ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ) ਸਾਊ, ਸਲੀਕੇ, ਸੋਹਜ, ਸਿਆਣਪ ਅਤੇ ਘਰਾਣੇ ਵਾਲੇ ਪਰਿਵਾਰਾਂ ਵਿਚ ਬੱਚਿਆਂ ਨੂੰ ਅੱਖ ਦੀ ਸ਼ਰਮ ਹੁੰਦੀ ਹੈ। ਖਾਸ ਕਰਕੇ ਚੰਗੇ ਕਿਰਦਾਰ ਵਾਲੀਆਂ ਧੀਆਂ ਕਦੇ ਵੀ ਉਲੰਘਣਾ ਨਹੀਂ ਕਰਦੀਆਂ।
ਉਝ ਅਦਭੁਤ ਕੁਦਰਤ ਵਿੱਚ ਦੋ ਜਾਤਾਂ ਨੇ ਇੱਕ ਮਰਦ ਜਾਤ, ਦੂਜੀ ਔਰਤ ਜਾਤ। ਦੋਹਾਂ ਦੇ ਮੇਲ ਨਾਲ ਸ਼੍ਰਿਸਟੀ ਦੀ ਰਚਨਾ ਹੋਈ ਤੇ ਹੋ ਰਹੀ ਹੈ। ਦੋਵਾਂ ਦਾ ਨਜ਼ਰੀਆ ਸੁੰਦਰ ਤਾਂ ਸਭ ਕੁਝ ਰਸ ਭਰਿਆ ਜਾਪਦਾ ਹੈ।
ਜੇਕਰ ਮਰਦ ਸਮਝੇ ਤਾਂ ਔਰਤ… ਨਾਜ਼ੁਕਤਾ, ਸੁੰਦਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਸੰਜਮ ਅਤੇ ਹਯਾ ਦੀ ਮੂਰਤ ਵਜੋਂ ਕੁਦਰਤ ਵੱਲੋਂ ਸ੍ਰਿਸ਼ਟੀ ਨੂੰ ਮਿਲਿਆ ਬਹੁਤ ਹੀ ਬਿਹਤਰੀਨ ਤੋਹਫ਼ਾ ਹੈ। ਹਯਾ ਜਾਂ ਲੱਜਾ ਔਰਤ ਦਾ ਸਭ ਤੋਂ ਸੂਖਮ ਪ੍ਰਗਟਾਵਾ ਹੁੰਦਾ ਹੈ। ਤਨ ਤੇ ਪਾਏ ਗਹਿਣਿਆਂ ਨਾਲੋਂ ਹਯਾ ਔਰਤ ਦੀ ਸੁੰਦਰਤਾ ਅਤੇ ਖਿੱਚ ਦੋਵਾਂ ਨੂੰ ਵਧਾਉਂਦੀ ਹੈ, ਤੇ ਔਰਤ ਨੂੰ ਮਨਮੋਹਕ, ਆਦਰਯੋਗ, ਸੁੰਦਰ ਤੇ ਨੈਤਿਕ ਵੀ ਬਣਾਉਂਦੀ ਹੈ। ਸ਼ਰਮ ਦਾ ਉਪਜਣਾ ਔਰਤ ਦੇ ਭਾਵਕ ਵਿਕਾਸ ਦਾ ਇੱਕ ਪੜਾਓ ਹੁੰਦਾ ਹੈ। ਕਲਪਨਾ ਕਰਿਆ ਵੀ ਡਰ ਲੱਗਦੇ ਕਿ ਜੀਵਨ ਕਿਹੋ ਜਿਹਾ ਹੁੰਦਾ, ਜੇਕਰ ਔਰਤ ਨੂੰ ਸ਼ਰਮ ਨਾ ਹੁੰਦੀ? ਘਰ ਵਿਚ ਧੀ ਹੋਵੇ ਤਾਂ ਨਾਲ ਸ਼ਰਮ-ਹਯਾ ਵੀ ਜਨਮ ਲੈ ਲੈਂਦੀ ਹੈ।
ਪਰ ਨਾਰੀਵਾਦ ਤੇ ਬਰਾਬਰੀ ਦੀ ਦੌੜ ਨੇ ਔਰਤ ਦੇ ਸਨਮਾਨ ਯੋਗ ਗਰਾਫ ਨੂੰ ਥੱਲੇ ਵੱਲ ਲਿਆਂਦਾ ਹੈ।
ਔਰਤ-ਮਰਦ ਸਮਾਨ ਹਨ… ਕਿਉਂਕਿ ਜਿਸ ਤਰ੍ਹਾਂ ਮਰਦ ਦਾ ਜਨਮ ਹੋਇਆ ਉਸੇ ਤਰ੍ਹਾਂ ਹੀ ਔਰਤ ਦਾ ਹੋਇਆ ਹੈ। ਪਰ ਹਾਂ ਬਰਾਬਰ ਨਹੀਂ ਹਨ! ਕਿਉਂਕਿ ਦੋਹਾਂ ਦੀ ਸ਼ਰੀਰਕ ਬਣਤਰ ਭਿੰਨ ਹੋਣ ਕਰਕੇ ਮਾਨਸਿਕ ਬਣਤਰ ਵੀ ਬਹੁਤ ਭਿੰਨ ਹੈ। ਲੋੜਾਂ ਦਾ ਵੱਖੋ-ਵੱਖ ਤਾਂ ਫਿਰ ਕੁਦਰਤੀ ਹੈ।
ਔਰਤ ਕੁਦਰਤ ਵੱਲੋਂ ਮਿਲੇ ਸਹਿਣਸ਼ੀਲਤਾ ਦੇ ਗੁਣ ਕਰਕੇ ਅਸਹਿ ਪੀੜਾਂ ਸਹਿ ਬੱਚਿਆਂ ਨੂੰ ਜਨਮ ਦੇ ਵੰਸ਼ ਅੱਗੇ ਤੋਰਦੀ ਹੈ। ਸ਼ਰੀਰਕ ਮਜਬੂਤੀ ਪੱਖੋਂ ਮਰਦ ਮਜਬੂਤ ਹੈ ਤੇ ਔਰਤ ਨਾਜ਼ੁਕ ਹੈ। ਸਮਝਦਾਰੀ ਨਾਲ ਜਿਨ੍ਹਾਂ ਨੇ ਕੰਮ ਵੰਡੇ ਹੋਏ ਹਨ ਉਨ੍ਹਾਂ ਦਾ ਜੀਵਨ ਬਹੁਤ ਸ਼ਾਨਦਾਰ ਬੀਤ ਰਿਹਾ ਹੈ। ਮਰਦ ਨਾਲ ਬਰਾਬਰੀ ਦੇ ਚੱਕਰ ‘ਚ ਟਾਕਰਾ ਲੈ ਕੇ ਕੋਈ ਵੀ ਔਰਤ ਖੁਸ਼ ਨਹੀਂ ਰਹਿ ਸਕਦੀ ਤੇ ਔਰਤ ਦੀਆਂ ਭਾਵਨਾਵਾਂ ਨੂੰ ਨਾ ਸਮਝ ਦੁੱਖ ਦੇਣ ਵਾਲਾ ਮਰਦ ਸਕੂਨ ਨਾਲ ਨਹੀਂ ਜੀ ਸਕਦਾ। ਸੋ ਔਰਤ-ਮਰਦ ਨੂੰ ਇੱਕ-ਦੂਜੇ ਦੇ ਪੂਰਕ ਹੋਣਾ ਚਾਹੀਦਾ ਹੈ, ਵਿਰੋਧੀ ਨਹੀਂ। ਸੁਲਝੇ ਮਰਦ ਅਤੇ ਸੁਚੱਜੀ ਔਰਤ ਬਿਨਾ ਘਰ ‘ਚ ਸ਼ਾਂਤੀ ਦਾ ਆਉਣਾ ਨਾਮੁਮਕਿਨ ਹੈ! ਕਿਉਂਕਿ ਔਰਤ ਮੋਮ ਸਿਰਫ਼ ਆਪਣੇ ਪਸੰਦੀਦਾ ਇਨਸਾਨ ਲਈ ਹੁੰਦੀ ਹੈ… ਵਰਨਾਂ ਨਹੀਂ ਤਾਂ ਇਸ ਵਰਗਾ ਪੱਥਰ ਪੂਰੀ ਕਾਇਨਾਤ ‘ਚ ਨਹੀਂ!
ਔਰਤ ਜੇਕਰ ਪਰਿਵਾਰ ਦੀ ਸਹਿਮਤੀ ਤੇ ਖੁਸ਼ੀ ਨਾਲ ਆਰਥਿਕ ਸਹਾਇਤਾ ਅਤੇ ਆਪਣੀ ਪਹਿਚਾਣ ਬਣਾਉਣ ਲਈ ਜੇ ਨੌਕਰੀ ਪੇਸ਼ਾ ਜਾਂ ਕੋਈ ਹੋਰ ਕੰਮ ਕਰਦੀ ਹੈ ਤਾਂ ਸਲਿਊਟ ਕਰਨਾ ਬਣਦਾ ਹੈ। ਪਰ ਜੇ ਪਰਿਵਾਰ ਅਤੇ ਬੱਚਿਆਂ ਨੂੰ ਰੁਲਦਿਆਂ ਛੱਡ ਕੇ ਪਹਿਚਾਣ ਬਣਾਈ ਵੀ ਤਾਂ ਉਹ ਫਿਰ ਕਿਸ ਕੰਮ ਦੀ..?
ਦੂਜੀ ਗੱਲ ਬੇਸ਼ੱਕ ਮੇਰੀ ਕਹੀ ਕੁਝ ਬੀਬੀਆਂ ਨੂੰ ਕਾਫੀ ਬੁਰੀ ਲੱਗੇ ਕਿ ‘ਕੁਝ ਕੁ ਔਰਤ ਨੇ ਬਰਾਬਰੀ ਦੇ ਚੱਕਰ ਵਿੱਚ ਆਪਣੇ ਕਿਰਦਾਰ ਨੂੰ ਨੀਵਾਂ ਕਰ ਲਿਆ ਹੈ’ ਕਿਉਂਕਿ ਕੁਦਰਤ ਨੇ ਸਿਰਜਨਾ ਕਰਨ ਵਕਤ ਔਰਤ ਨੂੰ ਮਰਦ ਨਾਲੋਂ ਕਈ ਗੁਣਾ ਵੱਧ ਨਾਜ਼ੁਕਤਾ, ਸਬਰ, ਸਹਿਣਸ਼ੀਲਤਾ, ਸ਼ਰਮ-ਹਯਾ ਵਰਗੀਆਂ ਅਣਮੁੱਲੀਆਂ ਦੌਲਤਾਂ ਨਾਲ ਮਾਲੋਂ ਮਾਲ ਕਰਿਆ ਸੀ। ਪਰ ਨਿਰੀ ਪੁਰੀ ਬਰਾਬਰੀ ਦੇ ਚੱਕਰ ਵਿੱਚ ਉਹ ਅੱਗਿਓ ਪਿਛਾ ਵੱਲ ਨੂੰ ਆ ਗਈਆਂ ਅਤੇ ਉਨ੍ਹਾਂ ਨੇ ਆਪਣੀ ਕੁਦਰਤੀ ਸੁੰਦਰਤਾ ਨੂੰ ਵੀ ਗਵਾ ਲਿਆ! ਹੱਕਾਂ ਅਤੇ ਸਤਿਕਾਰ ਦੀ ਭਾਲ ਵਿੱਚ ਕੋਰਟ ਕਚਹਿਰੀਆਂ ਵਿੱਚ ਤੁਰੀਆਂ ਫਿਰਦੀਆਂ ਪਰੀਆਂ ਦੇਖ ਕੇ ਮੇਰਾ ਮਨ ਬੇਹੱਦ ਪ੍ਰੇਸ਼ਾਨ ਹੁੰਦਾ ਹੈ। ਕੁਦਰਤ ਭਲੀ ਕਰੇ, ਤਿਤਲੀਆਂ ਤੇ ਭੌਰਿਆਂ ਨੂੰ ਜੀਵਨ ਦੀ ਮਹਿਕ ਮਾਣਨੀ ਆਵੇ॥

…ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜੱਸੀ ਬਾਈ ਨੂੰ ਜਨਮਦਿਨ ਮੁਬਾਰਕ
Next articleਜ਼ਿਲ੍ਹਾ ਪੱਧਰੀ ਕਲਾ ਉਤਸਵ 2024 ਯਾਦਗਾਰੀ ਹੋ ਨਿੱਬੜਿਆ, 6 ਵੰਨਗੀਆਂ ਵਿੱਚ 500 ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ