ਗੋਇੰਦਵਾਲ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਮੌਕੇ 3 ਦਿਨ ਚੱਲਣਗੇ ਲੰਗਰ- ਸੰਤ ਹਰਜੀਤ ਸਿੰਘ

 ਕਪੂਰਥਲਾ ,(ਸਮਾਜ ਵੀਕਲੀ)  ( ਕੌੜਾ )– ਇਸ ਸਾਲ ਵਿਸ਼ਵ ਭਰ ਵਿਚ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਦੀ 450 ਸਾਲਾ ਸ਼ਤਾਬਦੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸਿੱਖੀ ਦਾ ਧੁਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ 16,17,18 ਸਤੰਬਰ ਨੂੰ ਬੜੀ ਸ਼ਰਧਾ ਭਾਵਨਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਸੰਬੰਧ ਵਿਚ ਇਤਿਹਾਸਿਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਸੰਤ ਹਰਜੀਤ ਸਿੰਘ ਵਲੋਂ ਸ਼ਤਾਬਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮੁੱਚਾ ਇਲਾਕਾ ਸੁਲਤਾਨਪੁਰ ਲੋਧੀ ਦੇ ਸਮੂਹ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਉਣ-ਜਾਣ ਵਾਲੀਆਂ ਸੰਗਤਾਂ ਲਈ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ, ਜੋ 16 ਤੋਂ 18 ਸਤੰਬਰ ਤੱਕ ਮੁੰਡੀ ਮੋੜ ਟੀ. ਪੁਆਇੰਟ ਨੇੜੇ ਪੈਟਰੋਲ ਪੰਪ ਸੁਲਤਾਨਪੁਰ ਲੋਧੀ ਤੋਂ ਗੋਇੰਦਵਾਲ ਸਾਹਿਬ ਰੋਡ ਵਿਖੇ 24 ਘੰਟੇ ਜਾਰੀ ਰਹਿਣਗੇ, ਜਿਸ ਦੀਆਂ ਤਿਆਰੀਆਂ ਸਮੁੱਚੇ ਰੂਪ ਵਿੱਚ ਮੁਕੰਮਲ ਹੋ ਚੁੱਕੀਆਂ ਹਨ ਅਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਵਿੱਚ ਲੰਗਰਾਂ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਸ਼ਰਧਾ ਪਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਅਤੇ ਗੁਰੂ ਨਾਨਕ ਸੇਵਕ ਜਥਾ ਬਾਹਰਾ ਦੇ ਸੇਵਾਦਾਰਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ। ਬਾਬਾ ਹਰਜੀਤ ਸਿੰਘ ਠੱਟਾ ਵਾਲਿਆਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਿਲ ਹੋ ਕੇ ਸ਼ਤਾਬਦੀ ਸਮਾਗਮਾਂ ਦੀਆਂ ਰੌਣਕਾਂ ਨੂੰ ਵਧਾਓ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਉਹਨਾਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਤਿੰਨ ਦਿਨ ਚੱਲਣ ਵਾਲੇ ਨਿਰੰਤਰ ਲੰਗਰਾਂ ਵਿੱਚ ਵੱਧ ਤੋਂ ਵੱਧ ਸੇਵਾ ਕਰਨ ਦੀ ਅਪੀਲ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿਆਰ ਵਿੱਚ ਵਾਧਾ ਕਰਦਾ ਹੈ, ਇੱਕਠਿਆਂ ਭੋਜਨ ਕਰਨਾ
Next articleਜਮਹੂਰੀਅਤ ਬਹਾਲ ਮੁਜ਼ਾਹਰੇ ਦੇ ਸਮੇਂ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ, ਪ੍ਰੋ ਮਹਿੰਦਰਪਾਲ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਸੰਧਰਾ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਕੀਤੀ ਸਰਾਹਣਾ, ਉਨ੍ਹਾਂ ਕਿਹਾ ਇਹੋ ਜਿਹੀਆਂ ਕਿਤਾਬਾਂ ਸਮੇਂ ਦੀ ਮੰਗ ਹਨ ਜੋ ਸਿੱਖਾਂ ਦੀ ਨਸਲਕੁਸ਼ੀ ਦੀ ਹਕੀਕਤ ਬਿਆਣ ਕਰਦੀਆਂ ਹਨ