(ਸਮਾਜ ਵੀਕਲੀ) ਭਾਰਤ ਵਿੱਚ ਸੋਨਾ ਸਿਰਫ਼ ਇੱਕ ਕੀਮਤੀ ਧਾਤੂ ਨਹੀਂ, ਸਗੋਂ ਇਹ ਸੱਭਿਆਚਾਰਕ, ਧਾਰਮਿਕ ਅਤੇ ਆਰਥਿਕ ਪੱਖੋਂ ਵੀ ਬਹੁਤ ਮਹੱਤਵਪੂਰਨ ਹੈ। ਇਹ ਭਾਰਤੀ ਅਰਥਵਿਵਸਥਾ ਦਾ ਇੱਕ ਅਹਿਮ ਹਿੱਸਾ ਹੈ ਅਤੇ ਸਮਾਜਿਕ ਮਾਣ-ਮਰਯਾਦਾ, ਨਿਵੇਸ਼ ਅਤੇ ਸੁਰੱਖਿਆ ਦਾ ਇੱਕ ਪ੍ਰਮੁੱਖ ਸਾਧਨ ਵੀ ਹੈ। ਭਾਰਤੀ ਸਮਾਜ ਵਿੱਚ ਵਿਆਹ-ਸ਼ਾਦੀ, ਤਿਉਹਾਰਾਂ ਅਤੇ ਧਾਰਮਿਕ ਕਰਮਕਾਂਡਾਂ ਵਿੱਚ ਸੋਨੇ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਪਿਛਲੇ ਕੁਝ ਸਾਲਾਂ ਵਿੱਚ, ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੂ ਹੋਈ ਹੈ, ਜਿਸਦਾ ਪ੍ਰਭਾਵ ਦੇਸ਼ ਦੀ ਆਰਥਿਕ ਅਤੇ ਸਮਾਜਿਕ ਤਸਵੀਰ ‘ਤੇ ਡੂੰਘਾ ਪਿਆ ਹੈ। ਅੱਜ ਸੋਨੇ ਦੀਆਂ ਕੀਮਤਾਂ ਵਿੱਚ ਵਾਧੂ ਦਾ ਸਭ ਤੋਂ ਵੱਡਾ ਅਸਰ ਆਮ ਆਦਮੀ ‘ਤੇ ਪੈ ਰਿਹਾ ਹੈ। ਭਾਰਤ ਵਿੱਚ ਸੋਨਾ ਸਿਰਫ਼ ਨਿਵੇਸ਼ ਦਾ ਮਾਧਿਅਮ ਨਹੀਂ, ਸਗੋਂ ਇਹ ਸਮਾਜਿਕ ਅਤੇ ਪਰਿਵਾਰਕ ਵਿਰਾਸਤ ਦਾ ਵੀ ਹਿੱਸਾ ਹੈ। ਜਦੋਂ ਸੋਨੇ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਮੱਧਮ ਅਤੇ ਨੀਵੇਂ ਵਰਗ ਦੇ ਪਰਿਵਾਰਾਂ ਲਈ ਇਸਨੂੰ ਖਰੀਦਣਾ ਔਖਾ ਹੋ ਜਾਂਦਾ ਹੈ। ਖਾਸ ਤੌਰ ‘ਤੇ ਪਿੰਡਾਂ ਵਿੱਚ, ਜਿੱਥੇ ਲੋਕ ਆਪਣੀ ਬਚਤ ਨੂੰ ਸੋਨੇ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ, ਉੱਥੇ ਇਸ ਦੀ ਕੀਮਤ ਵੱਧਣ ਨਾਲ ਆਰਥਿਕ ਅਸਮਤੁਲਤਾ ਪੈਦਾ ਹੋ ਸਕਦੀ ਹੈ। ਸੋਨੇ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਗਹਿਣੇ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰਕੇ ਛੋਟੇ ਕਾਰੋਬਾਰੀਆਂ ਅਤੇ ਕਰਿਗਰਾਂ ਦੀ ਰੋਜ਼ੀ-ਰੋਟੀ ‘ਤੇ ਅਸਰ ਪੈ ਰਿਹਾ ਹੈ। ਜੇ ਆਮ ਲੋਕ ਸੋਨਾ ਖਰੀਦਣ ਵਿੱਚ ਅਸਮਰਥ ਹੋ ਜਾਂਦੇ ਹਨ, ਤਾਂ ਜਵੇਲਰੀ ਬਾਜ਼ਾਰ ਵਿੱਚ ਮੰਦੀ ਆਵੇਗੀ, ਜਿਸ ਕਰਕੇ ਇਸ ਖੇਤਰ ਵਿੱਚ ਨੌਕਰੀਆਂ ਦੀ ਗਿਣਤੀ ਵੀ ਘਟ ਸਕਦੀ ਹੈ। ਇਸਦੇ ਇਲਾਵਾ, ਨਕਲੀ ਸੋਨੇ ਦੀ ਖਰੀਦ-ਫ਼ਰੋਕਤ ਵਿੱਚ ਵੀ ਵਾਧੂ ਹੋ ਸਕਦੀ ਹੈ, ਜਿਸ ਕਰਕੇ ਉਪਭੋਗਤਾਵਾਂ ਨੂੰ ਧੋਖਾਧੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋਨੇ ਦੀਆਂ ਕੀਮਤਾਂ ਵਧਣ ਨਾਲ ਬਾਜ਼ਾਰ ‘ਤੇ ਵੀ ਵਿਅਪਕ ਪ੍ਰਭਾਵ ਪੈਂਦਾ ਹੈ। ਜਦੋਂ ਸੋਨੇ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਉਪਭੋਗਤਾਵਾਂ ਦੀ ਖਰੀਦਣ ਦੀ ਸਮਰਥਾ ਘੱਟ ਜਾਂਦੀ ਹੈ, ਜਿਸ ਕਾਰਣ ਸ਼ੇਅਰ ਬਾਜ਼ਾਰ ‘ਤੇ ਵੀ ਅਸਥਿਰਤਾ ਆਉਂਦੀ ਹੈ। ਨਿਵੇਸ਼ਕ ਸੋਨੇ ਨੂੰ ਇੱਕ ਸੁਰੱਖਿਅਤ ਵਿਕਲਪ ਮੰਨਦੇ ਹਨ ਅਤੇ ਸ਼ੇਅਰ ਬਾਜ਼ਾਰ ਵਿੱਚੋਂ ਪੈਸਾ ਕੱਢ ਲੈਂਦੇ ਹਨ, ਜਿਸ ਨਾਲ ਬਾਜ਼ਾਰ ਵਿੱਚ ਉਲਟ-ਫੇਰ ਦੇਖਣ ਨੂੰ ਮਿਲਦਾ ਹੈ। ਸੋਨੇ ਦੀਆਂ ਵਧਦੀਆਂ ਕੀਮਤਾਂ ਕਾਰਣ ਬੈਂਕਾਂ ਅਤੇ ਆਰਥਿਕ ਸੰਸਥਾਵਾਂ ਨੂੰ ਵੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਤੌਰ ‘ਤੇ, ਜਦੋਂ ਸੋਨੇ ‘ਤੇ ਲੋਨ ਦੀ ਮੰਗ ਵਧਦੀ ਹੈ, ਤਾਂ ਵਿੱਤੀ ਸੰਸਥਾਵਾਂ ‘ਤੇ ਵੀ ਦਬਾਅ ਪੈਂਦਾ ਹੈ। ਇਸਦੇ ਇਲਾਵਾ, ਔਰਤਾਂ ਲਈ ਵੀ ਸੋਨਾ ਇੱਕ ਮਹੱਤਵਪੂਰਨ ਆਰਥਿਕ ਸੁਰੱਖਿਆ ਦਾ ਸਾਧਨ ਹੁੰਦਾ ਹੈ। ਜਦੋਂ ਇਸ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਇਹ ਸੁਰੱਖਿਆ ਕਮਜ਼ੋਰ ਹੋ ਸਕਦੀ ਹੈ, ਕਿਉਂਕਿ ਲੋਕ ਇਸਨੂੰ ਖਰੀਦਣ ਤੋਂ ਕਤਰਾਉਂਦੇ ਹਨ। ਇਸ ਕਰਕੇ, ਸੋਨੇ ਦੀਆਂ ਵਧਦੀਆਂ ਕੀਮਤਾਂ ਆਮ ਆਦਮੀ ਦੀ ਖਰੀਦਣ ਦੀ ਸਮਰਥਾ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਜੇ ਲੋਕਾਂ ਨੂੰ ਆਪਣੇ ਬਜਟ ਵਿੱਚ ਵਾਧੂ ਖ਼ਰਚ ਕਰਕੇ ਸੋਨਾ ਖਰੀਦਣਾ ਪਏ, ਤਾਂ ਉਹਨਾਂ ਦੀ ਬਚਤ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ, ਜਿਸ ਕਰਕੇ ਹੋਰ ਜ਼ਰੂਰੀ ਖ਼ਰਚਿਆਂ ਵਿੱਚ ਵੀ ਕਟੌਤੀ ਕਰਨੀ ਪੈ ਸਕਦੀ ਹੈ। ਇਹ ਹਾਲਤ ਖ਼ਾਸ ਕਰਕੇ ਮੱਧਮ ਵਰਗ ਲਈ ਚੁਣੌਤੀਪੂਰਨ ਹੋ ਸਕਦੀ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵਾਧੂ ਦੇ ਬਹੁਤੇ ਕਾਰਨ ਹੁੰਦੇ ਹਨ, ਜਿਵੇਂ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅਸਥਿਰਤਾ, ਵਿਸ਼ਵ ਆਰਥਿਕ ਮੰਦੀ, ਮੁਦਰਾ ਦੀ ਐਕਸਚੇਂਜ ਦਰ ਵਿੱਚ ਬਦਲਾਅ, ਮਹਿੰਗਾਈ, ਵਿਆਜ ਦਰਾਂ ਵਿੱਚ ਉਤਾਰ-ਚੜ੍ਹਾਵ ਅਤੇ ਸਰਕਾਰੀ ਨੀਤੀਆਂ। ਜਦੋਂ ਵਿਸ਼ਵ ਬਾਜ਼ਾਰ ਵਿੱਚ ਆਰਥਿਕ ਸੰਕਟ ਆਉਂਦਾ ਹੈ, ਤਾਂ ਨਿਵੇਸ਼ਕ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਸੋਨੇ ਵਿੱਚ ਨਿਵੇਸ਼ ਕਰਦੇ ਹਨ, ਜਿਸ ਕਰਕੇ ਇਸ ਦੀ ਮੰਗ ਅਤੇ ਕੀਮਤ ਵਧ ਜਾਂਦੀ ਹੈ। ਅੰਤਰਰਾਸ਼ਟਰੀ ਵਪਾਰ ਅਤੇ ਭੂ-ਆਰਥਿਕ ਤਣਾਅ ਵੀ ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦੇ ਹਨ। ਯੁੱਧ, ਵਪਾਰਕ ਵਿਵਾਦ ਅਤੇ ਵਿਸ਼ਵ ਆਰਥਿਕ ਮੰਦੀ ਦੇ ਸਮੇਂ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ ਆ ਜਾਂਦੀ ਹੈ। ਭਾਰਤ ਵਿੱਚ ਜਦੋਂ ਰੁਪਏ ਦੀ ਕੀਮਤ ਘੱਟ ਹੁੰਦੀ ਹੈ, ਤਾਂ ਸੋਨੇ ਦੀ ਆਯਾਤ ਲਾਗਤ ਵੱਧ ਜਾਂਦੀ ਹੈ, ਜਿਸ ਕਰਕੇ ਇਸ ਦੀ ਕੀਮਤ ਘਰੇਲੂ ਬਾਜ਼ਾਰ ਵਿੱਚ ਵੀ ਵੱਧ ਜਾਂਦੀ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵਾਧੂ ਦਾ ਭਾਰਤੀ ਆਰਥਿਕਤਾ ‘ਤੇ ਮਿਲ਼ਾ-ਜੁਲਾ ਪ੍ਰਭਾਵ ਪੈਂਦਾ ਹੈ। ਇਕ ਪਾਸੇ, ਇਹ ਨਿਵੇਸ਼ਕਾਂ ਅਤੇ ਨਿਰਯਾਤਕਾਂ ਲਈ ਲਾਭਕਾਰੀ ਹੋ ਸਕਦਾ ਹੈ, ਜਦਕਿ ਦੂਜੇ ਪਾਸੇ, ਇਹ ਆਯਾਤਕਾਂ ਅਤੇ ਉਪਭੋਗਤਾਵਾਂ ਲਈ ਚੁਣੌਤੀਆਂ ਪੈਦਾ ਕਰਦਾ ਹੈ। ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਸੋਨੇ ਦਾ ਉਪਭੋਗਤਾ ਦੇਸ਼ ਹੈ ਅਤੇ ਇੱਥੇ ਜ਼ਿਆਦਾਤਰ ਸੋਨੇ ਦੀ ਲੋੜ ਆਯਾਤ ਰਾਹੀਂ ਪੂਰੀ ਕੀਤੀ ਜਾਂਦੀ ਹੈ। ਜਦੋਂ ਸੋਨੇ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਆਯਾਤ ਬਿੱਲ ਵੀ ਵਧਦਾ ਹੈ, ਜਿਸ ਕਰਕੇ ਵਪਾਰ ਘਾਟ ਵੱਧ ਸਕਦਾ ਹੈ। ਸੋਨੇ ਦੀਆਂ ਕੀਮਤਾਂ ਵਿੱਚ ਅਸਥਿਰਤਾ ਨੂੰ ਨਿਯੰਤਰਤ ਕਰਨ ਲਈ ਸਰਕਾਰ ਨੂੰ ਢੁਕਵੀਆਂ ਨੀਤੀਆਂ ਅਪਣਾਉਣ ਦੀ ਲੋੜ ਹੈ। ਸੋਨੇ ਦੀ ਆਯਾਤ ਨੂੰ ਸੰਤੁਲਿਤ ਕਰਨ ਲਈ ਸਰਕਾਰ ਨੂੰ ਦੇਸੀ ਉਤਪਾਦਨ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ। ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧੂ ਦਾ ਪ੍ਰਭਾਵ ਬਹੁਪੱਖੀ ਹੈ। ਇਹ ਨਿਵੇਸ਼ਕਾਂ ਅਤੇ ਨਿਰਯਾਤਕਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ, ਪਰ ਆਮ ਜਨਤਾ, ਆਯਾਤਕਾਂ ਅਤੇ ਸਰਕਾਰ ਲਈ ਚੁਣੌਤੀਆਂ ਪੈਦਾ ਕਰ ਸਕਦਾ ਹੈ। ਇਸ ਲਈ, ਸਰਕਾਰ ਨੂੰ ਸੰਤੁਲਿਤ ਆਰਥਿਕ ਨੀਤੀਆਂ ਅਪਣਾਕੇ ਸੋਨੇ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਯਤਨ ਕਰਨਾ ਚਾਹੀਦਾ ਹੈ।
ਮੁਨੀਸ਼ ਭਾਟੀਆ
(MUNISH BHATIA)
5376, ਐਰੋਸਿਟੀ, ਮੋਹਾਲੀ(MOHALI)
7027120349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



