ਰੱਬ ਜਵਾਕ ਦੇ ਦਿੰਦਾ

ਸ਼ਿਵਾਲੀ
ਪਹਿਲੇ ਬੇਟੇ ਦੇ ਜਨਮ ਤੋਂ 9 ਸਾਲ ਬਾਦ ਬੜੀ ਮੁਸ਼ਕਿਲ  ਨਾਲ ਸੁੱਖਾਂ ਸੁੱਖ ਸੁੱਖ ਮੈਂ ਦੂਜੀ ਵਾਰ ਗਰਭਵਤੀ ਹੋਈ। ਮੇਰੀ ਅਤੇ ਮੇਰੇ ਪਤੀ ਦੀ ਇੱਛਾ ਸੀ ਕਿ ਸਾਡੇ ਘਰ ਕੁੜੀ ਹੋਵੇ ਕਿਉਂਕਿ ਸਾਡਾ ਮੰਨਣਾ ਹੈ ਕਿ ਘਰ ਨੂੰ ਘਰ ਬਣਾਉਣ ਵਿੱਚ ਮਾਂ ਦੇ ਨਾਲ ਨਾਲ ਧੀ ਦਾ ਵੀ ਵੱਡਾ ਰੋਲ ਹੁੰਦਾ ਹੈ। ਖ਼ਾਸ ਕਰ ਕੁੜੀਆਂ ਦੇ ਨਾਲ ਘਰ ਵਿੱਚ ਰੌਣਕ ਹੁੰਦੀ ਹੈ ਤੇ ਤਿੱਥਾਂ ਤਿਉਹਾਰਾਂ ਦੇ ਸਮੇਂ ਤਾਂ ਕੁੜੀਆਂ ਹੀ ਰੰਗ ਬੰਨ੍ਹਦੀਆਂ ਨੇ ਤੇ ਸਭ ਤੋਂ ਅਹਿਮ ਗੱਲ ਧੀਆਂ ਮਾਪਿਆਂ ਦੇ ਦੁੱਖ ਦਰਦ ਵੰਡਾਉਂਦੀਆਂ ਨੇ । ਸੋ ਸਾਨੂੰ ਕੁੜੀ ਦੀ ਹੀ ਇੱਛਾ ਸੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਬੀਤੀ 4 ਜੂਨ ਨੂੰ ਸਾਡੇ ਘਰ ਪਿਆਰੀ ਜਿਹੀ ਕੁੜੀ ਨੇ ਜਨਮ ਲਿਆ। ਅਸੀਂ ਦੋਵੇਂ ਬਹੁਤ ਖੁਸ਼ ਹੋਏ ਤੇ ਮੇਰਾ ਵੱਡਾ ਬੇਟਾ ਵੀ ਇਹੀ ਚਾਹੁੰਦਾ ਸੀ ਕਿ ਓਹਦੀ ਭੈਣ ਹੋਵੇ ਸੋ ਓਹਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਕੁਝ ਲੋਕਾਂ ਦੇ ਮੂੰਹੋਂ ਸੁਣਿਆ ਕਿ “ਜੇ ਰੱਬ ਜਵਾਕ ਦੇ ਦਿੰਦਾ ਤਾਂ ਰੱਬ ਦਾ ਕੀ ਜਾਂਦਾ ਸੀ, ਵਿਚਾਰੀ ਦਾ ਪਰੇਸ਼ਨ ਵੀ ਹੋਇਆ …..” ਮੈਨੂੰ ਸਮਝ ਨਹੀਂ ਆਈ ਕਿ ਇਹਨਾਂ ਨੂੰ ਕਾਹਦਾ ਦੁੱਖ ਹੈ ਮੇਰੀ ਕੁੜੀ ਦਾ, ਤੇ ਸਭ ਤੋਂ ਅਹਿਮ ਗੱਲ ਕੀ ਕੁੜੀ ਜਵਾਕ ਨਹੀਂ ? ਓਹ ਕੋਈ ਕੀਟ ਪਤੰਗਾ ਹੈ ? ਓਹਨੂੰ ਜਵਾਕ ਹੀ ਨੀ ਸਮਝਦੇ। ਹੱਦ ਹੈ ਸਾਡੇ ਸਮਾਜ ਦੇ ਸਿਆਣੇ ਲੋਕਾਂ ਦੀ। ਜੀਹਦੇ ਪਹਿਲਾਂ ਕੁੜੀ ਹੋਵੇ ਤੇ ਦੂਜੀ ਵਾਰ ਫੇਰ ਕੁੜੀ ਹੋਵੇ ਫ਼ੇਰ ਤਾਂ ਅਫ਼ਸੋਸ ਕਰਦੇ ਹੀ ਨੇ ਪਰ ਮੇਰੇ ਕੋਲ ਤਾਂ ਪਹਿਲਾਂ ਵੀ ਬੇਟਾ ਹੈ ਫ਼ੇਰ ਮੈਨੂੰ ਕੁੜੀ ਕਿਓਂ ਨਾ ਹੋਵੇ। ਤੇ ਕੁੜੀਆਂ ਕੀ ਕਿਸੇ ਤੋਂ ਮੰਗ ਕੇ ਖਾਂਦੀਆਂ ਨੇ ਹਰ ਕੋਈ ਆਪਣੇ ਕਰਮ ਲਿਖਾ ਕੇ ਲਿਆਉਂਦਾ,ਕੋਈ ਕਿਸੇ ਨੂੰ ਨਹੀਂ ਪਾਲਦਾ।
ਅਸੀਂ ਦੇਖ ਹੀ ਰਹੇ ਹਾਂ ਕਿਸ ਤਰ੍ਹਾਂ ਅੱਜ ਦੇ ਦੌਰ ਚ ਮੁੰਡਿਆਂ ਦੇ ਵਿਆਹ ਲਈ ਕੁੜੀਆਂ ਨਹੀਂ ਮਿਲਦੀਆਂ । ਜੇਕਰ ਇਸੇ ਤਰ੍ਹਾਂ ਦੀ ਸੋਚ ਰਹੀ ਤਾਂ ਅੱਗੇ ਜਾਕੇ ਬਿਲਕੁੱਲ ਹੀ ਰਿਸ਼ਤੇ ਜੁੜਨੇ ਔਖੇ ਹੋ ਜਾਣਗੇ । ਕੁਦਰਤ ਦੇ ਖ਼ਿਲਾਫ਼ ਜਾਣ ਨਾਲ ਹਮੇਸ਼ਾ ਬਰਬਾਦੀ ਹੀ ਹੋਈ ਹੈ।ਇਹ ਗੱਲ ਲੋਕਾਂ ਨੂੰ ਸਮਝਣੀ ਪਵੇਗੀ ਕਿ ਸਮਾਜ ਨੂੰ ਦੋਹਾਂ ਦੀ ਹੀ ਦਰਕਾਰ ਹੈ ਮੁੰਡੇ ਵੀ ਤੇ ਕੁੜੀਆਂ ਵੀ ਦੋਹੇ ਇਕ ਦੂਜੇ ਦੇ ਪੂਰਕ ਨੇ । ਦੋਹਾਂ ਵਿਚੋਂ ਕਿਸੇ ਵੀ ਇਕ ਦੀ ਗਿਣਤੀ ਘਟ ਗਈ ਤਾਂ ਸੰਤੁਲਨ ਵਿਗੜ ਜਾਏਗਾ।
ਸੋ ਕੁੜੀ ਜੰਮੀ ਤੇ ਅਫ਼ਸੋਸ ਕਰਨ ਦੀ ਥਾਂ ਓਸ ਦਾ ਵੀ ਮੁੰਡੇ ਵਾਂਗ ਸਵਾਗਤ ਕਰੋ। ਦੋਹਾਂ ਨੂੰ ਬਰਾਬਰ ਦੇ ਅਧਿਕਾਰ ਦਿਓ ਬਰਾਬਰ ਦਾ ਹੀ ਪਿਆਰ ਦਿਓ।
ਸ਼ਿਵਾਲੀ
ਗਣਿਤ ਅਧਿਆਪਕਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਬਾਣ
Next articleਗ਼ਜ਼ਲ