ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਮੁਸਲਿਮ ਜਮਾਤ ਅਹਿਮਦੀਆ ਭਾਰਤ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਦਿਲ ਦੀਆਂ ਗਹਿਰਾਈਆਂ ਨਾਲ ਮੁਬਾਰਕਬਾਦ ਪੇਸ਼ ਕਰਦੀ ਹੈ 26 ਜਨਵਰੀ ਉਹ ਇਤਿਹਾਸਕ ਦਿਨ ਹੈ ਜੋ ਹਿੰਦੁਸਤਾਨ ਦੀ ਤਰੱਕੀ ਵਿਚ ਇਕ ਅਹਿਮ ਸੰਗੇ ਮੀਲ ਦੀ ਹੈਸੀਅਤ ਰੱਖਦਾ ਹੈ ।ਅੱਜ ਤੋਂ 76 ਸਾਲ ਪਹਿਲਾਂ ਹਿੰਦੁਸਤਾਨ ਦੀ ਆਜ਼ਾਦੀ ਦੇ ਢਾਈ ਸਾਲ ਬਾਅਦ 1950 ਵਿਚ ਹਿੰਦੋਸਤਾਨ ਵਿਚ ਜਮਹੂਰੀ ਨਿਜ਼ਾਮ ਹਕੂਮਤ ਦੇ ਰਾਜ ਦੀ ਘੋਸ਼ਣਾ ਕੀਤੀ ਗਈ । ਹਿੰਦੁਸਤਾਨ ਨੂੰ ਇਹ ਮਾਣ ਹਾਸਿਲ ਹੈ ਕਿ ਇਹ ਆਬਾਦੀ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਮੁਲਕ ਹੈ। ਜਿੱਥੇ ਹਰ ਧਰਮ ਮਿੱਲਤ ਰੰਗ ਨਸਲ ਅਤੇ ਵੱਖ ਵੱਖ ਸਕਾਫ਼ਤ ਅਤੇ ਵੱਖ ਵੱਖ ਜ਼ੁਬਾਨਾਂ ਦੇ ਲੋਕ ਵੱਸਦੇ ਹਨ । ਇਮਾਮ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਪੰਜਵੇਂ ਖ਼ਲੀਫ਼ਾ ਨੇ 2012 ਵਿਚ ਜਰਮਨੀ ਵਿਖੇ ਆਪਣੇ ਇਕ ਸੰਬੋਧਨ ਵਿਚ ਫੁਰਮਾਇਆ ਕਿ “ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹਵਸਲਮ ਨੇ ਇਹ ਸਿੱਖਿਆ ਦਿੱਤੀ ਹੈ ਕਿ ਵਤਨ ਨਾਲ ਮੁਹੱਬਤ ਈਮਾਨ ਦਾ ਹਿੱਸਾ ਹੈ । ਇਸ ਲਈ ਇਸਲਾਮ ਆਪਣੇ ਹਰ ਪੈਰੋਕਾਰ ਤੋਂ ਸੱਚੇ ਦਿਲ ਨਾਲ ਹੁੱਬਲਵਤਨੀ ਦਾ ਤਕਾਜ਼ਾ ਕਰਦਾ ਹੈ। ਖ਼ੁਦਾ ਅਤੇ ਇਸਲਾਮ ਨਾਲ ਸੱਚੀ ਮੁਹੱਬਤ ਕਰਨ ਦੇ ਲਈ ਕਿਸੇ ਵੀ ਵਿਅਕਤੀ ਦੇ ਲਈ ਜ਼ਰੂਰੀ ਹੈ ਕਿ ਉਹ ਆਪਣੇ ਵਤਨ ਨਾਲ ਮੁਹੱਬਤ ਕਰੇ। ਇਸ ਲਈ ਇਹ ਬਿਲਕੁੱਲ ਸਾਫ ਹੈ ਕਿ ਕਿਸੇ ਵੀ ਵਿਅਕਤੀ ਦੀ ਖ਼ੁਦਾ ਨਾਲ ਮੁਹੱਬਤ ਅਤੇ ਵਤਨ ਨਾਲ ਮੁਹੱਬਤ ਦੇ ਦਰਮਿਆਨ ਕੋਈ ਟਕਰਾਅ ਨਹੀਂ ਹੋ ਸਕਦਾ ।ਕਿਉਂਕਿ ਵਤਨ ਨਾਲ ਮੁਹੱਬਤ ਨੂੰ ਇਸਲਾਮ ਦਾ ਇੱਕ ਰੁਕਨ ਬਣਾ ਦਿੱਤਾ ਗਿਆ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਇੱਕ ਮੁਸਲਮਾਨ ਨੂੰ ਆਪਣੇ ਵਤਨ ਨਾਲ ਵਫ਼ਾਦਾਰੀ ਦੇ ਆਲਾ ਮਿਆਰ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਇਹ ਖ਼ੁਦਾ ਨਾਲ ਮਿਲਣ ਅਤੇ ਉਸ ਦੀ ਨੇੜਤਾ ਪ੍ਰਾਪਤ ਕਰਨ ਦਾ ਇਕ ਜ਼ਰੀਆ ਹੈ। ਇਸ ਲਈ ਇਹ ਨਾਮੁਮਕਿਨ ਹੈ ਕਿ ਇੱਕ ਸੱਚਾ ਮੁਸਲਮਾਨ ਖ਼ੁਦਾ ਨਾਲ ਮੁਹੱਬਤ ਉਸ ਦੀ ਵਤਨ ਨਾਲ ਸੱਚੀ ਮੁਹੱਬਤ ਅਤੇ ਵਫ਼ਾਦਾਰੀ ਦੀ ਰਾਹ ਵਿੱਚ ਰੁਕਾਵਟ ਦਾ ਕਾਰਨ ਬਣੇ ।“ਆਪਣੇ ਰੂਹਾਨੀ ਇਮਾਮ ਦੀ ਇਨ੍ਹਾਂ ਸਿੱਖਿਆਵਾਂ ਤੇ ਅਮਲ ਕਰਦੇ ਹੋਏ ਭਾਰਤ ਦਾ ਹਰ ਅਹਿਮਦੀ ਬਸ਼ਿੰਦਾ ਆਪਣੇ ਵਤਨੇ ਅਜ਼ੀਜ਼ ਹਿੰਦੁਸਤਾਨ ਅਤੇ ਸਾਰੇ ਅਹਿਲੇ ਵਤਨ ਭਰਾਵਾਂ ਨਾਲ ਬੇਪਨਾਹ ਮੁਹੱਬਤ ਕਰਦਾ ਹੈ। ਕਾਨੂੰਨ ਦੀ ਮੁਕੰਮਲ ਪਾਸਦਾਰੀ ਕਰਦਿਆਂ ਆਪਣੇ ਦੇਸ਼ ਦੀ ਤਰੱਕੀ ਅਤੇ ਭਲਾਈ ਦੇ ਲਈ ਹਰ ਸਮੇਂ ਹਰ ਤਰ੍ਹਾਂ ਸੇਵਾ ਕਰਨ ਲਈ ਤਿਆਰ ਰਹਿੰਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj