ਸ਼ੁਭ ਸਵੇਰ ਦੋਸਤੋ,

  ਹਰਫੂਲ ਸਿੰਘ ਭੁੱਲਰ
 (ਸਮਾਜ ਵੀਕਲੀ)-  ਹੁਣ ਤੱਕ ਮਨੁੱਖ ਨੇ ਭਾਵੇਂ ਹੀ ਆਪਣੀ ਦਿਮਾਗ਼ੀ ਸ਼ਕਤੀ ਨਾਲ ਬੇਅੰਤ ਤਰੱਕੀ ਕਰ ਲਈ ਐ। ਕੀ ਧਰਤੀ, ਆਸਮਾਨ, ਸਮੁੰਦਰ ਪਹਾੜਾਂ ਆਦਿ ਤੇ ਜਿੱਤ ਪ੍ਰਾਪਤ ਕਰਕੇ, ਪਰ ਮਨ ਨਾ ਜਿੱਤਿਆ ਗਿਆ ਸਾਥੋਂ, ਤੇ ਸਮਝ ਨਹੀਂ ਸਕੇ ਕੇ ਕੁਦਰਤ ਸਾਹਮਣੇ ਅਸੀਂ ਇੱਕ ਤਿਨਕਾ ਮਾਤਰ ਹਾਂ! ਸਾਡੇ ਗੁਰੂ ਸਹਿਬਾਨਾਂ ਨੇ ਗੁਰਬਾਣੀ ਰਾਹੀਂ ਸਾਨੂੰ ਮਨ ਦੀ ਸੁੱਚਤਾ ਰੱਖਣ ਤੇ ਜ਼ੋਰ ਦਿੱਤਾ ਹੈ, ਪਰ ਅਸੀਂ ਸਾਰੇ ਉਪਰਾਲੇ ਤਨ ਸੁੱਚਾ ਰੱਖਣ ਦੇ ਕਰ ਰਹੇ ਹੋ ਬੇਕਾਰ ਹਨ!
ਅਸੀਂ ਹਾਉਮੈ ਦੀ ਐਸੀ ਦੌੜ ਦੌੜੇ ਕਿ ਭੁੱਲ ਹੀ ਗਏ ਕਿ ਸੱਚਾ ਪ੍ਰੇਮ ਪਿਆਰ ਹੀ ਸਾਡੇ ਖੁਸ਼ੀਆਂ ਭਰੇ ਜੀਵਨ ਦਾ ਧੁਰਾ ਹੈ, ਸਾਡੇ ਚਿਹਰਿਆਂ ਉਪਰ ਲੱਗੇ ਮਖੌਟਿਆਂ ਨੇ ਸੱਚੇ ਪਿਆਰ ਨੂੰ ਵੀ ਸ਼ੱਕੀ ਬਣਾ ਦਿਤਾ ਹੈ।
ਆਪ ਤੋਂ ਕਮਜ਼ੋਰ ਤੇ ਸੱਚ ਬੋਲਣ ਵਾਲੇ ਨੂੰ ਅਸੀਂ ਪਿੰਡੋਂ ਕੱਢਣ ਤੱਕ ਜਾਂਦੇ ਹਾਂ, ਤਾਕਤਵਰ ਤੇ ਵੱਡਿਆਂ ਲੋਕਾਂ ਨਾਲ ਬਿਨ ਜਾਣ-ਪਹਿਚਾਣ ਦੇ ਹੀ ਸੈਲਫ਼ੀਆਂ ਖਿੱਚ-ਖਿੱਚ ਕੇ ਦੁਨੀਆਂ ਵਿਚ ਨਸਰ ਕਰਦੇ ਹਾਂ! ਕੀ ਐ ਇਹ ਸਭ??? ਵਕਤੀ ਦਿਖਾਵਾ ਹੈ।
ਜਿਹੜਾ ਸਾਨੂੰ ਸੱਚ ਤੋਂ ਜਾਣੂ ਕਰਵਾਏ, ਉਸ ਨੂੰ ਅਸੀਂ ਨਫ਼ਰਤ ਕਰਦੇ ਹਾਂ, ਆਪਣਿਆਂ ਦੀ ਬੇੜੀ ਵੱਟੇ ਪਾਉਂਦੇ ਹਾਂ, ਅਕਲ ਦਾ ਜਨਾਜ਼ਾ ਕੱਢਦੇ ਹਾਂ, ਕਦੋਂ ਜਾਣਾਗੇ ਅਸੀਂ? ਕਿ ਸੱਚ ਵਾਪਰਦਾ ਨਹੀਂ ਹੈ, ਇਹ ਤਾਂ ਸਹਿਜ ਵਿਆਪਕ ਹੁੰਦਾ ਹੈ, ਸੱਚ ਦੀ ਭਾਸ਼ਾ ਵੀ ਬੜੀ ਸਰਲ ਹੁੰਦੀ ਹੈ, ਅਸਲ ਵਿਚ ਅਸੀਂ ਖੁਦ ਹੀ ਹੈਂਕੜ-ਬਾਜ਼ੀਆਂ ਵਿਚ ਉਲਝੇ ਹਾਂ ਤਾਂ ਹੀ ਸਮਝ ਨਹੀਂ ਸਕਦੇ।
ਸੱਚ ਹਮੇਸ਼ਾ ਉਹ ਨਹੀਂ ਹੁੰਦਾ ਜੋ ਅਸੀਂ ਸੁਣਨਾ ਪਸੰਦ ਕਰਦੇ ਹਾਂ, ਸਮਾਂ ਜਰੂਰ ਲੱਗਦੈ ਇਹ ਹਜਾਰਾਂ ਪਰਦੇ ਪਾੜ ਕੇ ਨੰਗਾ ਹੋ ਜਾਂਦਾ ਹੈ ਇਕ ਦਿਨ..!
ਸਾਡੀ ਸਾਰਿਆਂ ਦੀ ਮਾਂ ਕੁਦਰਤ ਹੈ, ਜੋ ਸੰਸਾਰ ਦੇ ਸਾਰੇ ਜੀਵ-ਜੰਤੂਆਂ ਦੀ ਜਨਮਦਾਤਾ ਹੈ। ਮਾਂ ਬੁਰਾ ਕਦੇ ਸੋਚ ਨਹੀਂ ਸਕਦੀ, ਪਰ ਜਦੋਂ ਔਲਾਦ ਵਿਗੜ ਜਾਵੇ ਤਾਂ ਸਖਤ ਕਾਰਵਾਈ ਜਰੂਰ ਕਰਦੀ ਹੈ।
ਲੰਘੇ ਸੰਕਟ ਵੀ ਮਨੁੱਖ ਦੀ ਕੁਦਰਤ ਪ੍ਰਤੀ ਪ੍ਰਤੀਕਿਰਿਆ ਦਾ ਨਤੀਜਾ ਸਨ ਜੋ ਸਾਨੂੰ ਇਨਸਾਨ ਬਣਾਉਣ ਲਈ ਆਏ ਤੇ ਛੇਤੀ ਲੰਘ ਵੀ ਗਏ, ਕੁਦਰਤ ਪ੍ਰੇਮੀਆਂ ਦੀ ਦਿਲੋਂ ਦੁਆ ਇਹੀ ਹੁੰਦੀ ਹੈ ਕਿ ਕੂੜਾ-ਕਰਕਟ ਜਰੂਰ ਹੂੰਝਿਆ ਜਾਣਾ ਚਾਹੀਦਾ ਹੈ ਸੰਸਾਰ ਤੋਂ!
ਏਥੇ ਰਹਿ ਜਾਣ, ਓ ਇਨਸਾਨ ਜੋ ਜਾਣਦੇ ਨੇ ਕੇ ਕੁਦਰਤੀ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਖੁਸ਼ੀਆਂ ਭਰੇ ਜੀਵਨ ਦਾ ਆਨੰਦ ਮਾਣਿਆ ਜਾ ਸਕਦਾ ਹੈ, ਕੁਦਰਤ ਦੀਆਂ ਜੜ੍ਹਾਂ ਵਿਚ ਕੁਹਾੜਾ ਮਾਰਕੇ ਨਹੀਂ, ਸਾਡੇ ਵਰਗੇ ਸਵਾਰਥੀਆਂ ਬਿਨ ਸੰਸਾਰ ਹੋਰ ਵੀ ਖੂਬਸੂਰਤ ਹੋਵੇਗਾ, ਜਿਸ ਦਾ ਅਨੰਦ ਸਿਰਫ ਸੱਚੇ ਲੋਕ ਲੈ ਸਕਦੇ ਹਨ!
ਨਕਲੀ ਧਰਮੀ ਬਣੇ ਫਿਰਦੇ ਨਹੀਂ ਜਾਣਦੇ ਕਿ ‘ਸੱਚ ਤਾਂ ਸਵਰਗ ਵਾਲੀ ਤ੍ਰੇਲ ਦੀ ਬੂੰਦ ਹੁੰਦਾ ਹੈ, ਇਸ ਨੂੰ ਕੁਦਰਤ ਵੀ ਸਾਫ਼ ਸੁਥਰੇ ਭਾਂਡੇ ‘ਚ ਰੱਖਣਾ ਲੋਚਦੀ ਐ, ਝੂਠ ਦੇ ਸੰਸਾਰ ਅੰਦਰ ਨਹੀਂ’!
ਬੀਬੇ ਦਾੜ੍ਹੇ ਰੱਖਕੇ ਅਸੀਂ ਝੂਠ ਦੇ ਖੂਹ ਦੀ ਤਹਿ ਵਿਚ ਬੈਠੇ ਓਹ ਲੋਕ ਹਾਂ, ਜਿਨ੍ਹਾਂ ਨੂੰ  ਸੱਚ ਦਾ ਪੂਰਾ ਅਸਮਾਨ ਨਜ਼ਰ ਨਹੀਂ ਆਉਂਦਾ…
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਿਕਰਾਂ ਮਾਰੀ ਮਾਂ
Next articleਦਲ ਬਦਲ ਲਏ