ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)- ‘ਔਰਤ ਦਿਵਸ’ ਤੇ ਵਿਸ਼ੇਸ਼, ਵਡਿਆਈ ਕੁਦਰਤ ਦੀ ਹੋਵੇਗੀ ਮਰਦ ਜਾਂ ਔਰਤ ਦੀ ਨਹੀਂ।

ਔਰਤ ਜਾਤ ਅੰਦਰ’ਮਾਂ’ ਇਸ ਬ੍ਰਹਿਮੰਡ ‘ਚ ਕੁਦਰਤ ਦੀ ਕਲਾ ਦਾ ਸੁੰਦਰ, ਅਨੋਖਾ, ਸੁਧਰਿਆ ਅਤੇ ਪਵਿੱਤਰ ਰੂਪ ਹੈ। ‘ਮਾਂ’ ਤਿਆਗ, ਚੁੱਪ-ਚਾਪ ਦੁੱਖ ਸਹਿਣ, ਨਿਮਰਤਾ, ਸ਼ਰਧਾ ਅਤੇ ਉੱਚ ਗਿਆਨ ਦੀ ਜੀਵਨ ਮੂਰਤ ਹੈ। ਕੁਦਰਤ ਦੀਆਂ ਸਾਰੀਆਂ ਕਲਾ ਕ੍ਰਿਤਾਂ ਦਾ ਸੋਮਾ ‘ਮਾਂ’ ਹੈ। ਸੰਸਾਰ ਦੀਆਂ ਸਭ ਕੋਮਲ ਕਲਾਵਾਂ ਇਸ ਅਜਬ ਸੋਮੇ ਦੀ ਸਿੱਧੀ ਜਾਂ ਅਸਿੱਧੀ ਦੇਣ ਹਨ। ‘ਮਾਂ’ ਵਜੋਂ ਔਰਤ ਦਾ ਰੁਤਬਾ ਮਹਾਨ ਸੀ, ਮਹਾਨ ਹੈ ਤੇ ਹਮੇਸ਼ਾਂ ਮਹਾਨ ਹੀ ਬਣਿਆ ਰਹੇਗਾ। ਹਸਮੁੱਖ ਔਰਤਾਂ ਮੈਨੂੰ ਸਭ ਰਿਸ਼ਤਿਆਂ ਵਿਚ ਚੰਗੀਆਂ ਲੱਗਦੀਆਂ ਹਨ। ਕੌੜਾ ਬੋਲਣ ਵਾਲੀਆਂ ਔਰਤਾਂ ਦੇ ਮੂੰਹੋਂ ਠੂੰਹੇਂ ਕਿਰਦੇ ਨੇ ਅਤੇ ਮਿੱਠਾ ਬੋਲਣ ਵਾਲੀਆਂ ਦੇ ਮੂੰਹੋਂ ਫੁੱਲ ਡਿੱਗਦੇ ਨੇ। ਹਰ ਰਿਸ਼ਤੇ ਰਹੀਂ ਔਰਤ ਦੇ ਸਰੀਰ ਵਿੱਚੋਂ ਨਹੀਂ ਬਲਕਿ ਕਿਰਦਾਰ ਵਿੱਚੋਂ ਮਹਿਕ ਆਉਣੀ ਲਾਜ਼ਮੀ ਹੁੰਦੀ ਹੈ। ਮਾਂ ਹੀ ਬੱਚਿਆ ਨੂੰ ਨਿਮਰਤਾ, ਮਿਠਾਸ ਤੇ ਖੁਸ਼ ਰਹਿਣਾ ਸਿਖਾਉਂਦੀ ਹੈ ਖਾਸ਼ ਕਰ ਧੀਆਂ ਨੂੰ…

ਮਾਵਾਂ ਬਾਰੇ ਕੁਦਰਤ ਦੀ ਇੱਕ ਹੋਰ ਬੁਝਾਰਤ ਦੁਨੀਆਂ ਦੇ ਦਿਮਾਗ਼ਾਂ ਤੋਂ ਪਾਰ ਦੀ ਹੈ… ਜ਼ਰਾ ਕਲਪਣਾ ਕਰੋ ਜੇਕਰ ਕਿਸੇ ਇਨਸਾਨੀ ਸਰੀਰ ਵਿੱਚ ਕੋਈ ਬਾਹਰੀ ਤੱਤ ਦ‍ਾਖਿਲ ਹੋਵੇ ਤਾਂ ਅਸੀਂ ਸਰੀਰਕ ਤੌਰ ਤੇ ਬਿਮਾਰ ਹੋ ਜਾਂਦੇ ਹਾਂ, ਜਦੋਂ ਤੱਕ ਉਸਨੂੰ ਖ਼ਤਮ ਨਾ ਕੀਤਾ ਜਾਵੇ ਜਾਂ ਬਾਹਰ ਨਾ ਕੱਢਿਆ ਜਾਵੇ… ਸਾਡੀ ਸਿਹਤ ਤੰਦਰੁਸਤ ਨਹੀਂ ਹੋ ਸਕਦੀ! ਦੂਜਾ ਪੱਖ ਕੁਦਰਤ ਦੀ ਸਿਰਜਣਾ ਦਾ ਕਮਾਲ ਦੇਖੋ *ਸਪਰਮ* ਨੂੰ ‘ਮਾਂ’ ਦੀ ਕੁੱਖ ਪ੍ਰਵਾਨਗੀ ਹੀ ਨਹੀਂ ਦਿੰਦੀ ਸਗੋਂ ਆਪਣੇ ਲਹੂ ਨਾਲ ਸਿੰਜ ਕੇ ਪਾਲਣ ਲਗਦੀ ਹੈ ਤੇ ਵੱਡਾ ਵੀ ਕਰਦੀ ਹੈ। ਸਿਰਜਣਾ ਰਾਹੀਂ ਸੰਸਾਰ ਨੂੰ ਇੱਕ ਖੂਬਸੂਰਤ ਤੋਹਫ਼ਾ ਵੀ ਦਿੰਦੀ ਹੈ। ‘ਮਾਂ’ ਕੁਦਰਤ ਦੀ ਤਰ੍ਹਾਂ ਸਿਰਜਣਹਾਰ ਹੈ। ਜਿੰਨੀ ਦੇਰ ਬੱਚੇ ਦਾ ਜਨਮ ਨਹੀਂ ਹੋ ਜਾਂਦਾ ‘ਮਾਂ’ ਦੀ ਆਪਣੀ ਹੋੰਦ ਖ਼ਤਰੇ ਵਿੱਚ ਰਹਿੰਦੀ ਹੈ। ‘ਮਾਂ’ ਅਦਰੂਨੀ ਤੇ ਬਾਹਰੀ ਹਰ ਤਕਲੀਫ ਖਿੜੇ ਮੱਥੇ ਸਹਿੰਦੀ ਹੈ, ‘ਮਾਂ’ ‘ਮਾਂ’ ਹੀ ਹੁੰਦੀ ਹੈ!
ਮਾਂ ਦੀ ਸਹੇਲੀ ਨਾਲ ਮੈਨੂੰ ਵੀ ‘ਮਾਂ’ ਚੇਤੇ ਆਈ, ‘ਮਾਂ’ ਤੋਂ ਬੋਲਣਾ, ਤੁਰਨਾ ਸਿੱਖਿਆ ਸੀ, ‘ਮਾਂ’ ਨੂੰ ਅੱਜ ਸੰਸਾਰ ਵਿਚੋਂ ਟੋਲਦਾ ਹਾਂ। ਕੁਦਰਤ ਕਦੇ ਕਿਸੇ ਦੀ ‘ਮਾਂ’ ਨਾ ਲਿਜਾਵੇ, ਸਲਾਮਤੀ ਸਭ ਦੀਆਂ ‘ਮਾਵਾਂ’ ਦੀ ਲੋਚਦਾ ਹਾਂ।
ਇਕੱਲਤਾ ਵਿਚਾਰਾਂ ਦਾ ਆਲ੍ਹਣਾ ਹੁੰਦੀ ਹੈ, ਅਰਦਾਸ ਹੈ ਕੋਈ ਵੀ ਮਰਦ ਜਾਂ ਔਰਤ ਇਕੱਲਾ ਨਾ ਹੋਵੇ। ਔਰਤ ਦੀ ਸਹਿਜ ਬਿਰਤੀ ਅਕਸਰ ਮਰਦ ਦੇ ਤਰਕ- ਵਿਤਰਕ ਨਾਲੋਂ ਜ਼ਿਆਦਾ ਸੱਚੀ-ਸੁੱਚੀ ਹੁੰਦੀ ਹੈ। ਇਸਤਰੀ ਨਾਲ ਸਬੰਧਿਤ ਹਰ ਰਿਸ਼ਤੇ ਵਿਚ, ਰਿਸ਼ਤੇ ਨੂੰ ਰਿਸ਼ਤਾ ਬਣਾਈ ਰੱਖਣ ਲਈ, ਪੁਰਸ਼ ਦੇ ਮੁਕਾਬਲੇ, ਇਸਤਰੀ ਨੂੰ ਵਧੇਰੇ ਤਿਆਗ, ਕੁਰਬਾਨੀ, ਯਤਨ ਅਤੇ ਮਿਹਨਤ ਕਰਨੀ ਪੈਂਦੀ ਹੈ। ਹਰ ਇਸਤਰੀ ਦੋ ਘਰਾਂ ਵਿੱਚ ਜਨਮ ਲੈਂਦੀ ਹੈ, ਪਹਿਲਾਂ ਬਾਪ ਦੇ ਘਰ ਦੂਸਰਾ ਪਤੀ ਦੇ ਘਰ। ਹਰ ਇਸਤਰੀ ਦੋ ਘਰਾਂ ਦੇ ਆਸਰੇ ਨਾਲ ਪਲਦੀ ਹੈ ਅਤੇ ਦੋ ਘਰਾਂ ਦਾ ਸਹਾਰਾ ਬਣਦੀ ਹੈ। ਦੋ ਘਰ ਜੇ ਓਹਨੂੰ ਪਾਲਦੇ ਸਾਂਭਦੇ ਹਨ ਤਾਂ ਉਹ ਵੀ ਦੋ ਘਰਾਂ ਨੂੰ ਸਾਂਭਦੀ ਹੈ| ਮਾਂ ਦੀਆਂ ਦੋ ਜਾਨਾਂ ਹੁੰਦੀਆਂ ਹਨ, ਦੋ ਦਿਲ ਹੁੰਦੇ ਹਨ! ਔਰਤ ਦੇ ਹਰ ਸਿਰੜੀ ਰੂਪ ਨੂੰ ‘ਔਰਤ ਦਿਵਸ’ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ !!

ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article“ਭ੍ਰਿਸ਼ਟਾਚਾਰ”
Next articleਐਲੋਨ ਮਸਕ ਨਹੀਂ ਰਿਹਾ ਸਭ ਤੋਂ ਅਮੀਰ ਵਿਅਕਤੀ ਬੀਤੇ ਦਿਨੀਂ ਸ਼ੇਅਰਾਂ ਵਿੱਚ 7% ਗਿਰਾਵਟ ਨੇ ਗੁਆਏ ਕਰੋੜਾਂ ਡਾਲਰ