(ਸਮਾਜ ਵੀਕਲੀ)
*ਬਿਮਾਰ ਮਾਨਸਿਕਤਾ ਪੈਂਚਰ ਟਾਈਰ ਵਰਗੀ ਹੁੰਦੀ ਹੈ,*
*ਜਿਨਾ ਚਿਰ ਬਦਲਦੇ ਨੀ ਮੰਜ਼ਲ ‘ਤੇ ਨੀ ਪਹੁੰਚ ਸਕਦੇ!*
ਕਿਵੇਂ ਲਿਖਾ ਅਸੀਂ ਕਿੱਥੇ ਖੜੇ ਹਾਂ..?
ਪਿੱਠ ਪਿੱਛੇ ਹੋਏ ਵਾਰਾਂ ਤੇ ਖੌਲਦੇ ਖੂਨ ਦੇ ਬਿਰਤਾਂਤ ਜਾਨਣੇ ਨੇ ਤਾਂ ਪੁਰਾਣਾ ਇਤਿਹਾਸ ਜ਼ਰੂਰ ਪੜ੍ਹਿਓ ਜੀ, ਨਹੀਂ ਤਾਂ ਪੰਜਾਬੀਆਂ ਅੰਦਰ ਵਾਪਰਦਾ ਮੌਜੂਦਾ ਬਿਰਤਾਂਤ ਜ਼ਰੂਰ ਗ਼ੌਰ ਨਾਲ ਸਮਝੀਓ ਜੀ..! ਅਜੋਕੇ ਸੰਘਰਸ਼ ਵਿੱਚ ਕੋਈ ਸ਼ਾਮ ਸਿੰਘ ਅਟਾਰੀਵਾਲਾ ਨਜ਼ਰ ਨਹੀਂ ਆ ਰਿਹਾ, ਕੁਰਸੀ ਦੇ ਦਾਹਵੇਦਾਰ ਜ਼ਿਆਦਾ ਹਨ!
ਕਿਸੇ ਪਰਿਵਾਰ, ਕੌਮ ਜਾਂ ਸੂਬੇ ਦੀ ਤਕਦੀਰ ਤਜ਼ਰਬਿਆਂ ਦੇ ਮਿਸ਼ਰਨ ਨਾਲ ਬਣਦੀ ਹੈ…
ਤ : ਤਰਤੀਬਾਂ, ਤਮੰਨਾ, ਤਜਰਬਾ
ਕ : ਕੋਸ਼ਿਸ਼ਾਂ, ਕਿਤਾਬਾਂ, ਕਲਮਾਂ
ਦ : ਦ੍ਰਿਸ਼ਟੀ, ਦਰਦ, ਦੇਣ
ਰ : ਰਾਹ, ਰਲਾਅ, ਰਵੱਈਆ
ਅਸੀਂ ਇਨ੍ਹਾਂ ਸਾਰਿਆਂ ਪੱਖਾਂ ਤੋਂ ਅੰਨ੍ਹੇ ਹੋ ਚੁੱਕੇ ਲੋਕ ਹਾਂ, ਗੁਰਦੁਆਰਿਆਂ ਦੀਆਂ ਵੱਡੀਆਂ ਇਮਾਰਤਾਂ, ਅਖੌਤੀ ਵੱਡੇ ਮਹਿੰਗੇ ਕੀਰਤਨ ਦਰਬਾਰ, ਵੱਡੇ ਵੱਡੇ ਨਗਰ ਕੀਰਤਨ, ਵੱਡੇ ਵੱਡੇ ਲੰਗਰਾਂ ਆਦਿ ‘ਤੇ ਕੀਰਤੀ ਸਿੱਖਾਂ/ ਭੋਲੇ ਭਾਲੇ ਸ਼ਰਧਾਲੂਆਂ/ ਸਿੱਖ ਸੰਗਤਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਬਰਬਾਦ ਕਰ ਰਹੇ ਹਾਂ ਤੇ ਅਸੀਂ ਬਹੁਤ ਤੇਜ਼ੀ ਨਾਲ ਆਪਣੀ ਤਾਕਤ ਗੁਆ ਰਹੇ ਹਾਂ। ਦੁੱਖ ਦੀ ਗੱਲ ਹੈ ਕਿ 50% ਤੋਂ ਵੱਧ ਪੰਜਾਬੀ, ਪੰਜਾਬੀ ਨਹੀਂ ਪੜ੍ਹ ਲਿਖ ਸਕਦੇ ਅਤੇ ਗੁਰਬਾਣੀ, ਗੁਰੂ ਇਤਿਹਾਸ, ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਦੀ ਜਾਣਕਾਰੀ ਕਿੱਥੋਂ ਆਉਂਗੀ? ਸੋ ਇਸ ਲਈ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਕਿੱਥੇ ਖੜੇ ਹਾਂ..?
ਮੱਧਵਰਗੀ ਪਰਿਵਾਰਾਂ ਦੇ ਨੌਜਵਾਨ ਵੀਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਗੂਆਂ ਨੇ ਸਹੀ ਕੀਮਤ ਲੱਗਣ ਤੇ ਵਿੱਕ ਹੀ ਜਾਣਾ ਹੁੰਦਾ ਹੈ! ਤੁਸੀਂ ਸੋਸ਼ਲ ਮੀਡੀਆ ਤੇ ਆਪੇ ਬਣੇ ਪੱਤਰਕਾਰਾਂ ਦੇ ਪਾਏ ਭੜਕਾਊ ਵੀਡੀਓ ਦੇਖ ਦੇਖ ਕੇ ਜਜਬਾਤੀ ਨਾ ਹੋਇਆਂ ਕਰੋ, ਆਈ ਫੋਨ ਨਾਲ ਤੁਹਾਡੀ ਲਚਾਰੀ ਦੀਆਂ ਵੀਡੀਓ ਬਣਾ ਪੈਸੇ ਕਮਾਉਣ ਵਾਲੇ ਨਕਲੀ ਹਮਦਰਦ ਜ਼ਿਆਦਾਤਰ ਸਰਕਾਰੀ ਨੋਕਰੀ ਕਰਨ ਵਾਲਿਆਂ ਦੇ ਖੁਲੀਆਂ ਜਇਦਾਦਾਂ ਦੇ ਮਾਲਿਕ ਸ਼ਹਿਜ਼ਾਦੇ ਹਨ। ਤੁਹਾਡੀਆਂ ਦੋ ਦੋ ਕਿੱਲੇ ਜ਼ਮੀਨਾਂ ਨੂੰ ਸਰਕਾਰਾਂ ਤੋਂ ਹਾਲੇ ਕੋਈ ਖਤਰਾ ਨਹੀ, ਪਰ ਮੌਕਾ ਮਿਲਣ ਤੇ ਸਾਡੇ ਆਪਣੇ ਭਾਈਚਾਰੇ ਨੇ ਵਾਹਣ ਵਿੱਚ ਵੱਟ ਪਾਉਣ ਲੱਗਿਆਂ ਭੋਰਾ ਵੀ ਘੋਲ ਨਹੀਂ ਕਰਨੀ। ਅਸਲ ਵਿੱਚ ਪੰਜਾਬ ਨੂੰ ਵਿਹਲੜ ਬੁਧੀਜੀਵੀਆਂ ਤੇ ਸ਼ਾਹਕਾਰ ਜੱਟਾਂ ਨੇ ਜ਼ਿਆਦਾ ਖਾਦਾ ਹੈ! 80000 ਕਿੱਲੇ ਦਾ ਠੇਕਾ ਕੋਈ ਰੇਟ ਹੈ..? ਫਿਰ ਵੀ ਤਕੜੇ ਜ਼ਿਮੀਂਦਾਰ ਗਰੀਬ ਕਿਰਸਾਨਾਂ ਤੋਂ ਲੈਦੇ ਨੇ ਤੇ 10000 ਲੰਗਰ ਵਿੱਚ ਪਾ ਕੇ ਦਾਨੀ ਬਣ ਜਾਂਦੇ ਆ, ਜ਼ਮੀਨੀ ਹਾਲਾਤ ਆਹ ਨੇ!
ਸੋ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਚਾਹੀਦਾ ਤੁਸੀ ਪੜ੍ਹੋ ਲਿਖੋ, ਹੱਥਾਂ ਦੇ ਹੁਨਰ ਦਾ ਕੰਮ ਸਿੱਖੋ, ਹੱਥੀਂ ਹੁਨਰ ਵਾਲਾ ਕਦੇ ਭੁਖਾ ਨੀ ਮਰਦਾ, ਜੇ ਦੋ ਤਿੰਨ ਏਕੜ ਜਮੀਨ ਹੈ ਤਾਂ ਦੋ ਮਝਾਂ ਦੋ ਗਾਵਾਂ ਰੱਖੋ, ਉਨ੍ਹਾਂ ਦੀ ਸੇਵਾ ਕਰੋ ਤੇ ਦੁੱਧ ਵੇਚੋ, ਨਸ਼ਿਆਂ ਤੇ ਫਿਜੂਲ ਖਰਚੀ ਤੋ ਦੂਰ ਰਹੋ, ਤੇ ਆਪਣੀ ਜਿੰਦਗੀ ਵਧੀਆ ਜੀਵੋ ਤੇ ਗਰੀਬੀ ਨੂੰ ਘਰੋ ਕੱਢਣ ਦੇ ਸਾਰਥਿਕ ਉਪਰਾਲੇ ਨਿਰੰਤਰ ਜਾਰੀ ਰੱਖੋ। ਕੁਦਰਤ ਵਿੱਚ ਵਿਸ਼ਵਾਸ ਰੱਖੋ, ਸਧਾਰਨ ਜਿੰਦਗੀ ਬਤੀਤ ਕਰੋ, ਇਹ ਵਿਹਲੜ ਲੜਾਕੇ ਤੁਹਾਨੂੰ ਪੁਠੀ ਮੱਤ ਦੇ ਕੇ ਜਜਬਾਤੀ ਕਰੀ ਜਾਂਦੇ ਹਨ ਤੇ ਤੁਸੀ ਆਪਣਾ ਨੁਕਸਾਨ ਕਰਾ ਬੈਠਦੇ ਹੋ, ਪਹਿਲਾਂ ਪੰਜਾਬ ਨੇ ਵਥੇਰਾ ਘਾਣ ਕਰਵਾ ਲਿਆ। ਐਵੇ ਅਸੀ ਪੰਜਾਬੀ ਹਾਂ, ਆਹ ਕਰ ਦਿਆਂ ਗਏ, ਉਹ ਕਰ ਦਿਆਂ ਗਏ, ਇਨ੍ਹਾਂ ਗੱਲਾਂ ਚ ਕੱਖ ਨੀ ਪਿਆ, ਐਵੇ ਭੜਕਾਹਟ ਚ ਆਕੇ ਜਵਾਨੀਆਂ ਨਾ ਗਾਲੋ, ਅਕਲ ਦੇ ਹਥੌੜੇ ਨਾਲ ਦੱਬੋ ਰਾਹੀਂ ਗੱਡੇ ਕਿੱਲਾਂ ਨੂਂ..!
ਸਰਕਾਰਾਂ ਨੂੰ ਵੀ ਸ਼ਰਮ ਚਾਹੀਦੀ ਐ ਕਿ ਜਦੋ ਵਾੜ ਹੀ ਖੇਤ ਨੂੰ ਖਾਵੇ ਬਚਾਵੇ ਕੌਣ?
ਰਾਵਣ ਭਾਵੇਂ ਲੱਖ ਮਾੜਾ ਸੀ ਪਰ ਉਹਨੇ ਰਾਮਸੇਤੂ ਤੇ ਕਿੱਲ ਨਹੀਂ ਸਨ ਠੋਕੇ!
ਕਾਹਦਾ ਲੋਕਤੰਤਰ ️
ਜੇ ਜੰਗਾਂ ਹੀ ਕਰਨੀਆਂ !
ਵੋਟਾਂ ਦੀ ਕੀ ਲੋੜ ?
ਜਿਸ ‘ਚ ਜ਼ੋਰ, ਲੜੋ, ਜਿੱਤੋ ਰਾਜ ਕਰੋ !
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly