(ਸਮਾਜ ਵੀਕਲੀ) ਕੁਦਰਤ ਨਾਲ ਜੁੜਣਾ ਤੇ ਇੱਕ-ਮਿੱਕ ਹੋਣਾ ਔਖਾ ਨਹੀਂ, ਪਰ ਇਕਾਗਰਤਾ ਬਿਨ ਤਾਂ ਸੂਈ ਵਿਚ ਧਾਗਾ ਵੀ ਨਹੀਂ ਪੈਂਦਾ! ਜੰਜ਼ੀਰਾਂ, ਹੱਥਕੜੀਆਂ ਤੇ ਬੇੜੀਆਂ ਸਿਰਫ਼ ਲੋਹੇ ਦੀਆਂ ਹੀ ਨਹੀਂ ਹੁੰਦੀਆਂ, ਇਹ ਸੋਚ ਤੇ ਕਲਪਨਾ ਦੀਆਂ ਵੀ ਹੁੰਦੀਆਂ ਹਨ, ਇਨ੍ਹਾਂ ਨੂੰ ਤੋੜਣਾ ਪੈਣਾ ਹੈ!
ਜਿਵੇਂ ਕਿਸੇ ਨੂੰ ਮੁਆਫ਼ ਕਰਨ ਵਾਸਤੇ ਜਿੱਤਣ ਨਾਲੋਂ ਵੀ ਕਿਤੇ ਵੱਧ ਹਿੰਮਤ, ਹੌਸਲੇ ਤੇ ਜਜ਼ਬੇ ਦੀ ਲੋੜ ਹੁੰਦੀ ਹੈ। ਇਹੀ ਸਾਡੇ ਆਤਮਿਕ ਪੱਖੋਂ ਜੀਵਨ ਜਿਊਂਦੇ ਹੋਣ ਦੀ ਪਵਿੱਤਰ ਪਹਿਚਾਣ ਹੁੰਦੀ ਹੈ।
ਜਦੋ ਅਸੀਂ ਆਪਣੇ ਮਨ ਨੂੰ ਵਿਰੋਧਾਂ ਤੋਂ ਹੀ ਮੁਕਤ ਕਰ ਲਿਆ ਤਾਂ ਅਸੀਂ ਕੁਦਰਤ ਦੇ ਕਲਾਵੇਂ ਵਿਚ ਆ ਜਾਂਦੇ ਹਾਂ, ਜਿੱਥੇ ਹਰ ਪਾਸੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਨੇ ਸਾਡੇ। ਕੁਦਰਤ ਸਾਨੂੰ ਪਿਆਰ ਕਰਨਾ ਸਿਖਾਉਂਦੀ ਹੈ, ਪਿਆਰ ਸਦਾ ਹੀ ਜੁੜਨ ਅਤੇ ਜੋੜਨ ਦਾ ਢੰਗ ਹੀ ਅਪਣਾਉਂਦਾ ਹੈ।
ਅਸਲ ਵਿਚ ਸਮਾਜ ‘ਚ ਕੋਈ ਵੀ ਸਾਡਾ ਦੁਸ਼ਮਣ ਨਹੀਂ, ਸਾਰੇ ਹੀ ਸਹਿਯੋਗੀ ਹਨ, ਪਰ ਕੀ ਕਰੀਏ ਮਨ ਦੇ ਸੁਆਰਥਾਂ ਕਰਕੇ ਸਾਨੂੰ ਸਭ ਜੱਗ ਵੈਰੀ ਨਜ਼ਰ ਆਉਂਦਾ ਹੈ! ਮਨ ਨੂੰ ਆਦਤਾਂ ਓਵੇਂ ਜਿਹੀਆਂ ਪੈ ਜਾਂਦੀਆਂ ਹਨ, ਜਿਸ ਤਰ੍ਹਾਂ ਦੀਆਂ ਅਸੀਂ ਪਾਉਂਦੇ ਹਾਂ… ‘ਮਨ ਭਾਉਂਦਾ ਕਦੇ ਕਿਸੇ ਨੂੰ ਨਹੀਂ ਮਿਲਿਆ! ਆਪਣਾ ਆਲਾ-ਦੁਆਲਾ ਅਸੀਂ ਖੁਦ ਨਿਰਧਾਰਤ ਕਰਨਾ ਹੁੰਦਾ ਹੈ, ਜੇਕਰ ਇਹ ਘਰ ਤੋਂ ਸ਼ੁਰੂ ਕੀਤਾ ਜਾਵੇ ਤਾਂ ਕਿਆ ਬਾਤਾਂ…
ਸਾਡਾ ਘਰ ਕਿਹੋ ਜਿਹਾ ਵੀ ਹੋਵੇ, ਕੋਈ ਨਾ ਕੋਈ ਕੋਨਾ ਅਸੀਂ ਆਪਣੇ ਸਕੂਨ ਲਈ ਤਿਆਰ ਕਰ ਹੀ ਸਕਦੇ ਹਾਂ। ਅੱਜ ਬੰਦੇ ਦੇ ਧਿਆਨ ਨੂੰ ਖਿੰਡਾਉਣ ਅਤੇ ਭੜਕਾਉਂਣ ਦੇ ਸਾਧਨ ਜ਼ਿਆਦਾ ਨੇ, ਕੁਦਰਤ ਨਾਲ ਜੁੜਨ ਦੇ ਘੱਟ… ਜੇਕਰ ਆਪਾਂ ਸਾਰਾ ਧਿਆਨ ਆਪਣੇ ਆਪ ਤੇ ਲਾਈਏ, ਮਨ ਨੂੰ ਕਾਬੂ ਵਿਚ ਰੱਖੀਏ! ਆਪਣਾ ਵਿਕਾਸ ਕਰੀਏ ਤਾਂ ਸਾਡੇ ਨਾਲ ਪਰਿਵਾਰ, ਸਮਾਜ ਅਤੇ ਦੇਸ਼ ਦਾ ਵਿਕਾਸ ਹੋਵੇਗਾ।
ਲਗਦੈ ਅੱਜ ਦੇ ਦੌਰ ਜਿਨਾ ਨਫ਼ਰਤ ਦਾ ਭੈੜਾ ਪ੍ਦਰਸ਼ਨ ਕਿਸੇ ਹੋਰ ਯੁੱਗ ਵਿਚ ਨਹੀਂ ਮਿਲਦਾ, ਮਨੁੱਖ ਨੂੰ ਪੁਰਜ਼ੇ ਬਣਾ ਦਿੱਤਾ ਲਾਲਚਾਂ ਨੇ! ਬਹੁਤੇ ਰਿਸ਼ਤੇ ਨਿਗਲ ਲਏ ਇਸ ਦੈਂਤ ਨੇ!
ਸੋ ਆਓ ਸਦਾ ਚੜ੍ਹਦੀਕਲਾ, ਤੰਦਰੁਸਤ ਤੇ ਸਿਹਤਮੰਦ ਰਹਿਣ ਲਈ ਕੁਦਰਤ ਨਾਲ ਜੁੜੀਏ, ਸਭ ਨਾਲ ਪਿਆਰ ਕਰੀਏ ਤੇ ਪਿਆਰ ਹੀ ਪਿਆਰ ਫੈਲਾਈਏ, ਦੂਜਿਆਂ ਦੀ ਖੁਸ਼ੀ ਦਾ ਜ਼ਸਨ ਮਨਾਉਂਣਾ ਸਿੱਖੀਏ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly