ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਏਜੰਸੀਆਂ ਵੱਲੋਂ ਮਾਰੇ ਜਾਂਦੇ ਛਾਪੇ ਵਿਰੋਧੀ ਧਿਰਾਂ ਦੇ ਇਕਜੁੱਟ ਹੋਣ ਦਾ ਜ਼ਰੀਆ ਬਣ ਗਏ ਜਾਪਦੇ ਹਨ। ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਵਿਰੋਧੀ ਧਿਰ ਨੂੰ ਭਾਜਪਾ ਖ਼ਿਲਾਫ਼ ਰਲ ਕੇ ਲੜਨ ਦੀ ਕੀਤੀ ਗਈ ਅਪੀਲ ਦੀ ਹਮਾਇਤ ਕੀਤੀ ਹੈ। ਪਵਾਰ ਤੋਂ ਜਦੋਂ ਮਮਤਾ ਬੈਨਰਜੀ ਵੱਲੋਂ ਗੈਰ-ਭਾਜਪਾ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਲਿਖੀ ਗਈ ਚਿੱਠੀ ਬਾਰੇ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ,‘‘ਅਸੀਂ ਭਲਕੇ ਸੰਸਦ ’ਚ ਇਹ ਮੁੱਦਾ ਉਠਾਵਾਂਗੇ। ਅਸੀਂ ਦੇਖਾਂਗੇ ਕਿ ਸਾਰੇ ਰਲ ਕੇ ਇਸ ਬਾਰੇ ਕੀ ਕੁਝ ਕਰ ਸਕਦੇ ਹਾਂ।’’
ਇਸ ਤੋਂ ਪਹਿਲਾਂ ਨੈਸ਼ਨਲਿਸਟ ਯੂਥ ਕਾਂਗਰਸ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਭਾਜਪਾ ’ਤੇ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਪਾਰਟੀ ਆਗੂਆਂ ਅਨਿਲ ਦੇਸ਼ਮੁਖ ਅਤੇ ਨਵਾਬ ਮਲਿਕ ’ਤੇ ਛਾਪਿਆਂ ਦਾ ਹਵਾਲਾ ਦਿੰਦਿਆਂ ਕਿਹਾ,‘‘ਜੋ ਅੱਜ ਸੱਤਾ ’ਚ ਹਨ, ਉਹ ਸਮਝਦੇ ਹਨ ਕਿ ਜਿਹੜੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਨ, ਉਹ ਦੁਸ਼ਮਣ ਹਨ। ਸੀਬੀਆਈ ਅਤੇ ਈਡੀ ਦੀ ਵਰਤੋਂ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਬਦਲਾਖੋਰੀ ਲਈ ਕੀਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਲੋਕਾਂ ਦੀਆਂ ਇੱਛਾਵਾਂ ਵਿਰੁੱਧ ਜਾਂਦਿਆਂ ਭਾਜਪਾ ਦਾ ਰਾਜ ਚਾਹੁੰਦੇ ਹਨ। ਫਿਲਮ ‘ਦਿ ਕਸ਼ਮੀਰ ਫਾਈਲਜ਼’ ਬਾਰੇ ਐੱਨਸੀਪੀ ਮੁਖੀ ਨੇ ਮੋਦੀ ’ਤੇ ਦੋਸ਼ ਲਾਇਆ ਕਿ ਉਹ ਫਿਲਮ ਦਾ ਪ੍ਰਚਾਰ ਕਰਕੇ ਫਿਰਕੂ ਹਾਲਾਤ ਵਿਗਾੜ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly