ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ)

*ਖੁਸ਼ੀਆਂ ਵੰਡੋ ਸੱਜਣ, ਗਮ ਕੀ ਕਿਸੇ ਜਰੂਰਤ ਹੈ*?
*ਜ਼ਿੰਦਗੀ ਜੈਸੀ ਵੀ ਹੈ, ਪਰ ਸੱਚੀ ਹੈ ਤਾਂ ਖੂਬਸੂਰਤ।*
ਸੱਚਮੁੱਚ ਜ਼ਮਾਨਾ ਮੁਕਾਬਲੇ ਦਾ ਚੱਲ ਰਿਹਾ ਹੈ। ਕਿਸੇ ਨੂੰ ਇੱਕ ਦੁੱਖ ਦੱਸੋ ਤਾਂ ਅਗਲਾ ਗਮਾਂ ਦੀ ਪੰਡ ਖੋਲ੍ਹ ਕੇ ਬਹਿ ਜਾਂਦਾ, ਬਾਕੀ ਇਨਸਾਨ ਕਹੀ ਕੁੱਝ ਵੀ ਜਾਵੇ, ਪਰ ਸੱਚ ਦੱਸਾਂ ਤਾਂ ਰੀਝ ਤੇ ਜ਼ਿੰਮੇਵਾਰੀ ਵਿੱਚੋਂ, ਜੇ ਕਿਸੇ ਇੱਕ ਦੀ ਚੋਣ ਕਰਨੀ ਹੋਵੇ ਤਾਂ ਜਿੰਮੇਵਾਰੀਆਂ ਨਿਭਾ ਕੇ ਜ਼ਿਆਦਾ ਸਕੂਨ ਮਿਲਦਾ ਹੈ।
ਸਾਡੀ ਆਤਮਾ, ਮਨ ਅਤੇ ਤਨ ਦਾ ਸੰਤੁਲਨ, ਜਦੋਂ ਸਾਡੀ ਬੋਲਬਾਣੀ, ਵਿਹਾਰ ਅਤੇ ਕਾਰਜਾਂ ਵਿੱਚ ਦੂਸਰਿਆਂ ਨੂੰ ਪ੍ਰਗਟ ਹੋਣ ਲੱਗ ਜਾਵੇ ਤਾਂ ਇਸ ਨੂੰ ਦੁਨੀਆਂ ਵਾਲੇ ‘ਸਵੈ-ਕਾਬੂ’ ਕਹਿੰਦੇ ਹਨ। ਇਹ ਅਵਸਥਾ ਉੱਚੇਰੇ ਗਿਆਨ ਦੀ ਮਜ਼ਬੂਤ ਨੀਂਹ ਹੁੰਦੀ ਹੈ। ਇਹ ਸਿਖ਼ਰ ਜ਼ਿੰਦਗੀ ਦੀਆਂ ਸਮੱਸਿਆਵਾਂ ਵਿਰੁੱਧ ਈਮਾਨਦਾਰੀ ਨਾਲ ਭੁਗਤਣ ਵਾਲੇ ਵਕੀਲ ਵਰਗੀ ਹੁੰਦੀ ਹੈ। ਇਹ ਖੁਦ ਨੂੰ ਗੁੰਨ੍ਹਣ ਦਾ ਅਮਲ ਹੈ। ਇਹ ਭੈਅ ਵਿਰੁੱਧ ਲੜਨ ਵਾਲਾ ਕਾਰਗਰ ਹਥਿਆਰ ਹੈ। ਜੀਵਨ ਪ੍ਰਤੀ ਹਰ ਤਰ੍ਹਾਂ ਦੀ ਨਫ਼ਰਤ ‘ਸਵੈ-ਕਾਬੂ’ ਦੀ ਘਾਟ ਵਿੱਚੋਂ ਉਪਜਦੀ ਹੈ। ਤਾਂ ਹੀ ਤਾਂ ਹੁਣ ਬਹੁਗਿਣਤੀ ਦੁਨੀਆਂ ਨੂੰ ਜੀਵਨ ਦੇ ਰੂਹਾਨੀ ਅਰਥ ਨਹੀਂ ਲੱਭ ਰਹੇ!
ਸੋਚ ‘ਚ ਜ਼ੁਰਮ ਕਰਨਾ ਤਾਂ, ਅਸਲ ਵਿੱਚ ਕੀਤੇ ਜ਼ੁਰਮ ਨਾਲੋਂ ਵੀ ਕਿਤੇ ਵੱਧ ਖ਼ਤਰਨਾਕ ਹੁੰਦਾ ਹੈ। ਪੜ੍ਹਦੇ-ਸੁਣਦੇ ਅਸੀਂ ਗੁਰਬਾਣੀ ਹਾਂ, ਦਿਖਾਉਂਦੇ ਖ਼ੁਦ ਨੂੰ ਧਾਰਮਿਕ ਹਾਂ, ਪਰ ਕਰਤੂਤਾਂ ਕਰਦਿਆਂ ਸਾਨੂੰ ਸਮਝ ਭੋਰਾ ਵੀ ਨਹੀਂ ਆਉਂਦੀ? ਪਰ *ਜਿਸ ਦਾ ਮਨ ਨੀਵਾਂ, ਮੱਤ ਉੱਚੀ, ਹੈ ਓਹੀ ਇਨਸਾਨੀਅਤ ਸੁੱਚੀ!*
ਮੰਨਿਆ ਸ਼ਬਦਾਂ ਦੇ ਮਤਲਬ ਜੀਵਨ ਦੀਆਂ ਪ੍ਰਸਥਿਤੀਆਂ ਅਨੁਸਾਰ ਸਾਡੇ ਦਿਲ, ਦਿਮਾਗ਼ ਅਤੇ ਮਨ ਉੱਪਰ ਅਸਰ ਕਰਦੇ ਹਨ। ਪਰ ਜ਼ਿੰਦਗੀ ਹਰ ਹਾਲ ਵਿੱਚ ਜਿਉਣ ਲਈ ਹੈ। ਹਰ ਪੜਾਅ ਤੇ ਇਸ ਨੂੰ ਨਵੇਂ ਸਿਰਿਉਂ ਸਮਝਣਾ ਪੈਂਦਾ ਹੈ। ਪ੍ਰਕਿਰਤੀ ਦੇ ਨਿਯਮ ਪੱਕੇ ਹਨ, ਪਰ ਸਾਡੇ ਤੇ ਸਮਾਜ ਦੇ ਨਿਯਮ ਬਹੁਤ ਲਚਕੀਲੇ ਨੇ। ਜੀਵਨ ਵਿੱਚ ਕਦੋਂ ਕੀ ਜਾਂ ਕਿੱਦਾਂ ਵਾਪਰ ਜਾਵੇ, ਅਜਿਹਾ ਬਹੁਤ ਕੁਝ ਸਾਡੀ ਸਮਝ ਤੋਂ ਬਾਹਰ ਹੁੰਦਾ ਹੈ। ਪ੍ਰੰਤੂ ਜਿਉਂਦਿਆਂ ਜੀਆਂ ਲਈ ਹਰ ਹਾਲ ਵਿਚ ਧੀਰਜ ਤੇ ਹੌਂਸਲਾ ਬਹੁਤ ਜ਼ਰੂਰੀ ਹੁੰਦਾ ਹੈ।
ਅਖੀਰ ਤੱਕ ਰਿਸ਼ਤਿਆਂ ਵਿੱਚ ਪਿਆਰ, ਮੁਹੱਬਤ ਤੇ ਸਨੇਹ ਬਣਾ ਕੇ ਰੱਖੀਏ। ਇਹ ਜੀਵਨ ਦਾ ਭੇਦ ਹੈ। ਜ਼ਿੰਦਗੀ ਵਿੱਚ ਕੁੱਝ ਵੀ ਵਾਪਰ ਜਾਵੇ, ਪਰ ਅੰਤ ਨੂੰ ਕੋਲ ਬਚਿਆ ਹੀ ਪਿਆਰਾ ਲੱਗਦਾ ਹੈ, ਲੱਗਣਾ ਵੀ ਚਾਹੀਦਾ ਹੈ। ਮਨੁੱਖੀ ਜੀਵਨ ਤੋਂ ਉੱਤਮ ਹੋਰ ਕੀ ਹੋ ਸਕਦਾ? ਸੋ ਸਦਾ ਭਾਣੇ ਵਿੱਚ ਖੁਸ਼ ਰਹੀਏ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ
Next articleਸੰਭਾਵਨਾ ਕਦੀ ਖਤਮ ਨਹੀਂ ਹੁੰਦੀ