ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ)  *ਹੱਸਦੇ-ਵੱਸਦੇ ਰਿਸ਼ਤੇ ਹੀ ਸਭ ਨੂੰ ਸੋਹਣੇ ਲੱਗਦੇ ਨੇ,*
*ਪਾਕਿ-ਪਵਿੱਤਰ ਰੂਹਾਂ ਵਾਲੇ ਫੁੱਲਾਂ ਜਿਉਂ ਫੱਬਦੇ ਨੇ!*
ਨਰੋਈਆਂ ਸੋਚਾਂ ਵਾਲੇ ਦਿਮਾਗ਼ਾਂ ਅੰਦਰੋਂ ਸਾਰਥਿਕ ਵਿਚਾਰਾਂ ਦੀ ਪੈਦਾਵਾਰ ਹੁੰਦੀ ਹੈ। ਜਿਸ ਨਾਲ ਖੁਦ ਦਾ ਘਰ ਪਰਿਵਾਰ ਤਾਂ ਮਹਿਕਦਾ ਹੀ ਹੈ, ਆਲੇ-ਦੁਆਲੇ ਵਿਚ ਵੀ ਸੋਹਣੀ ਖੁਸ਼ਬੂ ਜਾਂਦੀ ਹੈ। ਅਨੇਕਾਂ ਵਾਰੀ ਅਸੀਂ ਆਪਣੇ ਮਨ ਦੀ ਸਥਿਤੀਆਂ ਜਾਂ ਆਪਣੇ ਆਲੇ ਦੁਆਲੇ ਦੀਆਂ ਪ੍ਰਸਥਿਤੀਆਂ ਵਿਚਲੇ ਸੂਖਮ ਭਾਵਾਂ ਨਾਲ ਇੱਕਸੁਰ ਹੋ ਜਾਂਦੇ ਹਾਂ, ਉਨ੍ਹਾਂ ਭਾਵਾਂ ਵਿੱਚ ਵਿਚਰਨ ਲੱਗਦੇ ਹਾਂ, ਪੂਰੀ ਸ਼ਿੱਦਤ ਨਾਲ ਮਹਿਸੂਸ ਕਰਨ ਲੱਗਦੇ ਹਾਂ ਤਾਂ ਕਵਿਤਾ ਰੂਪ ਧਾਰਦੀ ਜਾਂਦੀ ਹੈ। ਆਨੰਦ ਮਨ ‘ਚੋਂ ਫਿਰ ਆਪ ਮੁਹਾਰੇ ਕਵਿਤਾ ਬਣ-ਬਣ ਆਉਂਦੀ ਹੈ ਕਿ…
ਮੈਂ ਤੇ ਤੂੰ ਸੱਜਣਾ,
ਦੋਵੇਂ ਅੱਖੀਆਂ ਵਰਗੇ,
ਇਕੱਠੇ ਜਾਗਦੇ,
ਇਕੱਠੇ ਸੌਂਦੇ,
ਇਕੱਠੇ ਹੱਸਦੇ,
ਇਕੱਠੇ ਰੋਂਦੇ,
ਇਕੱਠੇ ਕੁਦਰਤ ਨੂੰ ਆਪਾਂ ਮਾਣੀਏ,
ਆ ਸੱਜਣਾ ਇੱਕ-ਦੂਜੇ ਨੂੰ ਜਾਣੀਏ!
ਮੈਂ ਬੇਹੱਦ ਖੁਸ਼ ਹੁੰਨਾ… ‘ਤੂੰ ਜੋ ਪਰਵਾਹ ਕਰਦਾ ਹੈ ਸੱਜਣਾ ਰਿਸ਼ਤੇ ਦੀ, ਕਿਉਂਕਿ ਮੈਂ ਤੇਰੇ ਪਿਆਰ ਦੀ ਗਹਿਰਾਈ ਨੂੰ ਬੜੀ ਸਿਦਕ ਨਾਲ ਮਹਿਸੂਸ ਕਰਿਆ ਹੈ। ਹੋਰ ਆਪਣਾਪਨ ਮਾਪਣ ਦੇ ਲਈ ਕੋਈ ਪੈਮਾਨਾ ਥੋੜਾ ਬਣਿਆ ਹੈ, ਤੂੰ ਦੱਸ ਮੈਨੂੰ’?
ਜੀਵਨ ‘ਚ ਹਾਲਾਤ ਕਿਹੋ ਜਿਹੇ ਵੀ ਹੋਣ, ਸਾਡੀ ਦ੍ਰਿਸ਼ਟੀ ਦੇ ਰੰਗਾਂ ਨੂੰ ਸਮਾਂ ਪਾ ਕੇ ਕੁਦਰਤ ਸਾਡੀ ਜ਼ਿੰਦਗੀ ਦੇ ਰੰਗ ਬਣਾ ਦਿੰਦੀ ਹੈ।
ਕਦਮ ਭਾਵੇਂ ਛੋਟੇ ਹੋਣ, ਪਰ ਅਸੀਂ ਪੁੱਟੇ ਵੱਡੇ ਸ਼ੌਕਾਂ ਵੱਲ ਹੋਣੇ ਚਾਹੀਦੇ ਆ, ਰੁਕਣਾ ਨਹੀਂ ਬੱਸ ਹਿੰਮਤ ਜਹੀ ਕਰਕੇ ਚੱਲਦੇ ਰਹਿਣਾ, ਦੇਖਿਓ ਜਿਉਂ-ਜਿਉਂ ਅਸੀਂ ਖੁੱਲ੍ਹਦੇ ਜਾਵਾਂਗੇ, ਤਿਉਂ-ਤਿਉਂ ਖਿੜ੍ਹਦੇ ਜਾਵਾਂਗੇ, ਫੈਲਦੇ ਜਾਵਾਂਗੇ। ਇੱਕ ਦਿਨ ਸਾਡੇ ਕੋਲ ਸੌਗਾਤਾਂ ਦਾ ਸੰਸਾਰ ਹੋਵੇਗਾ। ਜੋ ਦੌਲਤਾਂ ਨਾਲ ਖ਼ਰੀਦਿਆ ਨਹੀਂ ਜਾ ਸਕਦਾ, ਦੌਲਤਮੰਦਾਂ ਵੱਲੋਂ ਸਿਰਫ਼ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਜਿਵੇਂ ਕਿ… ਸੱਚੀ ਦੋਸਤੀ, ਸਵੱਛ ਸੋਚਣੀ, ਚੰਗੀ ਸਿਹਤ, ਪ੍ਰਸੰਨ ਬਿਰਤੀ, ਉਸਾਰੂ ਦ੍ਰਿਸ਼ਟੀਕੌਣ, ਮਨ ਦੀ ਅਮੀਰੀ, ਗਿਆਨ ਦਾ ਆਨੰਦ, ਬੇਫਿਕਰੀ, ਅੰਦਰਲੀ ਸ਼ਾਂਤੀ, ਅਸਲੀ ਸੁੱਖ ਆਦਿ!
ਪਾਕਿ-ਪਵਿੱਤਰ ਰੂਹਾਂ ਵਾਲੇ ਸਵੈ-ਭਰੋਸੇ ਦਾ ਚੜ੍ਹਦਾ ਸੂਰਜ ਹੁੰਦੇ ਹਨ। ਐਸੇ ਸੱਜਣਾਂ ਦਾ ਜੀਵਨ ਵਿੱਚ ਆਉਣਾ ਰਹਿਮਤਾਂ ਹੀ ਤਾਂ ਹੁੰਦਾ ਹੈ। ਹੋਰ ਦੱਸੋ ਕੀ ਨਾਮ ਦਿਆਂ?
ਜਿਵੇਂ ਪਾਣੀ ਦੀ ਹਰ ਬੂੰਦ ਵਿੱਚ ਸਮੁੱਚੇ ਸਾਗਰ ਦਾ ਸੁਨੇਹਾ ਹੁੰਦਾ ਹੈ। ਇਸੇ ਤਰ੍ਹਾਂ ਸੱਚੇ ਪਿਆਰ ਦੀ ਗਹਿਰਾਈ ਹੁੰਦੀ ਹੈ। ਲੋੜ ਇਸ ਨੂੰ ਸਮਝਣ ਦੀ ਹੁੰਦੀ ਹੈ। ਪਰ ਇਹ ਉਸਾਰੂ ਦ੍ਰਿਸ਼ਟੀ, ਵੱਡੇ ਦਿਲ ਤੇ ਵਿਸ਼ਾਲ ਸੋਚ ਬਿਨ ਸੰਭਵ ਨਹੀਂ!
ਜੀਵਨ ਦੇ ਫ਼ਲਸਫ਼ੇ ਦੀ ਮੰਜ਼ਿਲ ਲਈ, ਇੱਕ ਦੂਜੇ ਨੂੰ ਖੋਜਦੇ ਰਹੋ ਤਾਂ ਅੰਤ ਤੱਕ ਗੁਣਾਂ ਦੀ ਖਾਨ ਬਣੇ ਰਹਿੰਦੇ ਹਾਂ। ਸਾਡੇ ਹੱਡ ਮਾਸ ਦੇ ਸ਼ਰੀਰ ਵਿੱਚ ਕੋਈ ਖੂਬਸੂਰਤੀ ਨਹੀਂ ਹੁੰਦੀ। ਇਸੇ ਕਰਕੇ ਤਾਂ ਸਾਨੂੰ ਹਰ ਕੋਈ ਮਨ ਨੂੰ ਨਹੀਂ ਭਾਉਂਦਾ, ਜੋ ਰੂਹ ਵਿੱਚ ਵੱਸ ਜਾਂਦੇ ਹਨ, ਉਹ ਖੂਬਸੂਰਤ ਹੁੰਦੇ ਨੇ, ਉਹਨਾਂ ਦੇ ਕਰਮ, ਵਿਚਾਰ, ਬੋਲ ਬਾਣੀ, ਵਤੀਰਾ, ਸੰਸਕਾਰ ਤੇ ਸ਼ਾਨਦਾਰ ਸਾਫ਼ ਪਾਕ ਚਰਿੱਤਰ ਸਾਡੀ ਤਾਕਤ ਬਣ ਜਾਂਦਾ ਹੈ।
ਸਾਹਮਣੇ ਬੈਠਾ ਯਾਰ ਹੋਵੇ, ਹੋਸ਼ ਤੇਰੇ ਗੁੰਮ ਨਹੀਂ,
ਜਾਂ ਤਾਂ ਉਹ ਤੇਰਾ ਪਿਆਰ ਨਹੀਂ,
ਜਾਂ ਫਿਰ ਆਸ਼ਿਕ ਤੁਮ ਨਹੀਂ …”

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਗ੍ਰਹਿਸਥ ਤੇ ਤਪੱਸਵੀ “
Next articleਕਰਾਚੀ ਦੇ ਜਿਨਾਹ ਹਵਾਈ ਅੱਡੇ ਨੇੜੇ ਵੱਡਾ ਧਮਾਕਾ; ਦੋ ਚੀਨੀ ਨਾਗਰਿਕਾਂ ਸਮੇਤ 3 ਦੀ ਮੌਤ-17 ਜ਼ਖਮੀ; ਬੀ.ਐਲ.ਏ ਨੇ ਜ਼ਿੰਮੇਵਾਰੀ ਲਈ