(ਸਮਾਜ ਵੀਕਲੀ)- ਮਨ ਦੇ ਮੌਸਮ ਕਿਸੇ ਦੇ ਹੱਥ ਵੱਸ ਨਹੀਂ ਹੁੰਦੇ, ਮੈਂ ਹਮੇਸ਼ਾਂ ਪਿਛਲੇ ਦਸਾਂ ਸਾਲਾਂ ਤੋਂ ਸਵੇਰੇ ਇੱਕ ਪੋਸਟ ਸਿਰਫ਼ ਆਪਣੇ ਸਕੂਨ ਲਈ ਲਿਖਦਾ ਹਾਂ, ਜਿਸ ਵਿਚ ਕਿਸੇ ਦੇ ਖਿਲਾਫ ਕੋਈ ਤੁਕਬੰਦੀ ਨਹੀਂ ਹੁੰਦੀ, ਕੋਈ ਇਨ੍ਹਾਂ ਵਿਚਾਰਾਂ ਨੂੰ ਕਿਵੇਂ ਲੈਂਦਾ ਹੈ ਇਹ ਓਹਦੀ ਆਪਣੀ ਸੋਚ ਹੈ। ਫੇਸਬੁਕ ਤੇ ਲਿਖੀਆਂ ਕਿਸੇ ਦੀਆਂ ਪੋਸਟਾਂ ਪੜ੍ਹਕੇ ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਕਿਸੇ ਦੇ ਚਰਿੱਤਰ ਤੇ ਆਪਣੀ ਅਕਲ ਦਾ ਫੀਤਾ ਸਰਵਜਨਕ ਤੌਰ ਤੇ ਧਰਕੇ ਬੰਦੇ ਦਾ ਕਿਰਦਾਰ ਨਾਪਣ ਲੱਗ ਜਾਈਏ। ਪੋਸਟਾਂ ਬੰਦੇ ਦੇ ਮੂਡ ਨਾਲ ਚੱਲਦੀਆਂ ਨੇ ਤੇ ਜ਼ਿੰਦਗੀ ਬੰਦੇ ਦੇ ਹਾਲਾਤਾਂ ਨਾਲ, ਇਹ ਪਲ ਵਿਚ ਕੀ ਬਣ ਜਾਣ ਕੋਈ ਨਹੀਂ ਜਾਣਦਾ!
ਸਵੇਰੇ ਸਵੇਰੇ ਕੁਦਰਤ, ਜੀਵਨ ਅਤੇ ਮੇਰੇ ਵਿਚਾਰ ਵਿੱਥ ਬਿਲਕੁਲ ਮਿਟ ਜਾਂਦੀ ਹੈ। ਮੈਂ ਖੁਦ ਨੂੰ ਬਹੁਤ ਪ੍ਰਸੰਨ ਚਿੱਤ ਮਹਿਸੂਸ ਕਰਦਾ ਹਾਂ, ਮੈਨੂੰ ਆਲੇ ਦੁਆਲੇ ਸਭ ਕੁਝ ਹੀ ਬਹੁਤ ਸੋਹਣਾ ਸੋਹਣਾ ਲੱਗਦਾ ਹੈ। ਉਝ ਸਾਡੇ ਜੀਵਨ ‘ਤੇ ਚੰਗੇ-ਮਾੜੇ ਦੋਵੇਂ ਪ੍ਰਕਾਰ ਦੇ ਅਨੇਕਾਂ ਪ੍ਰਭਾਵ ਪੈਂਦੇ ਹਨ।
ਚੁਣੌਤੀ ਕੋਈ ਵੀ ਆਵੇ, ਉਸਨੂੰ ਹਮੇਸ਼ਾਂ ਹੀ ‘ਜੀ ਆਇਆਂ ਨੂੰ’ ਆਖਿਆ ਹੈ, ਭੱਜਣ ਦੀ ਨਾ ਕਦੇ ਕੋਸ਼ਿਸ਼ ਕੀਤੀ ਹੈ ਨਾ ਹੀ ਕਰਾਂਗੇ।
ਜੇਕਰ ਸਾਡੇ ਅੰਦਰ ਰੁਹਾਨੀਂ ਆਨੰਦ ਹੋਵੇ ਤਾਂ ਸਾਡਾ ਚਿਹਰਾ ਕੁਦਰਤੀ ਤੌਰ ਤੇ ਹੀ ਖਿੜਿਆ ਰਹਿੰਦਾ ਹੈ। ਜੇ ਅੰਦਰ ਦੂਜਿਆਂ ਪ੍ਰਤੀ ਨਫ਼ਰਤ ਤੇ ਈਰਖਾ ਦੀ ਅੱਗ ਬਲਦੀ ਹੋਵੇ ਤਾਂ ਸਾਡਾ ਬਾਹਰੋਂ ਖੁਸ਼ ਹੋਣਾ ਖੁਦ ਨੂੰ ਵੀ ਪ੍ਰਭਾਵਿਤ ਨਹੀਂ ਕਰਦਾ।
ਜੀਵਨ ਹੈ ਤਾਂ ਉਤਰਾਅ ਚੜ੍ਹਾਅ ਵੀ ਜਰੂਰ ਆਉਣਗੇ, ਅਸੀਂ ਡਿੱਗ ਵੀ ਜਾਂਦੇ ਹਾਂ, ਲੋਕ ਡੇਗ ਵੀ ਜਾਂਦੇ ਆ ਪਰ ਸਾਨੂੰ ਵਿਸ਼ਵਾਸ ਉੱਠਣ ਵਿਚ ਰੱਖਣਾ ਪਵੇਗਾ, ਸੌ ਵਾਰੀ ਡਿੱਗਣ ਵਾਲੇ ਇੱਕ ਸੌ ਇੱਕ ਵਾਰੀ ਉਠਣ ਕਰਕੇ ਆਪਣੇ ਆਪ ਨੂੰ ਮਹਾਨ ਕਹਾ ਕੇ ਗਏ ਨੇ ਸੰਸਾਰ ਤੋਂ, ਉੱਠਣ ਵਾਲੇ ਜਾਣਦੇ ਹਨ ਕਿ ਫਿਸਲ ਤਾਂ ਹਾਥੀ ਵੀ ਜਾਂਦੇ ਨੇ, ਪਛੜ ਜਾਣਾ ਕੋਈ ਹਾਰ ਨਹੀਂ ਹੁੰਦੀ, ਏਥੇ ਹੀ ਤਾਂ ਕੁਦਰਤ ਵੱਲੋਂ ਓਹ ਕਲਾ ਵਰਤਦੀ ਹੈ ਜੋ ਮੇਰੇ ਵਰਗੇ ਕੱਛੂਕੁੰਮੇ ਦੇ ਦਿਮਾਗ਼ ਅੰਦਰ ਜਿੱਤ ਦੇ ਜਸ਼ਨ ਮਨਾਉਣ ਦਾ ਪ੍ਰੇਰਨਾਦਾਇਕ ਮਹੌਲ ਸਿਰਜਦੀ ਹੈ। ਮੰਜ਼ਿਲ ਪਾਉਣ ਲਈ ਹਿੰਮਤ, ਹੌਂਸਲੇ ਅਤੇ ਸਾਹਸ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਜੜ੍ਹਾਂ ਵੱਢਣ ਵਾਲਿਆਂ ਪੱਲੇ ਦਾਤੀਆਂ ਰਹਿ ਜਾਂਦੀਆਂ ਨੇ, ਓਹ ਖੜ੍ਹੇ ਵਹਿੰਦੇ ਰਹਿ ਜਾਂਦੇ ਹਨ ਜਦੋਂ ਕੁਦਰਤ ਦੇ ਲਾਡਲੇ ਸੌਗਾਤਾਂ ਨਾਲ ਮਾਲੋਮਾਲ ਹੋ ਜਾਂਦੇ ਨੇ…
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly