ਆਲਮੀ ਪੱਧਰ ’ਤੇ ਭਾਰਤ ਜ਼ਿੰਮੇਵਾਰ ਵਿਕਾਸਸ਼ੀਲ ਭਾਈਵਾਲ ਵਜੋਂ ਜਾਣਿਆ ਜਾਂਦਾ ਹੈ: ਮੁਰਮੂ

President Droupadi Murmu

ਬੈੱਲਗਰੇਡ (ਸਮਾਜ ਵੀਕਲੀ) : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਭਾਰਤ ਆਲਮੀ ਪੱਧਰ ’ਤੇ ਜ਼ਿੰਮੇਵਾਰ ਵਿਕਾਸਸ਼ੀਲ ਭਾਈਵਾਲ ਵਜੋਂ ਜਾਣਿਆ ਜਾਂਦਾ ਹੈ। ਸਰਬੀਆ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵਾਂ ਬੁਨਿਆਦੀ ਢਾਂਚਾ ਪੂਰੇ ਭਾਰਤ ਵਿੱਚ ਸ਼ਾਨਦਾਰ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਦੇਸ਼ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੀ ਉਮੀਦ ਹੈ।

ਰਾਸ਼ਟਰਪਤੀ ਨੇ ਕਿਹਾ,‘ਭਾਰਤ ਤਰੱਕੀ ਦੀ ਰਾਹ ’ਤੇ ਚੱਲ ਰਿਹਾ ਹੈ। ਵਿਸ਼ਵ ਭਰ ਵਿੱਚੋਂ ਭਾਰਤ ਦਾ ਅਰਥਚਾਰਾ ਤੇਜ਼ੀ ਨਾਲ ਵਧ ਫੁੱਲ ਰਿਹਾ ਹੈ। ਦੇਸ਼ ਦੀ ਜੀਡੀਪੀ 3.5 ਖਰਬ ਡਾਲਰ ’ਤੇ ਪੁੱਜ ਗਈ ਹੈ, ਅਸੀਂ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ’ਤੇ ਹਨ। ਇਸ ਸ਼ਤਾਬਦੀ ਦੇ ਅਖੀਰ ਤੱਕ ਅਸੀਂ ਇਹ ਟੀਚਾ ਹਾਸਲ ਕਰ ਲਵਾਂਗੇ। ਭਾਰਤ ਵਿਕਸਿਤ ਰਾਸ਼ਟਰ ਬਣਨ ਦੀ ਆਪਣੀ ਇੱਛਾ ਨੂੰ 2047 ਤੱਕ ਪੂਰੀ ਕਰ ਲਵੇਗਾ।’

ਇੱਥੇ ਪੁੱਜਣ ਤੋਂ ਬਾਅਦ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ,‘ਅਸੀਂ ਵਿਕਾਸ, ਬੁਨਿਆਦੀ ਢਾਂਚੇ, ਡਿਜੀਟਲ, ਗਰੀਨ ਐਨਰਜੀ ਤੇ ਸਮਾਜਿਕ ਤਬਦੀਲੀ ਦੇ ਪੜਾਅ ਵਿੱਚੋਂ ਲੰਘ ਰਹੇ ਹਾਂ।’ ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਭਾਰਤ ਜ਼ਿੰਮੇਵਾਰ ਵਿਕਾਸਸ਼ੀਲ ਭਾਈਵਾਲ ਤੇ ਦੱਖਣੀ ਖੇਤਰ ਦੀ ਆਵਾਜ਼ ਮੰਨਿਆ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਨੇ ਜਲਵਾਯੂ ਤਬਦੀਲੀ ਨੂੰ ਸਿੱਝਣ, ਅਤਿਵਾਦ ਨੂੰ ਠੱਲ੍ਹਣ, ਤਾਲਮੇਲ, ਸਮੁੰਦਰੀ ਸੁਰੱਖਿਆ ਤੇ ਖੁਰਾਕ ਸੁਰੱਖਿਆ ’ਚ ਮੋਹਰੀ ਭੂਮਿਕਾ ਨਿਭਾਈ ਹੈ। ਇਨ੍ਹਾਂ ਪੱਖਾਂ ਤੋਂ ਸਿੱਧ ਹੁੰਦਾ ਹੈ ਕਿ ਭਾਰਤ ਮੋਹਰੀ ਹੋ ਕੇ ਸੱਤਾ ਦੀ ਅਗਵਾਈ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਸੱਭਿਅਤਾ ‘ਵਾਸੂਧੈਵ ਕੁਟੁੰਬਕਮ’ ਵਿੱਚ ਵਿਸ਼ਵਾਸ ਕਰਦੀ ਹੈ, ਜਿਸ ਦਾ ਭਾਵ ਹੈ ਕਿ ਸੰਸਾਰ ਇਕ ਪਰਿਵਾਰ ਹੈ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਭਾਰਤ ਦਾ ਲਿੰਗ ਅਨੁਪਾਤ ਔਰਤਾਂ ਦੇ ਹੱਕ ਵਿੱਚ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article27 ਸਾਲਾਂ ਬਾਅਦ ਵਿਸ਼ਵ ਸੁੰਦਰੀ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ ਭਾਰਤ
Next articlePresident Murmu holds talks with Serbian counterpart Vucic