀਂ ਪਲਦਿਆਂ, ਹੱਸਦਿਆਂ, ਖੇਡਦਿਆਂ, ਬੋਲਦਿਆਂ ਦੁਨਿਆਵੀਂ ਗਤੀਵਿਧੀਆਂ ਨੂੰ ਸਿੱਖਦੇ ਹਾਂ। ਬਾਲ ਅਵਸਥਾ ਵਿੱਚ ਮਨੁੱਖ ਆਪਣੇ ਖਿਡੌਣਿਆਂ ਨਾਲ ਗੈਰ ਕੁਦਰਤੀ ਰਿਸ਼ਤੇ ਬਣਾਉਂਦਾ ਤੇ ਨਿਭਾਉਂਦਾ ਹੈ, ਜਾਣੀਕਿ ਜਿਨ੍ਹਾਂ ਨੂੰ ਮਨੁੱਖ ਆਪ ਆਪਣੀ ਪਸੰਦ ਜਾਂ ਰੁਚੀ ਮੁਤਾਬਿਕ ਸਿਰਜਤ ਕਰਦਾ ਹੈ। ਫਿਰ ਸਮਾਜ ਵਿਚ ਪੈਰ ਧਰਦਿਆਂ ਚੰਗੇ-ਮਾੜੇ, ਸੱਚੇ-ਝੂਠੇ, ਪਸੰਦ-ਨਾ-ਪਸੰਦ ਰਿਸ਼ਤਿਆਂ ਬਾਰੇ ਆਪਣੀ ਧਾਰਨਾ ਸਿਰਜਦਾ ਹੈ। ਸੰਘਰਸ਼ਸ਼ੀਲ ਜ਼ਿੰਦਗੀ ਦੌਰਾਨ ਮਨੁੱਖ ਲੋੜਾਂ ਜਾਂ ਵਿਚਾਰਾਂ ਦੀ ਸਹਿਮਤੀ ਦੇ ਆਧਾਰ ਤੇ ਨਵੇਂ ਰਿਸ਼ਤਿਆਂ ਵਿੱਚ ਬੱਝਦਾ-ਟੁੱਟਦਾ ਰਹਿੰਦਾ ਹੈ। ਇਹ ਰਿਸ਼ਤੇ ਤਾਂ ਜੀਵਨ ਦਾ ਅਟੁੱਟ ਅੰਗ ਹੁੰਦੇ ਹਨ। ਮਨੁੱਖ ਪ੍ਰਮੁੱਖ ਰੂਪ ਵਿੱਚ ਦੁਨੀਆਂ ਨੂੰ ਦੋ ਤਰ੍ਹਾਂ ਦੇ ਰਿਸ਼ਤਿਆਂ ਪਰਿਵਾਰਕ ਅਤੇ ਸਮਾਜਿਕ ਵਿੱਚ ਵੰਡ ਲੈਂਦਾ ਹੈ। ਜਿਨ੍ਹਾਂ ਨਾਲ ਆਪਣੀ ਸਾਂਝ ਕਾਇਮ ਕਰਦਾ ‘ਤੇ ਤੋੜਦਾ ਰਹਿੰਦਾ ਹੈ।
ਸੰਸਾਰ ਵਿਚ ਵੱਧਦੇ ਮਾਨਸਿਕ ਤਣਾਅ ਦੇ ਨਤੀਜੇ ਆਪਣਿਆਂ ਤੋਂ ਦੂਰੀ ਤੇ ਇਕੱਲਾਪਣ ਹੈ। ਵਰਤਮਾਨ ਸਮੇਂ ਵਿੱਚ ਅਸੀਂ ਜਿਸ ਮਨੁੱਖ ਨਾਲ ਕਿਸੇ ਰਿਸ਼ਤੇ ਵਿੱਚ ਬੱਝੇ ਹੋਏ ਹਾਂ, ਉਹ ਸਾਨੂੰ ਸਿਰਫ਼ ਇੱਕ ਵਾਰ ਹੀ ਮਿਲੇ ਨੇ, ਸਦੀਵੀਂ ਨਹੀਂ, ਬਲਕਿ ਸਿਰਫ਼ ਇਸੇ ਜੀਵਨ ਲਈ ਹਨ। ਸਾਡਾ ਮੁੜ ਕਦੇ ਵੀ ਮੇਲ ਨਹੀਂ ਹੋਣਾ। ਹੁਣ ਸਾਡੀ ਉਮਰ ਸੀਮਾ ਦੀ ਉਮੀਦ ਵੀ ਕਿੰਨੀ ਕੁ ਰਹਿ ਗਈ ਹੈ..? ਜਿਸ ਦਾ ਅਸੀਂ ਐਨਾ ਹੰਕਾਰ ਕਰਦੇ ਹਾਂ? ਸਾਨੂੰ ਕੁੱਝ ਨਹੀਂ ਪਤਾ ਕੀ ਸਾਡਾ ਕਿਹੜਾ ਸਾਹ ਆਖਰੀ ਹੋਵੇ?
ਸੋ ਆਪਾਂ ਆਪਣੇ ਆਪ ਨੂੰ ਇੱਕ ਮਸ਼ੀਨ ਨਾ ਸਮਝਦਿਆਂ, ਆਪਣੇ ਪਿਆਰਿਆਂ ਨਾਲ ਮੋਹ ਭਰਿਆ ਜੀਵਨ ਬਤੀਤ ਕਰਦਿਆਂ, ਮੋਹ ਦੇ ਰਿਸ਼ਤਿਆਂ ਦੀ ਕਦਰ ਹੀ ਕਦਰ ਕਰੀਏ। ‘ਮਾਂ’ ਪੁੱਤ ਦਾ ਰਿਸ਼ਤਾ ਸਾਰਿਆਂ ਰਿਸ਼ਤਿਆਂ ਤੋਂ ਉੱਤਮ, ਪਵਿੱਤਰ, ਤਿਆਗ ਤੇ ਕੁਰਬਾਨੀ ਵਾਲਾ ਹੁੰਦਾ ਹੈ। ਭਾਵੇਂ ਕੋਈ ਪਸ਼ੂ, ਪੰਛੀ ਜਾਂ ਜਾਨਵਰ ਕਿਉਂ ਨਾ ਹੋਵੇ, ਹਰ ਜਾਤੀ ਵਿਚ ‘ਮਾਂ’ ਦੀ ਆਪਣੇ ਪੁਤਰ ਪ੍ਰਤੀ ਭੂਮਿਕਾ ਕੁਰਬਾਨੀ ਦੀ ਹੁੰਦੀ ਹੈ। ‘ਮਾਂ’ ਆਪਣੇ ਬੱਚੇ ਦੀ ਰੱਖਿਆ ਲਈ, ਕਿਸੇ ਵੀ ਖੂੰਖਾਰ ਜਾਨਵਰ ਜਾਂ ਜ਼ਾਲਮ ਨਾਲ ਟੱਕਰ ਲੈ ਸਕਦੀ ਹੈ। ਬੰਦਾ ਸਭ ਕੁੱਝ ਭੁੱਲ ਸਕਦਾ ਹੈ ਪਰ ‘ਮਾਂ’ ਤੋਂ ਮਿਲਿਆ ਮੋਹ ਭੁੱਲਣਾ ਬਹੁਤ ਮੁਸ਼ਕਿਲ ਹੈ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly