ਪੰਜਾਬੀ ਨਿਊਜ਼ ਯੂ ਕੇ-
1 ਜਨਵਰੀ 1934 ਵਾਲੇ ਦਿਨ ਸਿੱਖ ਪੰਥ ਦੇ ਮਕਬੂਲ ਵਿਦਵਾਨ ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ ਪਿਤਾ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਰਾਮ ਕੌਰ ਜੀ ਦੇ ਗ੍ਰਹਿ, ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਹੁਣ ਪਾਕਿਸਤਾਨ) ਵਿੱਖੇ ਹੋਇਆ।
ਗਿਆਨੀ ਸੰਤ ਸਿੰਘ ਮਸਕੀਨ ਦੀ ਛਵੀ ਇਕ ਪ੍ਰਸਿੱਧ ਵਿਆਖਿਆਕਾਰ, ਮਹਾਨ ਕਥਾਵਾਚਕ, ਗੁਰਮਤਿ ਪ੍ਰਚਾਰਕ, ਅਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਵਜੋਂ ਜਾਣੀ ਜਾਂਦੀ ਹੈ।
ਆਪ ਦੀ ਮੁੱਢਲੀ ਵਿੱਦਿਆ ਖਾਲਸਾ ਸਕੂਲ ਲੱਕ ਮਰਵਤ ਪਾਕਿਸਤਾਨ ਵਿੱਖੇ ਹੋਈ। 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਉਸ ਵੇਲੇ ਆਪ ਗੌਰਮਿੰਟ ਹਾਈ ਸਕੂਲ ਵਿੱਚ ਪੜ੍ਹਦੇ ਸੋ। ਦੇਸ਼ ਦੀ ਵੰਡ ਹੋ ਜਾਣ ਕਾਰਨ ਆਪ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ। ਗਿਆਨੀ ਜੀ ਆਪਣੇ ਪ੍ਰੀਵਾਰ ਸਮੇਤ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਵਿਖੇ ਆਣ ਵੱਸੇ।

ਇਥੇ ਆਪ ਜੀ ਦੀ ਦੁਨਿਆਵੀ ਵਿੱਦਿਆ ਤਾਂ ਹੋਰ ਅੱਗੇ ਨਾ ਵੱਧ ਸਕੀ ਪਰ ਅਧਿਆਤਮਕ ਅਤੇ ਆਤਮਿਕ ਵਿੱਦਿਆ ਦੀ ਪ੍ਰਾਪਤੀ ਦੇ ਲਈ ਗਿਆਨੀ ਜੀ, ਬੈਜਨਾਥ ਧਾਮ ਅਤੇ ਕਟਕ ਆਦਿ ਥਾਵਾਂ ਉਤੇ ਸਾਧੂਆਂ ਦੇ ਨਾਲ ਵਿਚਰਦੇ ਰਹੇ।ਇਥੇ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਦੇ ਨਾਲ ਆਪ ਦੀ ਮੁਲਾਕਾਤ ਹੋਈ ਅਤੇ ਉਨ੍ਹਾਂ ਪਾਸੋਂ ਬ੍ਰਹਮ ਵਿੱਦਿਆ ਦੇ ਨਾਂ ਹੇਠ ਸਿੱਖਿਆ ਹਾਸਲ ਕੀਤੀ। ਪਰ ਅਸਲ ਗਿਆਨ ਦੀ ਅਜੇ ਵੀ ਤਲਾਸ਼ ਸੀ ਸੋ ਗੁਰਮਤਿ ਗਿਆਨ ਦੇ ਧਾਰਨੀ ਹੋਣ ਤੋਂ ਪਹਿਲਾਂ, ਤਿਆਗੀ ਜੀਵਨ ਕੀ ਹੈ, ਸੰਜਮੀ ਕੌਣ ਹੈ, ਇਨ੍ਹਾਂ ਪ੍ਰਸ਼ਨਾਂ ਦੇ ਨਾਲ ਆਪ ਨੇ ਨਾਮਬਾਣੀ ਦਾ ਵੀ ਡੂੰਘਾ ਅਧਿਐਨ ਅਤੇ ਪਰਯੋਗਾਤਮਕ ਅਭਿਆਸ ਕੀਤਾ। ਅਤੇ ਸਿੱਖੀ ਦੇ ਪ੍ਰਚਾਰ ਹਿੱਤ ਕਥਾ ਕਰਣੀ ਸ਼ੁਰੂ ਕਰ ਦਿੱਤੀ।
ਆਪ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਵਾਚਕਾਂ ਵਰਗਾ ਨਹੀਂ ਸੀ ਸਗੋਂ ਆਪ ਜੀ ਦਾ ਆਪਣਾ ਹੀ ਇੱਕ ਵਖਰਾ ਢੰਗ ਅਤੇ ਨਿਆਰਾ ਅੰਦਾਜ਼ ਸੀ ਜੋ ਬਿਲਕੁਲ ਹੀ ਨਿਵੇਕਲਾ ਸੀ।
ਬਾਬਾ ਬਲਵੰਤ ਸਿੰਘ ਜੀ ਨੇ ਆਪ ਜੀ ਨੂੰ ‘ਮਸਕੀਨ’ ਤਖੱਲਸ ਦਿੱਤਾ। ਜਿਸਦੇ ਨਾਲ ਆਪ ਅੱਜ ਵੀ ਸਿੱਖ ਪੰਥ ਵਿੱਚ ਜਾਣੇ ਜਾਂਦੇ ਹੋ।
1958 ਵਿੱਚ ਗਿਆਨੀ ਜੀ ਦਾ ਆਨੰਦਕਾਰਜ ਬੀਬੀ ਸੁੰਦਰ ਕੌਰ ਨਾਲ ਹੋਇਆ। ਪਰ ਗ੍ਰਹਿਸਥੀ ਜੀਵਨ ਦੇ ਕਾਰਣ ਆਪ ਨੇ ਆਪਣੀ ਪ੍ਰਚਾਰ ਸਾਧਨਾਂ ਵਿੱਚ ਕੋਈ ਵਿਗਨ ਨਹੀਂ ਪੈਣ ਦਿੱਤਾ। ਭਾਵ ਗ੍ਰਿਸਤੀ ਹੋ ਕੇ ਪ੍ਰਚਾਰ ਦਾ ਕੰਮ ਵੀ ਨਾਲੋ ਨਾਲ ਜਾਰੀ ਰੱਖਿਆ। 1960 ਵਿੱਚ ਆਪ ਨੇ ਅਲਵਰ ਵਿਖੇ ਵਡੇ ਪੈਮਾਨੇ ਉਪਰ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ। ਅਲਵਰ ਵਿੱਚ ਹੀ, ਗਿਆਨੀ ਜੀ ਦੀ ਦੇਖ-ਰੇਖ ਹੇਠ ਗੁਰੂ ਨਾਨਕ ਪਬਲਿਕ ਸਕੂਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ੁਰੂ ਕੀਤੇ ਗਏ ਸਨ।
ਮਸਕੀਨ ਜੀ ਨੇ ਆਪਣੇ ਜੀਵਨ ਕਾਲ ਦੇ 50 ਵਰ੍ਹੇ, ਦੇਸ਼ਾਂ-ਵਿਦੇਸ਼ਾਂ ਵਿੱਚ ਘੁੰਮ ਕੇ ਗੁਰਮਤਿ ਦਾ ਪ੍ਰਚਾਰ ਕੀਤਾ।
ਮਸਕੀਨ ਜੀ ਨੇ ਜਿੱਥੇ ਚੰਗੇ ਕਥਾਵਾਚਕ ਹੋਣ ਪੱਖੋਂ ਆਪਣੀ ਪਹਿਚਾਣ ਬਣਾਈ ਉਥੇ ਆਪ ਨੇ ਆਪਣੀ ਕਲਮ ਰਾਹੀਂ ਵੀ ਸਾਹਿਤ ਦੀ ਸੇਵਾ ਨਿਭਾਈ। ਆਪ ਨੇ ਜਪੁ ਨੀਸਾਣ, ਗੁਰਮੱਤ ਚਿੰਤਨ, ਗੁਰੂ ਜੋਤੀ, ਬ੍ਰਹਮ ਗਿਆਨ, ਤੀਜਾ ਨੇਤਰ, ਪੰਜ ਤੱਤ, ਧਰਮ ਅਤੇ ਮਨੁੱਖ, ਆਦਿ ਪੁਸਤਕਾਂ ਸਿੱਖ ਪੰਥ ਦੀ ਝੋਲੀ ਪਾਈਆਂ।
20 ਮਾਰਚ 2005 ਵਾਲੇ ਦਿਨ ਸ੍ਰੀ ਅਕਾਲ ਤਖ਼ਤ ਤੋਂ ਮਸਕੀਨ ਜੀ ਨੂੰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ, ‘ਗੁਰਮਤਿ ਵਿੱਦਿਆ ਮਾਰਤੰਡ’ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਹੁਣਾਂ ਵੱਲੋਂ, ਮਸਕੀਨ ਜੀ ਦੀ ਧਰਮ ਸੁਪਤਨੀ ਬੀਬੀ ਸੁੰਦਰ ਕੌਰ ਨੇ ਹਾਸਲ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਨੂੰ ‘ਭਾਈ ਗੁਰਦਾਸ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ।
18 ਫਰਵਰੀ, 2005 ਈ. ਵਾਲੇ ਦਿਨ ਸ਼ੁੱਕਰਵਾਰ ਵਾਲਾ ਦਿਨ ਸੀ ਅਤੇ ਇਟਾਵਾ, ਉੱਤਰ ਪ੍ਰਦੇਸ਼, ਵਿਖੇ ਆਪ ਪ੍ਰਚਾਰ ਦੌਰ ਉਪਰ ਗਏ ਹੋਏ ਸਨ। 17 ਫਰਵਰੀ, 2005 ਦੀ ਰਾਤ ਆਪ ਨੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਤੀ ਅਤੇ ਅਗਲੇ ਦਿਨ ਦਿਲ ਦੀ ਗਤੀ ਰੁਕ ਜਾਣ ਕਾਰਣ 71 ਸਾਲ ਦੀ ਉਮਰ ਭੋਗ ਕੇ, ਪੰਥ ਦੇ ਵਿਦਵਾਨ, ਕਥਾਵਾਚਕ, ਗਿਆਨੀ ਸੰਤ ਸਿੰਘ ਜੀ ਮਸਕੀਨ, ਗੁਰੂ ਚਰਨਾਂ ਵਿੱਚ ਜਾ ਬਿਰਾਜੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly