(ਸਮਾਜ ਵੀਕਲੀ)
ਕਿੰਨਾ ਸੋਹਣਾ ਕਿਹਾ ਸੀ ‘ਡਾ. ਏ. ਪੀ. ਅਬਦੁਲ ਕਲਾਮ’ ਜੀ ਨੇ ਕਿ… *ਸਿਆਸੀ ਦਾਅ ਪੇਚ ਸਿਰਫ਼ ਚੌਣਾਂ ਦੇ ਦਿਨਾਂ ਵਿਚ ਚੰਗੇ ਲਗਦੈ ਆ, ‘ਤੇ ਬਾਕੀ ਦੀ ਸਾਰੀ ਸਿਆਸੀ ਕਾਰਵਾਈ ਦੇਸ਼ ਲਈ ਵਿਕਾਸ ਮੁੱਖੀ ਵਾਤਾਵਰਣ ਸਿਰਜਣ ਵੱਲ ਹੋਣੀ ਚਾਹੀਦੀ ਹੈ।*
ਪਰ ਮੇਰੇ ਮੁਲਕ ਵਿਚ ਇਸ ਤਰ੍ਹਾਂ ਹੋਇਆ ਨਹੀਂ। ਦੇਸ਼ ਦੀ ਜੁਆਨੀ ਨੂੰ ਲੈ ਕੇ ਵਿਦੇਸ਼ਾਂ ਵੱਲ ਉੱਡਦੇ ਜ਼ਹਾਜ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਹੁਣ ਨੌਜਵਾਨਾਂ ਦੀ ਸੋਚ ਬਣ ਗਈ ਹੈ ਕਿ…ਜਿਸ ਦੇਸ਼ ‘ਚ ਮਾਨ-ਸਨਮਾਨ ਨਾ ਹੋਵੇ, ਸੋਹਣਾ ਜੀਵਨ ਜਿਊਂਣ ਦੇ ਵਸੀਲੇ ਨਾ ਹੋਣ, ਨਾ ਵਿੱਦਿਆ ਦੀ ਪ੍ਰਾਪਤੀ ਹੋਵੇ, ਉੱਥੇ ਰਹਿਣਾ ਹੀ ਨਹੀਂ ਚਾਹੀਦਾ, ਜੋ ਨਿਰਾਸ਼ਾਯੋਗ ਤਾਂ ਹੈ ਹੀ ਨਾਲ ਹੀ ਚਿੰਤਾ ਦਾ ਵਿਸ਼ਾ ਵੀ ਹੈ।
ਅੱਜ ਰਾਜਨੀਤਕ ਢਾਂਚੇ ਨੂੰ ਸੁਧਾਰਨ ਲਈ ਘੜੀਆਂ ਜਾਂਦੀਆਂ ਸਕੀਮਾਂ ਬਾਰੇ ਜਾਣਕੇ ਸਿਰਫ਼ ਹੱਸਿਆ ਹੀ ਜਾ ਸਕਦਾ ਹੈ। ਰਾਜਨੀਤੀ ਕੇਵਲ ਕੋਪਰੇਡ ਘਰਾਣਿਆਂ ਦੀ ਖੇਡ ਬਣ ਕੇ ਰਹਿ ਗਈ ਹੈ, ਓਹ ਨਹੀਂ ਜਾਣਦੇ ਨਾ ਸਮਝਦੇ ਆ ਕਿ ਇਸ ਉੱਪਰ ਹੀ ਰਾਸ਼ਟਰ ਦਾ ਵਰਤਮਾਨ ਅਤੇ ਭਵਿੱਖ ਨਿਰਭਰ ਕਰਦਾ ਹੈ। ਜਿਸ ਦੇਸ਼ ਦੇ ਰਾਜਸੀ ਨੇਤਾ ਬੇਈਮਾਨ ਹੋਣ, ਜਨਤਾ ਅਗਿਆਨੀ ਹੋਵੇ, ਲੇਖਕ ਤੇ ਅਖਬਾਰ ਵਿਕਾਊ, ਕਾਇਰ ਤੇ ਫਰੇਬੀ ਹੋਣ, ਉਸ ਨੂੰ ਬਰਬਾਦ ਹੋਣ ਤੋਂ ਰੱਬ ਨਹੀਂ ਬਚਾ ਸਕਦਾ।
ਮਹਾਨ ਤਾਂ ਉਹ ਦੇਸ਼ ਹੁੰਦੇ ਹਨ ਜੀ, ਜਿਹੜੇ ਜਾਤ-ਪਾਤ ਅਤੇ ਕੌਮਾਂ ਦੇ ਨਸਲੀ ਭੇਦ-ਭਾਵ ਰੱਖਕੇ ਕਿਸੇ ਦਾ ਵੀ ਅਪਮਾਨ ਨਹੀਂ ਕਰਦੇ, ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਦਿਖਾਉਂਦੇ, ਜਿੱਥੇ ਬੰਦੇ ਬੰਦਿਆਂ ਵਾਂਗ ਰਹਿੰਦੇ ਹਨ। ਲਗਦੈ ਰਾਜਨੀਤੀ ਰਾਹੀਂ ਜਨਤਾਂ ਨੂੰ ਖੁਸ਼ਹਾਲ ਕਰਨਾ ਹੁਣ ਝੂਠੀ ਆਸ ਹੈ। ਸਗੋਂ ਅੱਜ ਰਾਜਨੀਤੀ ਰਾਹੀ ਤਾਂ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਨੂੰ ਜਨਮ ਦਿੱਤਾ ਜਾਂਦਾ ਹੈ।
ਸਾਡੇ ਭਾਰਤ ਦੇ ਆਮ ਲੋਕਾਂ ਨੇ ਆਜ਼ਾਦੀ ਸ਼ੰਗਰਸ਼ ਲੲੀ ਅਾਪਣੀਅਾਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਅੰਗਰੇਜਾਂ ਵਿਰੁੱਧ ਲੜਾਈ ਲੜੀ, ਵੱਡੇ-ਵਡੇਰਿਅਾਂ ਨੂੰ ਦਿਲੋਂ ਸਤਿਕਾਰ ਦੇਣਾ ਬਣਦਾ ਹੈ। ਨਾਲ ਹੀ ਸ਼ਰਮਿੰਦਾ ਹੋਣਾ ਵੀ ਬਣਦਾ ਹੈ ਕਿਉਂਕਿ ਓਹ ਜਿਸ ਤਰਾਂ ਦੀ ਆਜ਼ਾਦੀ ਦਾ ਸੁਪਨਾ ਲੈ ਕੇ ਅਾਪਣੀਆਂ ਜ਼ਿੰਦਗੀਆਂ ਦੇ ਬੇਸ਼ੁਮਾਰ ਕੀਮਤੀ ਵਰ੍ਹੇ/ਅਾਪਣੀਆਂ ਜਾਨਾਂ ਭਵਿੱਖ ਲੇਖੇ ਲਾ ਕੇ ਗਏ, ਅਸੀਂ ਓਸ ਤਰਾਂ ਦਾ ਭਾਰਤ ਨਹੀਂ ਸਿਰਜ਼ ਸਕੇ। ਉਹਨਾਂ ਲੱਖਾ ਲੋਕਾਂ ਨੂੰ ਸਿੱਜਦਾ ਸਲਾਮ ਜਿਨ੍ਹਾਂ ਨੇ ਕੁਲੇਹਣੇ ਸਮੇਂ ਦਾ ਸੰਤਾਪ ਅਪਣੇ ਪਿੰਡੇ ਤੇ ਹੰਡਾਇਆ ਜਿਸਦਾ ਦਰਦ ਸਦੀਆਂ ਤੱਕ ਸਾਡੇ ਮਨਾ ਚੋ ਨਹੀਂ ਨਿਕਲ ਸਕਦਾ!
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly